ਗੁਰਪ੍ਰੀਤ ਸਿੰਘ ਤਲਵੰਡੀ
19ਵੀਂ ਸਦੀ ਵਿਚ ਜਦ ਅੰਗਰੇਜ਼ ਹਕੂਮਤ ਦੌਰਾਨ ਸਿੱਖੀ ਦੇ ਪ੍ਰਚਾਰ ਕੇਂਦਰ ਗੁਰਦੁਆਰਿਆਂ ਉੱਪਰ ਮਹੰਤਾਂ ਦੇ ਕਬਜ਼ੇ ਹੋ ਚੁੱਕੇ ਸਨ, ਗੁਰਦੁਆਰਿਆਂ ਨੂੰ ਸ਼ਖ਼ਸੀ ਪੂਜਾ ਤੇ ਵਿਭਚਾਰ ਦੇ ਅੱਡੇ ਬਣਾ ਦਿੱਤਾ ਗਿਆ ਸੀ, ਉਦੋਂ ਸੀਮਤ ਸਾਧਨਾਂ ਨਾਲ ਸਿੱਖੀ ਨੂੰ ਬਚਾਉਣ ਲਈ ਅੱਗੇ ਆਉਣ ਵਾਲੀਆਂ ਸ਼ਖ਼ਸੀਅਤਾਂ ਵਿਚ ਗਿਆਨੀ ਦਿੱਤ ਸਿੰਘ ਦਾ ਨਾਮ ਮੂਹਰਲੀ ਕਤਾਰ ਵਿਚ ਆਉਂਦਾ ਹੈ।
ਗਿਆਨੀ ਦਿੱਤ ਸਿੰਘ ਦਾ ਜਨਮ 21 ਅਪਰੈਲ 1850 ਨੂੰ ਪਿੰਡ ਨੰਦਪੁਰ ਕਲੌੜ (ਹੁਣ ਜਿ਼ਲ੍ਹਾ ਫਤਹਿਗੜ੍ਹ ਸਾਹਿਬ) ਵਿਚ ਆਪਣੇ ਨਾਨਕੇ ਘਰ ਹੋਇਆ। ਉਨ੍ਹਾਂ ਦੇ ਪਿਤਾ ਦੀਵਾਨ ਸਿੰਘ ਇਤਿਹਾਸਕ ਕਸਬੇ ਚਮਕੌਰ ਸਾਹਿਬ ਨੇੜਲੇ ਪਿੰਡ ਝੱਲੀਆਂ ਕਲਾਂ ਦੇ ਵਸਨੀਕ ਸਨ। ਕਿਸੇ ਕਾਰਨ ਦੀਵਾਨ ਸਿੰਘ ਆਪਣੇ ਸਹੁਰੇ ਪਿੰਡ ਨੰਦਪੁਰ ਕਲੌੜ ਜਾ ਵਸੇ। ਘਰ ਵਿਚ ਅਤਿ ਗਰੀਬੀ ਹੋਣ ਕਾਰਨ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਗੁਲਾਬਦਾਸੀਆਂ ਦੇ ਡੇਰੇ ਪੜ੍ਹਨ ਲਈ ਤੋਰ ਦਿੱਤਾ। ਕੁਝ ਸਮਾਂ ਉਹ ਆਰੀਆ ਸਮਾਜ ਵਿਚ ਵੀ ਰਹੇ ਕਿਉਂਕਿ ਆਰੀਆ ਸਮਾਜੀਆਂ ਦੇ ਉਦੇਸ਼ ਸਿੱਖ ਧਰਮ ਨਾਲ ਮੇਲ ਖਾਂਦੇ ਸਨ ਅਤੇ ਬਹੁਗਿਣਤੀ ਲੋਕ ਆਰੀਆ ਸਮਾਜ ਵਿਚ ਸ਼ਾਮਿਲ ਹੋਣ ਲੱਗ ਪਏ ਸਨ। ਦੂਸਰੇ ਪਾਸੇ ਸਿੱਖੀ ਦੇ ਪ੍ਰਚਾਰ ਦੀ ਘਾਟ ਹੋਣ ਕਾਰਨ ਜਿ਼ਆਦਾਤਰ ਸਿੱਖ ਪਰਿਵਾਰਾਂ ਨੇ ਈਸਾਈ ਧਰਮ ਕਬੂਲ ਕਰ ਲਿਆ। ਇਸ ਧਰਮ ਪਰਿਵਰਤਨ ਨੂੰ ਗੰਭੀਰਤਾ ਨਾਲ ਲੈਂਦਿਆਂ ਕੁਝ ਸਿੱਖ ਵਿਦਵਾਨਾਂ ਨੇ ਸਿੰਘ ਸਭਾ ਲਹਿਰ ਦਾ ਆਰੰਭ ਕੀਤਾ। ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁਖ ਸਿੰਘ ਅਤੇ ਠਾਕੁਰ ਸਿੰਘ ਸੰਧਾਵਾਲੀਆ ਸਿੰਘ ਸਭਾ ਲਹਿਰ ਦੇ ਮੁੱਖ ਬਾਨੀ ਸਨ। ਇਸ ਲਹਿਰ ਦਾ ਉਦੇਸ਼ ਸਿਆਸੀ ਸਰਗਰਮੀਆਂ ਤੋਂ ਦੂਰ ਰਹਿ ਕੇ ਸਿੱਖੀ ਨੂੰ ਨਿਰੋਲ ਧਾਰਮਿਕ, ਸਮਾਜਿਕ ਅਤੇ ਸੱਭਿਆਚਾਰਕ ਤੌਰ ਤੇ ਮਜ਼ਬੂਤੀ ਮੁਹੱਈਆ ਕਰਨਾ ਸੀ। ਬ੍ਰਾਹਮਣੀ ਮੱਤ ਦੇ ਅਸਰ ਕਾਰਨ ਸਿੱਖੀ ਅੰਦਰ ਘਰ ਕਰ ਚੁੱਕੀਆਂ ਜਾਤ-ਪਾਤ ਵਰਗੀਆਂ ਹੋਰ ਕੁਰੀਤੀਆਂ ਖਤਮ ਕਰਨ ਲਈ ਸਿੰਘ ਸਭਾ ਲਹਿਰ ਦਾ ਵੱਡਾ ਯੋਗਦਾਨ ਸੀ। ਸਿੱਖਾਂ ਦੇ ਮੁੱਖ ਕੇਂਦਰੀ ਸਥਾਨ ਸ੍ਰੀ ਹਰਮਿੰਦਰ ਸਾਹਿਬ ਅੰਮ੍ਰਿਤਸਰ ਦੇ ਅੰਦਰ ਅਤੇ ਦਰਸ਼ਨੀ ਡਿਓਢੀ ਵਿਚ ਮੂਰਤੀਆਂ ਰੱਖ ਕੇ ਕਰਵਾਈ ਜਾ ਰਹੀ ਮੂਰਤੀ ਪੂਜਾ ਬੰਦ ਕਰਵਾਈ। ਸਿੱਖੀ ਦੇ ਪ੍ਰਚਾਰ ਤੇ ਪਸਾਰ ਲਈ ਪੰਜਾਬੀ ਦਾ ਪਹਿਲਾ ‘ਖਾਲਸਾ ਅਖਬਾਰ’ ਕੱਢਿਆ। ਇਸ ਅਖਬਾਰ ਦੇ ਜ਼ਰੀਏ ਉਨ੍ਹਾਂ ਸਿੱਖੀ ਉੱਪਰ ਹੋ ਰਹੇ ਚੌਤਰਫਾ ਹਮਲਿਆਂ ਨੂੰ ਬੜੀ ਨਿੱਡਰਤਾ, ਦਲੇਰੀ ਅਤੇ ਦ੍ਰਿੜਤਾ ਨਾਲ ਰੋਕਿਆ। ਉਨ੍ਹਾਂ ਨੇ ਮੂਰਤੀ ਪੂਜਾ, ਜਾਤ-ਪਾਤ ਅਤੇ ਵਹਿਮ-ਭਰਮ ਬੰਦ ਕਰਨ ਲਈ ਤਕੜੀ ਮੁਹਿੰਮ ਚਲਾਈ ਜਿਸ ਤਹਿਤ ਦੁਰਗਾ ਪ੍ਰਬੋਧ, ਗੁੱਗਾ ਗਪੌੜਾ-ਸੁਲਤਾਨ ਪੁਆੜਾ, ਸਵਪਨ ਨਾਟਕ, ਸ੍ਰੀ ਗੁਰੂ ਅਰਜਨ ਪ੍ਰਬੋਧ, ਮੇਰਾ ਤੇ ਸਾਧੂ ਦਇਆ ਨੰਦ ਦਾ ਸੰਵਾਦ ਸਮੇਤ ਹੋਰ ਵੀ ਕਈ ਪੁਸਤਕਾਂ ਲਿਖੀਆਂ ਜੋ ਅੱਜ ਸਿੱਖ ਇਤਿਹਾਸ ਦਾ ਹਿੱਸਾ ਹਨ।
ਗਿਆਨੀ ਦਿੱਤ ਸਿੰਘ ਦੀ ਜੀਵਨ ਤੇ ਲਿਖਤਾਂ ਬਾਰੇ ਖੋਜ ਕਰਨ ਵਾਲੀ ਡਾ. ਸੰਦੀਪ ਕੌਰ ਸੇਖੋਂ ਅਨੁਸਾਰ, ਗਿਆਨੀ ਦਿੱਤ ਸਿੰਘ ਨੇ ਕਰੀਬ 22 ਸਾਲ ਸੈਂਕੜੇ ਲੇਖ ਅਤੇ 40 ਤੋਂ ਵੀ ਜਿ਼ਆਦਾ ਕਿਤਾਬਾਂ ਲਿਖ ਕੇ ਸਿੱਖਾਂ ਅੰਦਰ ਨਵੀਂ ਜਾਗ੍ਰਿਤੀ ਪੈਦਾ ਕੀਤੀ। ਉਨ੍ਹਾਂ ਸਵਾਮੀ ਦਇਆ ਨੰਦ ਨੂੰ ਸਵਾਲਾਂ ਜਵਾਬਾਂ ਵਿਚ ਤਿੰਨ ਵਾਰ ਭਰੀ ਸਭਾ ਵਿਚ ਨਿਰਉੱਤਰ ਕਰਕੇ ਆਪਣੀ ਵਿਦਵਤਾ ਦਾ ਲੋਹਾ ਮੰਨਵਾਇਆ। ਸ੍ਰੀ ਹਰਿਮੰਦਰ ਸਾਹਿਬ ਵਿਚ ਗੱਦੀ ਲਗਾ ਕੇ ਸ਼ਖ਼ਸੀ ਪੂਜਾ ਕਰਵਾ ਰਹੇ ਗੁਰੂ ਨਾਨਕ ਦੇਵ ਜੀ ਦੇ ਵੰਸ਼ਜ਼ ਬਾਬਾ ਖੇਮ ਸਿੰਘ ਬੇਦੀ ਨੂੰ ਰੋਕਿਆ।
ਉਨ੍ਹਾਂ ਦੇ ਵਹਿਮ-ਭਰਮ, ਦੇਵੀ ਦੇਵਤਿਆਂ ਜਾਂ ਮੂਰਤੀ ਪੂਜਾ ਦਾ ਸਖਤ ਵਿਰੋਧੀ ਹੋਣ ਦਾ ਪ੍ਰਮਾਣ ਉਨ੍ਹਾਂ ਦੁਆਰਾ ਲਿਖੀ ਵਾਰਤਕ ਤੋਂ ਮਿਲਦਾ ਹੈ। ਇਕ ਵਾਰ ਜਦ ਉਨ੍ਹਾਂ ਪਾਸੋਂ ਕਿਸੇ ਸਾਥੀ ਨੇ ਪੁੱਛਿਆ ਕਿ ਪੰਜਾਬ ਵਿਚ ਸਿੱਖੀ ਦਾ ਕੀ ਹਾਲ ਹੈ ਤਾਂ ਗਿਆਨੀ ਦਿੱਤ ਸਿੰਘ ਦਾ ਜਵਾਬ ਸੀ: ‘ਕੁਛ ਅੰਨ ਦੇ, ਕੁਝ ਧਨ ਦੇ। ਬਾਕੀ ਪਹਾੜਾਂ ਵਾਲੀ ਰੰਨ ਦੇ।’
ਗਿਆਨੀ ਦਿੱਤ ਸਿੰਘ ਨੇ ਪੰਜਾਬੀ ਪੱਤਰਕਾਰੀ ਨੂੰ ਨਵੀਂ ਦਿਸ਼ਾ ਦਿੱਤੀ। ਉਨਾਂ ਪੰਜਾਬੀ ਦਾ ਪਹਿਲਾ ਅਖਬਾਰ ‘ਖਾਲਸਾ ਅਖਬਾਰ’ ਸ਼ੁਰੂ ਕਰਕੇ ਸਮੁੱਚੇ ਸਿੱਖ ਜਗਤ ਨੂੰ ਬ੍ਰਾਹਮਣੀ ਕਰਮਕਾਂਡਾਂ ਤੋਂ ਮੁਕਤ ਕਰਨ ਦਾ ਯਤਨ ਕੀਤਾ। ਗਿਆਨੀ ਦਿੱਤ ਸਿੰਘ ਅਤੇ ਪ੍ਰੋ. ਗੁਰਮੁਖ ਸਿੰਘ ਦੇ ਸਾਂਝੇ ਯਤਨਾਂ ਸਦਕਾ 12 ਜੂਨ 1886 ਨੂੰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਨ ਤੇ ‘ਖਾਲਸਾ ਅਖਬਾਰ’ ਸ਼ੁਰੂ ਕੀਤਾ। ਇਸ ਅਖਬਾਰ ਦੇ ਸੰਪਾਦਕ ਭਾਵੇਂ ਗਿਆਨੀ ਝੰਡਾ ਸਿੰਘ ਸਨ ਲੇਕਿਨ ਜਿ਼ਆਦਾਤਰ ਲੇਖ ਗਿਆਨੀ ਦਿੱਤ ਸਿੰਘ ਹੀ ਲਿਖਦੇ ਸਨ। ਇਸ ਅਖਬਾਰ ਦਾ ਮੁੱਖ ਉਦੇਸ਼ ਸਿੱਖ ਕੌਮ ਨੂੰ ਗੁਰੂ ਸਾਹਿਬਾਨ ਦੇ ਜੀਵਨ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਸਿੱਖ ਧਰਮ ਵਿਚਲੀਆਂ ਕੁਰੀਤੀਆਂ ਨੂੰ ਦੂਰ ਕਰਨ ਅਤੇ ਵਿਦਿਆ ਦੀ ਉੱਨਤੀ ਲਈ ਯਤਨ ਕਰਨਾ ਸੀ। ਇਹ ਅਖਬਾਰ ਸਿੰਘ ਸਭਾ ਲਾਹੌਰ ਦੇ ਸਹਿਯੋਗ ਨਾਲ ਕੱਢਿਆ ਜਾਂਦਾ ਸੀ। 1887 ਨੂੰ ਭਾਈ ਗੁਰਮੁਖ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਕਾਬਜ਼ ਮਹੰਤਾਂ ਦੁਆਰਾ ਸਿੱਖੀ ਵਿਚੋਂ ਖਾਰਜ ਕਰ ਦਿੱਤਾ। ਇਸ ਮਾਮਲੇ ਤੇ ਗਿਆਨੀ ਦਿੱਤ ਸਿੰਘ ਦੁਆਰਾ ਆਪਣੇ ਲੇਖਾਂ ਦੁਆਰਾ ਧੜੱਲੇ ਨਾਲ ਗੁਰਦੁਆਰਿਆਂ ਤੇ ਕਾਬਜ਼ ਮਹੰਤਾਂ ਅਤੇ ਅੰਗਰੇਜ਼ ਹਕੂਮਤ ਦੇ ਕਾਰਨਾਮਿਆਂ ਨੂੰ ਭੰਡਿਆ ਗਿਆ। ਇਸ ਤੋਂ ਬਾਅਦ ਬੇਦੀ ਉਦੈ ਸਿੰਘ ਨੇ ਅਖਬਾਰ ਖਿਲਾਫ ਮੁਕੱਦਮਾ ਦਰਜ ਕਰਵਾ ਦਿੱਤਾ। ਉੱਧਰ ਸਿੰਘ ਸਭਾ ਲਾਹੌਰ ਨੇ ਅਖਬਾਰ ਤੋਂ ਹੱਥ ਪਿੱਛੇ ਖਿੱਚ ਲਿਆ। ਇਸ ਤਰ੍ਹਾਂ ਇੱਕ ਵਾਰ ਅਖਬਾਰ ਦਮ ਤੋੜ ਗਿਆ। ਗਿਆਨੀ ਦਿੱਤ ਸਿੰਘ ਨੇ ਹਿੰਮਤ ਕਰਕੇ 1893 ਨੂੰ ਮੁੜ ਅਖਬਾਰ ਕੱਢਣਾ ਸ਼ੁਰੂ ਕਰ ਦਿੱਤਾ। ਗੁਰਬਾਣੀ ਦੇ ਫਰਮਾਨ ‘ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ॥’ ਵਾਂਗ ਗਿਆਨੀ ਦਿੱਤ ਸਿੰਘ ਨੇ ਪੱਤਰਕਾਰੀ ਦੇ ਖੇਤਰ ਵਿਚ ਧੜੱਲੇ ਨਾਲ ਸੱਚ ਲਿਖਦਿਆਂ ਗੋਰੀ ਹਕੂਮਤ, ਗੁਰਦੁਆਰਿਆਂ ਤੇ ਕਾਬਜ਼ ਮਹੰਤਾਂ ਅਤੇ ਫੋਕੇ ਬ੍ਰਾਹਮਣੀ ਕਰਮਕਾਂਡਾਂ ਖਿਲਾਫ ਆਵਾਜ਼ ਉਠਾਈ। ਉਸ ਤੋਂ ਉਨ੍ਹਾਂ ਦਾ ਦਲੇਰਾਨਾ ਸੁਭਾਅ, ਨਿੱਡਰਤਾ ਅਤੇ ਕੌਮਪ੍ਰਸਤੀ ਝਲਕਦੀ ਹੈ।
ਸਿੱਖੀ ਦਾ ਇਹ ਅਸਲ ਵਾਰਸ 6 ਸਤੰਬਰ 1901 ਨੂੰ ਸਦਾ ਲਈ ਇਸ ਫਾਨੀ ਸੰਸਾਰ ਤੋਂ ਰੁਖ਼ਸਤ ਹੋ ਗਿਆ। ਇਸ ਤਰ੍ਹਾਂ ਚੌਤਰਫਾ ਹਮਲਿਆਂ ਦੀ ਸ਼ਿਕਾਰ ਸਿੱਖੀ ਨੂੰ ਗਫਲਤ ਵਿਚੋਂ ਕੱਢ ਕੇ ਮੁੜ ਲੀਹ ’ਤੇ ਲਿਆਉਣ ਲਈ ਪ੍ਰੋ. ਗਿਆਨੀ ਦਿੱਤ ਸਿੰਘ ਦੇ ਯਤਨਾਂ ਨੂੰ ਭੁਲਾਇਆ ਨਹੀਂ ਜਾਣਾ ਚਾਹੀਦਾ।
ਸੰਪਰਕ: 001-778-980-9196