ਨੰਦ ਸਿੰਘ ਮਹਿਤਾ
60ਵਿਆਂ ਦੇ ਅਖੀਰ ਅਤੇ 70ਰਵਿਆਂ ਦੇ ਸ਼ੁਰੂ ਵਿਚ ਕਾਲਜ ਪੜ੍ਹਦਿਆਂ ਸਮਝ ਆਉਣ ਲੱਗੀ ਕਿ ਸਮਾਜ ਅੰਦਰ ਨਾ-ਬਰਾਬਰੀ, ਅਨਿਆਂ, ਬੇਇਨਸਾਫ਼ੀ ਅਤੇ ਲੁੱਟ-ਖਸੁਟ ਦਾ ਬੋਲਬਾਲਾ ਹੈ; ਤੇ ਇਹ ਸਭ ਇਸ ਲਈ ਹੈ ਕਿਉਂਕਿ ਮੁਲਕ ਦੀ ਸੱਤਾ ’ਤੇ ਪੂੰਜੀਪਤੀਆਂ ਦਾ ਕਬਜ਼ਾ ਹੈ ਜੋ ਸਾਰੇ ਪੈਦਾਵਾਰੀ ਸਾਧਨਾਂ ਦੇ ਮਾਲਕ ਬਣੇ ਬੈਠੇ ਹਨ। ਉਹ ਮਿਹਨਤਕਸ਼ਾਂ ਦੀ ਲੁੱਟ ਕਰਦੇ ਹਨ। ਸਰਕਾਰ ਕਾਨੂੰਨ ਵੀ ਉਨ੍ਹਾਂ ਪੂੰਜੀਪਤੀਆਂ ਦੇ ਅਨੁਸਾਰ ਹੀ ਬਣਾਉਂਦੀ ਹੈ। ਅਸੀਂ ਸੋਚਣ ਲੱਗੇ, ਮੁਲਕ ਵਿਚ ਅਜਿਹਾ ਨਵਾਂ ਨਰੋਆ ਸਮਾਜ ਸਿਰਜਿਆ ਜਾਵੇ ਜਿੱਥੇ ਕਿਸੇ ਦੀ ਲੁੱਟ-ਖਸੁੱਟ ਨਾ ਹੋਵੇ; ਜਿੱਥੇ ਊਚ-ਨੀਚ, ਗਰੀਬ-ਅਮੀਰ ਨਾ ਹੋਣ ਤੇ ਭੇਦਭਾਵ ਵੀ ਨਾ ਹੋਵੇ; ਕੋਈ ਵੱਡਾ ਛੋਟਾ ਨਾ ਹੋਵੇ, ਸਭ ਨਾਲ ਇੱਕੋ ਜਿਹਾ ਨਿਆਂ ਹੋਵੇ।
ਇਸ ਲਈ ਵੱਡੀ ਤਬਦੀਲੀ ਦੀ ਲੋੜ ਸੀ ਜਿਹੜੀ ਨਵੇਂ ਨਰੋਏ ਸਮਾਜ ਦੀ ਸਿਰਜਣਾ ਕਰ ਸਕੇ ਪਰ ਇਸ ਵਾਸਤੇ ਤਾਂ ਇਨਕਲਾਬ ਦੀ ਲੋੜ ਸੀ; ਤੇ ਅਸੀਂ ਇਨਕਲਾਬ ਲਿਆਉਣ ਤੁਰ ਪਏ। ਇਨਕਲਾਬ ਲਈ ਲੋਕਾਂ ਨੂੰ ਨਾਲ ਤੋਰਨਾ ਜ਼ਰੂਰੀ ਸੀ। ਲੋਕਾਂ ਨੂੰ ਸੱਤਾ ਸਥਾਪਤੀ ਵਿਰੁੱਧ ਜਗਾਉਣ ਅਤੇ ਉਨ੍ਹਾਂ ਅੰਦਰ ਰੋਹ ਭਰਨ ਲਈ ਅਸੀਂ ਸੱਤਾ ਤੇ ਕਾਬਜ਼ ਪੂੰਜੀਪਤੀਆਂ ਤੇ ਉਨ੍ਹਾਂ ਦੀ ਬਣਾਈ ਸਰਕਾਰ ਖ਼ਿਲਾਫ਼ ਦਿਨੇ ਪੋਸਟਰ ਤਿਆਰ ਕਰਦੇ, ਰਾਤਾਂ ਨੂੰ ਗੁਪਤ ਜਿਹੇ ਛਾਪੇਖਾਨਿਆਂ ਤੋਂ ਛਪਵਾਉਂਦੇ ਅਤੇ ਰਾਤੋ-ਰਾਤ ਕੰਧਾਂ ਤੇ ਲਾਉਂਦੇ। ਕੰਧਾਂ ਤੇ ਇਨਕਲਾਬੀ ਨਾਅਰੇ ਵੀ ਲਿਖਦੇ। ਆਟੇ ਵਾਲੀ ਲੇਵੀ ਨਾਲ ਕੱਪੜੇ ਲਬਿੜ ਜਾਂਦੇ, ਰੰਗਾਂ ਨਾਲ ਰੰਗੇ ਜਾਂਦੇ ਪਰ ਉਦੋਂ ਇਸ ਦੀ ਪਰਵਾਹ ਕੌਣ ਕਰਦਾ ਸੀ?
“ਵੇ ਭਾਈ ਤੁਸੀਂ ਕੀ ਕਰਦੇ ਫਿਰਦੇ ਓਂ, ਦਿਨ ਰਾਤ ਭਕਾਈ ਜਿਹੀ ਕਰਦੇ ਰਹਿਨੇ ਓਂ। … ਮੈਨੂੰ ਤਾਂ ਥੋਡੀ ਕੋਈ ਸਮਝ ਨ੍ਹੀਂ ਆਉਂਦੀ…?” ਇੱਕ ਘਰੇ ਇਕੱਠੇ ਬੈਠਿਆਂ ਨੂੰ ਸਾਡੀ ਇੱਕ ਮਾਂ ਨੇ ਪੁੱਛ ਲਿਆ।
“ਮਾਂ ਅਸੀਂ ਇਨਕਲਾਬ ਲਿਆ ਰਹੇ ਆਂ…।” ਸਾਡੇ ਵਿਚੋਂ ਇੱਕ ਨੇ ਜਵਾਬ ਦਿੱਤਾ।
“ਤੇ ਫਿਰ ਐਨੀ ਭਕਾਈ ਕਰਨ ਦੀ ਕੀ ਲੋੜ ਐ। ਜਦੋਂ ਥੋਡਾ ਇਹ ਇਨਕਲਾਬ ਆਪਣੇ ਬਾਰਾਂ ਮੂਰ੍ਹਦੀ ਨ੍ਹੰਗਿਆ, ਉਦੋਂ ਤੁਸੀਂ ਨਾਲ ਰਲ ਜਿਓ…!” ਮਾਂ ਦੇ ਬੋਲ ਬੜੇ ਸੰਜੀਦਾ ਸਨ। ਅਸੀਂ ਹੱਸ ਪਏ ਸਾਂ।
ਫਿਰ ਅਸੀਂ ਸਭ ਸੰਜੀਦਾ ਹੋ ਕੇ ਇਨਕਲਾਬੀ ਸਾਹਿਤ ਪੜ੍ਹਨ ਲੱਗੇ। ਸਟੇਟ ਤੇ ਸੱਤਾ ਦਾ ਵਿਸ਼ਲੇਸ਼ਣ ਅਤੇ ਜਮਾਤੀ ਵਿਰੋਧਤਾਈਆਂ ਦੀ ਪੁਣ-ਛਾਣ ਕਰਨ ਲੱਗੇ ਤਾਂ ਬਹੁਤ ਸਾਰੇ ਨਵੇਂ ਸ਼ਬਦ ਸਾਹਮਣੇ ਆਉਣ ਲੱਗੇ। ਜਗੀਰੂ, ਅਰਧ-ਜਗੀਰੂ, ਬਸਤੀਵਾਦ, ਅਰਧ-ਬਸਤੀਵਾਦ, ਸਰਮਾਏਦਾਰੀ, ਦਲਾਲ ਸਰਮਾਏਦਾਰੀ, ਸਾਮਰਾਜਵਾਦ, ਸਮਾਜਵਾਦ, ਜਮਹੂਰੀ ਇਨਕਲਾਬ, ਨਵ-ਜਮਹੂਰੀ ਇਨਕਲਾਬ, ਨਵ-ਖੇਤੀ ਇਨਕਲਾਬ, ਮਾਰਕਸਵਾਦ, ਲੈਨਿਨਵਾਦ, ਸੋਧਵਾਦ, ਨਵ-ਸੋਧਵਾਦ ਵਰਗੇ ਅਨੇਕਾਂ ਸ਼ਬਦ ਤਾਂ ਸਾਡੀਆਂ ਫਜਿ਼ਕਸਾਂ ਕੈਮਿਸਟਰੀਆਂ ਤੋਂ ਵੀ ਔਖੇ ਸਨ।
ਜਮਾਤੀ ਸਮਾਜ ਅੰਦਰਲੀਆਂ ਵਿਰੋਧਤਾਈਆਂ ਦਾ ਵਿਸ਼ਾ ਵੀ ਸਾਡੇ ਲਈ ਨਵਾਂ ਸੀ। ਉਸ ਵਿਚੋਂ ਮੁੱਖ ਵਿਰੋਧਤਾਈ ਲੱਭਣੀ ਹੋਰ ਵੀ ਮੁਸ਼ਕਿਲ ਲੱਗਦੀ ਸੀ। ਕਿਸਾਨਾਂ-ਮਜ਼ਦੂਰਾਂ ਦੀ ਵਿਰੋਧਤਾਈ, ਜਗੀਰਦਾਰਾਂ-ਮੁਜਾਰਿਆਂ ਦੀ ਵਿਰੋਧਤਾਈ, ਹੁਕਮਰਾਨਾਂ-ਆਮ ਲੋਕਾਂ ਦੀ ਵਿਰੋਧਤਾਈ, ਸਨਅਤਕਾਰਾਂ-ਮਜ਼ਦੂਰਾਂ ਦੀ ਵਿਰੋਧਤਾਈ, ਆੜ੍ਹਤੀਆਂ-ਕਿਸਾਨਾਂ ਦੀ ਵਿਰੋਧਤਾਈ ਵਰਗੀਆਂ ਅਨੇਕਾਂ ਹੀ ਵਿਰੋਧਤਾਈਆਂ ਦਾ ਵਾਹ ਇਨਕਲਾਬੀ ਸਾਹਿਤ ਪੜ੍ਹਦਿਆਂ ਅਤੇ ਆਪਸੀ ਵਿਚਾਰ-ਵਟਾਂਦਰਾ ਕਰਦਿਆਂ ਪੈ ਰਿਹਾ ਸੀ। ਸਮਾਜ ਦੇ ਵੱਖ ਵੱਖ ਤਬਕੇ, ਉਨ੍ਹਾਂ ਦੀਆਂ ਸਮੱਸਿਆਵਾਂ ਵਰਗੇ ਅਨੇਕਾਂ ਹੀ ਵਿਸ਼ੇ ਸਨ ਜਿਨ੍ਹਾਂ ਤੇ ਅਸੀਂ ਚਰਚਾ ਕਰਦੇ ਰਹਿੰਦੇ। ਜਨਤਾ ਨੂੰ ਇਨਕਲਾਬੀ ਗਤੀਵਿਧੀਆਂ ਨਾਲ ਕਿਵੇਂ ਜੋੜਿਆ ਜਾਵੇ, ਕਿੱਥੋਂ ਸ਼ੁਰੂ ਕਰੀਏ ਤਾ ਕਿ ਲੋਕ ਸਾਡੇ ਨਾਲ ਤੁਰਨ ਲੱਗ ਜਾਣ। ‘ਲੋਕਾਂ ਦੇ ਕਿਹੜੇ ਮਸਲੇ ਲਏ ਜਾਣ’ ਵਰਗੇ ਅਨੇਕਾਂ ਵਿਸ਼ਿਆਂ ’ਤੇ ਵਿਚਾਰ-ਵਟਾਂਦਰੇ ਚੱਲਦੇ। ਅਖੀਰ ਸਾਡੇ ਰਹਬਿਰ ਨੇ ਕਿਹਾ: “ਸਾਥੀਓ, ਤੈਰਨਾ ਤਾਂ ਪਾਣੀ ਅੰਦਰ ਵੜ ਕੇ ਹੀ ਸਿੱਖਿਆ ਜਾਊਗਾ, ਸੋ ਕੁੱਦ ਪਓ ਪਾਣੀ ਵਿਚ…।”
… ਲਓ ਜੀ ਅਸੀਂ ਕੁੱਦ ਪਏ, ਭਾਵ ਪਿੰਡਾਂ ਨੂੰ ਤੁਰ ਪਏ। ਪਹਿਲਾਂ ਅਸੀਂ ਵਿਦਿਆਰਥੀ ਯੂਨੀਅਨਾਂ, ਨੌਜਵਾਨ ਸਭਾਵਾਂ, ਸਾਹਿਤ ਸਭਾਵਾਂ, ਪਿੰਡ ਸੁਧਾਰ ਸਭਾਵਾਂ ਵਰਗੀਆਂ ਜਥੇਬੰਦੀਆਂ ਬਣਾਈਆਂ। ਲੋਕਾਂ ਨੇ ਖੂਬ ਹੁੰਗਾਰਾ ਦਿੱਤਾ। ਛੇਤੀ ਹੀ ਅਸੀਂ ਵਾਹੀਕਾਰ ਯੂਨੀਅਨ ਬਣਾ ਲਈ। ਪਿੰਡਾਂ ਵਿਚ ਸੱਭਿਆਚਾਰਕ ਪ੍ਰੋਗਰਾਮਾਂ ’ਚ ਅਸੀਂ ਆਪਣੀ ਸੁਰ ਕੁਝ ਉੱਚੀ ਹੀ ਰੱਖਦੇ ਰਹੇ। ਸਾਡੇ ਦਿਮਾਗ਼ ਅੰਦਰ ਖਾੜਕੂਪੁਣਾ ਭਰਿਆ ਹੋਇਆ ਸੀ। ਕੁਝ ਕੁ ਮੁਜ਼ਾਹਰੇ ਕਰਨ ਤੋਂ ਬਾਅਦ ਅਤੇ ਲੋਕਾਂ ਦੀ ਸ਼ਮੂਲੀਅਤ ਤੋਂ ਪ੍ਰਭਾਵਿਤ ਹੋ ਕੇ ਅਸੀਂ ਆਪਣੇ ਮੁਜ਼ਾਹਰਿਆਂ ਵਿਚ ਪੁਲੀਸ ਨਾਲ ਝੜਪਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਨਾਲ ਹੀ ਸਟੇਟ ਦਾ ਜਬਰ ਸ਼ੁਰੂ ਹੋ ਗਿਆ। ਬਹੁਤ ਨੁਕਸਾਨ ਹੋਇਆ। ਰਹਿੰਦੀ ਕਸਰ ਐਮਰਜੈਂਸੀ ਨੇ ਪੂਰੀ ਕਰ ਦਿੱਤੀ। ਸਾਡੇ ਵਿਚੋਂ ਬਹੁਤਿਆਂ ਨੂੰ ਲੰਮੇ ਸਮੇਂ ਲਈ ਜੇਲ੍ਹਾਂ ਅੰਦਰ ਸੁੱਟ ਦਿੱਤਾ ਪਰ ਇਨਕਲਾਬੀਆਂ ਨੇ ਸਿਦਕ ਅਤੇ ਸਿਰੜ ਨਾਲ ਸਫ਼ਰ ਜਾਰੀ ਰੱਖਿਆ।
ਹੁਕਮਰਾਨ ਜਮਾਤਾਂ ਨੇ ਲੋਕਾਂ ਦੀ ਲੁੱਟ ਕਰਕੇ ਆਪਣੀਆਂ ਜਾਇਦਾਦਾਂ ਵਧਾਉਣ ਦੇ ਸਭ ਹੱਦ-ਬੰਨੇ ਤੋੜ ਦਿੱਤੇ। ਲੋਕਾਂ ’ਤੇ ਜਬਰ ਦਾ ਸਿਕੰਜਾ ਜਾਰੀ ਰੱਖਿਆ। ਪੂੰਜੀਪਤੀ ਸੰਸਾਰ ਪੱਧਰ ’ਤੇ ਵੀ ਜਥੇਬੰਦ ਹੋ ਗਏ। ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ) ਵਰਗੀਆਂ ਸੰਸਥਾਵਾਂ ਬਣਾ ਲਈਆਂ। ਆਪ ਉਹ ਕਾਰਪੋਰੇਟ ਬਣ ਗਏ। ਸਰਕਾਰਾਂ ਆਪਣੇ ਕੰਟਰੋਲ ਵਿਚ ਕਰਕੇ ਉਹ ਅਜਿਹੇ ਕਾਨੂੰਨ ਬਣਵਾਉਣ ਲੱਗੇ ਜਿਹੜੇ ਆਮ ਲੋਕਾਂ ਦੇ ਖਿ਼ਲਾਫ਼ ਭੁਗਤਦੇ ਸਨ। ਸਭ ਪਾਸੇ ਹਾਹਾਕਾਰ ਮੱਚ ਗਈ।
ਉੱਧਰ ਇਨਕਲਾਬੀ ਵੀ ਲੋਕਾਂ ਅੰਦਰ ਜੜ੍ਹਾਂ ਲਾ ਚੁੱਕੇ ਸਨ। ਉਨ੍ਹਾਂ ਲੋਕਾਂ ਤੋਂ ਇਨਕਲਾਬੀ ਝੰਡੇ ਚੁਕਵਾ ਲਏ। ਕਿਸਾਨ ਜਥੇਬੰਦੀਆਂ ਨੇ ਹੁਕਮਰਾਨਾਂ ਦਾ ਅੱਗਾ ਰੋਕ ਲਿਆ। ਹੁਕਮਰਾਨਾਂ ਦੇ ਬਣਾਏ ਖੇਤੀ ਕਾਨੂੰਨਾਂ ਵਾਪਸ ਕਰਵਾਉਣ ਲਈ ਅੰਦੋਲਨ ਸ਼ੁਰੂ ਕਰ ਦਿੱਤਾ। ਪੰਜਾਬ ਤੋਂ ਸ਼ੁਰੂ ਹੋਏ ਅੰਦੋਲਨ ਨੇ ਹਰਿਆਣੇ ਦੇ ਕਿਸਾਨਾਂ ਨੂੰ ਨਾਲ ਲੈ ਕੇ ਹੁਕਮਰਾਨਾਂ ਦੀਆਂ ਸਭ ਰੋਕਾਂ ਨੂੰ ਤੋੜ ਕੇ ਦਿੱਲੀ ਦੀਆਂ ਬਰੂਹਾਂ ’ਤੇ ਜਾ ਝੰਡੇ ਗੱਡੇ, ਤੇ ਹੁਣ ਇਹ ਅੰਦੋਲਨ ਸਾਰੇ ਮੁਲਕ ਵਿਚ ਫੈਲ ਗਿਆ ਹੈ। ਇਸ ਲੋਕ-ਅੰਦੋਲਨ ਨੂੰ ਹੁਣ ਸੰਸਾਰਵਿਆਪੀ ਹਮਾਇਤ ਤੇ ਮਦਦ ਮਿਲ ਰਹੀ ਹੈ। ਸਾਰੇ ਤਬਕੇ ਇਸ ਅੰਦੋਲਨ ਵਿਚ ਸ਼ਾਮਲ ਹਨ। ਧਰਨੇ ਮੁਜ਼ਾਹਰੇ ਤਾਂ ਆਮ ਗੱਲ ਹੈ। ਕਿਸਾਨਾਂ-ਮਜ਼ਦੂਰਾਂ ਨੇ ਮੁਲਕ ਦੀ ਸੰਸਦ ਦੇ ਬਰਾਬਰ ਸੰਸਦ ਚਲਾ ਕੇ ਅਤੇ ਕਿਸਾਨਾਂ-ਮਜ਼ਦੂਰਾਂ ਦੀ ਕੌਮੀ ਕਾਨਫਰੰਸ ਕਰਕੇ ਇਤਿਹਾਸ ਰਚ ਦਿੱਤਾ ਹੈ। ਹੁਣ ਕਿਸਾਨ-ਮਜ਼ਦੂਰ ਸੱਤਾ ’ਤੇ ਕਾਬਜ਼ ਪੂੰਜੀਪਤੀਆਂ ਸਾਹਮਣੇ ਤਕੜੀ ਧਿਰ ਬਣ ਕੇ ਖੜ੍ਹੇ ਹਨ।
ਟੌਲ ਪਲਾਜ਼ੇ, ਵੱਡੇ ਵੱਡੇ ਮਾਲਜ਼, ਸਾਇਲੋ ਅਤੇ ਖੁਸ਼ਕ ਬੰਦਰਗਾਹਾਂ ਵਰਗੇ ਪੂੰਜੀਪਤੀਆਂ ਦੀ ਲੁੱਟ ਦੇ ਅੱਡੇ ਬੰਦ ਹੋ ਗਏ ਹਨ। ਇਨ੍ਹਾਂ ਥਾਵਾਂ ’ਤੇ ਕਿਸਾਨਾਂ-ਮਜ਼ਦੂਰਾਂ ਦੇ ਧਰਨੇ ਚੱਲ ਰਹੇ ਹਨ। ਲੋਕਾਂ ਦੇ ਸੱਭਿਆਚਾਰਕ ਇਕੱਠਾਂ ਵਿਚ ਵੀ ਕਿਸਾਨ-ਮਜ਼ਦੂਰ ਏਕਤਾ ਦੇ ਨਾਅਰੇ ਲੱਗ ਰਹੇ ਹਨ। ਕੇਂਦਰੀ ਸੱਤਾ ’ਤੇ ਕਾਬਜ਼ ਪਾਰਟੀ ਦੇ ਲੀਡਰਾਂ ਨੂੰ ਘਰਾਂ ਵਿਚੋਂ ਨਿਕਲ ਕੇ ਕੋਈ ਵੀ ਪ੍ਰੋਗਰਾਮ ਲੋਕ ਕਰਨ ਨਹੀਂ ਦੇ ਰਹੇ। ਇਕ ਤਰ੍ਹਾਂ ਦਾ ਸ਼ਾਂਤਮਈ ਲੋਕ ਯੁੱਧ ਚੱਲ ਰਿਹਾ ਹੈ। ਇਹੀ ਤਾਂ ਇਨਕਲਾਬ ਦੀ ਸ਼ੁਰੂਆਤ ਹੈ ਜਿਸ ਨੂੰ ਅਸੀਂ ਲਿਆਉਣ ਤੁਰੇ ਸੀ!
ਜੇ ਅੱਜ ਉਹ ਮਾਂ ਜਿਊਂਦੀ ਹੁੰਦੀ ਤਾਂ ਉਹਨੂੰ ਕਹਿੰਦੇ, “ਮਾਂ, ਦੇਖ ਇਨਕਲਾਬ ਆਪਣੇ ਬਾਰਾਂ ਮੂਰ੍ਹਦੀ ਲੰਘੀ ਜਾਂਦੈ…।”ਉਸ ਨੇ ਵੀ ਜ਼ਰੂਰ ਕਹਿਣਾ ਸੀ: “ਰਲ ਜੋ ਪੁੱਤ ਛੇਤੀ ਛੇਤੀ ਸਾਰੇ ਨਾਲ…।” ਹੁਣ ਜਿਊਂਦੀਆਂ ਮਾਵਾਂ ਵੀ ਤਾਂ ਆਪਣੇ ਪੁੱਤਰਾਂ ਨੂੰ ਚਾਈਂ ਚਾਈਂ ਇਸ ਇਨਕਲਾਬ ਨਾਲ ਰਲਾ ਰਹੀਆਂ ਹਨ।
ਸੰਪਰਕ: 94170-35744