1958 ਵਿਚ ਮੇਰੇ ਦਾਦਾ ਜੀ ਨੇ ਮੈਨੂੰ ਪਹਿਲੀ ਜਮਾਤ ਵਿਚ ਜਦ ਦਾਖ਼ਲ ਕਰਾਇਆ ਤਾਂ ਸਵਾ ਪੰਜ ਆਨੇ (35 ਪੈਸੇ) ਦੇ ਪਤਾਸੇ ਜਮਾਤ ਵਿਚ ਵੰਡੇ ਗਏ। ਮੇਰਾ ਕੱਦ ਕਾਠ ਦੇਖ ਕੇ ਮਾਸਟਰ ਖੇਮ ਸਿੰਘ ਜੀ ਨੇ ਮੇਰੀ ਜਨਮ ਤਾਰੀਖ ਲਿਖ ਛੱਡੀ। ਮੈਂ ਦੋ ਪੈਸੇ ਦਾ ਕਾਇਦਾ ਅਤੇ ਬੈਠਣ ਲਈ ਖੰਡ ਵਾਲੀ ਖਾਲੀ ਬੋਰੀ ਲੈ ਕੇ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਕੁਝ ਹੀ ਦਿਨਾਂ ਬਾਅਦ ਮਾਸਟਰ ਖੇਮ ਸਿੰਘ ਜੀ ਜੋ ਬਜ਼ੁਰਗ ਸਨ ਤੇ ਸਾਡੇ ਪਿੰਡ ਕਈ ਸਾਲਾਂ ਤੋਂ ਪੜ੍ਹਾ ਰਹੇ ਸਨ, ਦੇ ਆਲੇ-ਦੁਆਲੇ ਬੱਚੇ ਇਕੱਠੇ ਹੋ ਗਏ। ਚੌਥੀ ਪੰਜਵੀਂ ਦੇ ਬੱਚੇ ਰੋ ਰਹੇ ਸਨ। ਸ਼ਾਇਦ ਮਾਸਟਰ ਖੇਮ ਸਿੰਘ ਜੀ ਸੇਵਾ ਮੁਕਤ ਹੋ ਗਏ ਸਨ। ਪ੍ਰਾਇਮਰੀ ਸਕੂਲ ਦੀਆਂ ਪੰਜਾਂ ਜਮਾਤਾਂ ਨੂੰ ਪੜ੍ਹਾਉਣ ਲਈ ਹੁਣ ਰਹਿ ਗਏ ਇਕੱਲੇ ਮਾਸਟਰ ਲਹੌਰੀ ਰਾਮ ਜੀ ਸਭਰਾਵਾਂ ਵਾਲੇ। ਉਨ੍ਹਾਂ ਦਾ ਪਿੰਡ ਉਥੋਂ ਦੂਰ ਹੋਣ ਕਾਰਨ ਰੋਜ਼ਾਨਾ ਆਉਣਾ ਜਾਣਾ ਮੁਸ਼ਕਿਲ ਸੀ, ਸੋ ਉਨ੍ਹਾਂ ਪਰਿਵਾਰ ਸਮੇਤ ਸਾਡੇ ਪਿੰਡ ਹੀ ਇਕ ਕੱਚੇ ਘਰ ਵਿਚ ਰਹਿਣਾ ਸ਼ੁਰੂ ਕਰ ਦਿੱਤਾ। ਸਾਰਾ ਪਿੰਡ ਹੀ ਕੱਚਾ ਸੀ। ਉਨ੍ਹਾਂ ਦੇ ਪਰਿਵਾਰ ਵਿਚ ਪਤਨੀ ਅਤੇ ਪੁੱਤਰ ਸਨ।
ਪੰਜਾਂ ਜਮਾਤਾਂ ਨੂੰ ਪੜ੍ਹਾਉਦਿਆਂ ਜਦ ਮਾਸਟਰ ਜੀ ਦੀ ਪੂਰੀ ਤਸੱਲੀ ਨਾ ਹੁੰਦੀ ਤਾਂ ਉਨ੍ਹਾਂ ਚੌਥੀ ਅਤੇ ਪੰਜਵੀਂ ਨੂੰ ਸਰਦੀਆਂ ਵਿਚ ਰਾਤ ਨੂੰ ਵੀ ਪੜ੍ਹਾਉਣਾ। ਦਸ ਗਿਆਰਾਂ ਵਜੇ ਤੱਕ। ਘਰ ਕਾਫੀ ਖੁੱਲ੍ਹਾ ਸੀ। ਸ਼ਾਇਦ ਘਰ ਦਾ ਮਾਲਕ ਆਪਣੀ ਜ਼ਮੀਨ ਵੇਚ, ਰਿਹਾਇਸ਼ ਬਦਲ ਕਰਨਾਲ ਚਲੇ ਗਏ ਸਨ। ਮਾਸਟਰ ਜੀ ਨੇ ਇਕ ਪੀਪਾ ਮਿੱਟੀ ਦਾ ਤੇਲ ਅਤੇ ਛੇ ਟੇਬਲ ਲੈਂਪ ਖਰੀਦ ਲਏ ਅਤੇ ਖੂਬ ਮਿਹਨਤ ਕਰਵਾਉਣੀ। ਦੋ ਸਾਲ ਉਨ੍ਹਾਂ ਇਕੱਲਿਆਂ ਸਾਨੂੰ ਪੂਰੀ ਤਨਦੇਹੀ ਨਾਲ ਮਨ ਲਾ ਕੇ ਪੜ੍ਹਾਉਣ ਲਈ ਦਿਨ ਅਤੇ ਰਾਤ ਇਕ ਕਰ ਦਿੱਤਾ। ਉਨ੍ਹਾਂ ਚੰਗੀ ਨਸਲ ਦੀ ਮੱਝ ਹੁੰਦੀ ਸੀ। ਚੌਥੀ ਪੰਜਵੀਂ ਜਮਾਤ ਦੇ ਮੁੰਡੇ ਮੱਝ ਨੂੰ ਸਾਂਭਣ ਲਈ ਮਾਸਟਰ ਜੀ ਦੀ ਮਦਦ ਕਰਦੇ। ਮੈਨੂੰ ਯਾਦ ਹੈ, ਅਸੀਂ ਪਹਿਲੀ ਦੂਸਰੀ ਵਾਲੇ ਬੱਚੇ ਗੁਰਦੁਆਰੇ ਵਾਲੀ ਖੂਹੀ ਤੋਂ ਪਾਣੀ ਲਿਆ ਕੇ ਮਾਸਟਰ ਜੀ ਦੇ ਘਰ ਰੱਖੇ ਹੋਏ ਕਈ ਘੜੇ ਭਰ ਦਿੰਦੇ ਸਾਂ।
ਦੋ ਸਾਲ ਬਾਅਦ ਇਕ ਹੋਰ ਅਧਿਆਪਕ ਕੇਵਲ ਕੁਮਾਰ ਜੀ ਸਾਡੇ ਪਿੰਡ ਆ ਗਏ। ਪੰਜ ਜਮਾਤਾਂ ਪੜ੍ਹਾਉਣ ਲਈ ਦੋ ਅਧਿਆਪਕ ਹੋ ਗਏ। ਕੇਵਲ ਕੁਮਾਰ ਜੀ ਸੀਨੀਅਰ ਸਨ ਅਤੇ ਪੱਟੀ ਸ਼ਹਿਰ ਨਾਲ ਸਬੰਧਤ ਸਨ ਜੋ ਸਾਡੇ ਪਿੰਡ ਤੋਂ 24 ਕਿਲੋਮੀਟਰ ਦੂਰ ਹੈ। ਜਦ ਉਨ੍ਹਾਂ ਨੂੰ ਵੀ ਰੋਜ਼ਾਨਾ ਸਾਈਕਲ ਤੇ ਆਉਣਾ ਜਾਣਾ ਮੁਸ਼ਕਿਲ ਲਗਿਆ ਤਾਂ ਉਨ੍ਹਾਂ ਵੀ ਆਪਣਾ ਪਰਿਵਾਰ ਸਾਡੇ ਪਿੰਡ ਹੀ ਲੈ ਆਂਦਾ। ਉਸੇ ਤਰ੍ਹਾਂ ਇਕ ਖੁੱਲ੍ਹੇ-ਡੁੱਲ੍ਹੇ ਘਰ ਵਿਚ। ਸੀਨੀਅਰ ਹੋਣ ਕਾਰਨ ਉਨ੍ਹਾਂ ਤਿੰਨ ਜਮਾਤਾਂ ਪਹਿਲੀ, ਤੀਸਰੀ ਤੇ ਪੰਜਵੀਂ ਆਪ ਲੈ ਲਈਆਂ ਅਤੇ ਦੋ ਜਮਾਤਾਂ ਦੂਸਰੀ ਤੇ ਚੌਥੀ ਮਾਸਟਰ ਲਹੌਰੀ ਰਾਮ ਜੀ ਨੂੰ ਦੇ ਦਿੱਤੀਆਂ। ਮੈਂ ਪਹਿਲੀ, ਦੂਜੀ ਤੇ ਚੌਥੀ ਮਾਸਟਰ ਲਹੌਰੀ ਰਾਮ ਅਤੇ ਤੀਸਰੀ ਤੇ ਪੰਜਵੀਂ ਮਾਸਟਰ ਕੇਵਲ ਕੁਮਾਰ ਜੀ ਪਾਸੋਂ ਪੜ੍ਹੀ।
ਪਹਿਲੀ ਤੇ ਤੀਜੀ ਨੂੰ ਤਾਂ ਮਾਸਟਰ ਕੇਵਲ ਕੁਮਾਰ ਜੀ ਸਕੂਲ ਸਮੇਂ ਹੀ ਪੜ੍ਹਾ ਦਿੰਦੇ ਪਰ ਪੰਜਵੀਂ ਨੂੰ ਪੜ੍ਹਾਉਣ ਲਈ ਮਾਸਟਰ ਜੀ ਦੀ ਪੂਰੀ ਤਸੱਲੀ ਨਾ ਹੁੰਦੀ। ਸੋ, ਉਨ੍ਹਾਂ ਪੰਜਵੀਂ ਜਮਾਤ ਨੂੰ ਸਰਦੀਆਂ ਵਿਚ ਰਾਤ ਨੂੰ ਵੀ ਪੜ੍ਹਾਉਣਾ। ਸਵੇਰੇ ਸਰਦੀਆਂ ਵਿਚ ਨੌਂ ਵਜੇ ਤੋਂ ਪੰਜਵੀਂ ਜਮਾਤ ਦੀ ਪੜ੍ਹਾਈ ਸ਼ੁਰੂ ਹੁੰਦੀ, ਦਿਨ ਛਿਪੇ ਤੱਕ ਚਲਦੀ। ਦਿਨ ਛਿਪੇ ਛੁੱਟੀ ਕਰਦਿਆਂ ਮਾਸਟਰ ਜੀ ਨੇ ਕਹਿਣਾ, “ਰੋਟੀ ਖਾ ਕੇ ਅੱਠ ਵਜੇ ਰਾਤ ਨੂੰ ਮੇਰੇ ਘਰ ਆ ਜਾਇਓ।” ਤੇ ਮਾਸਟਰ ਜੀ ਨੇ ਰਾਤ ਦੇ 11 ਵਜੇ ਤੱਕ ਪੜ੍ਹਾਉਣਾ। ਅਸੀਂ ਵੀ ਮਾਸਟਰ ਜੀ ਦੀ ਸੇਵਾ ਖੁਸ਼ੀ ਖੁਸ਼ੀ ਕਰਨੀ; ਇਥੋਂ ਤੱਕ ਕਿ ਸਾਰਾ ਪਿੰਡ ਹੀ ਉਨ੍ਹਾਂ ਦੀ ਸੇਵਾ ਵਿਚ ਹਾਜ਼ਰ ਰਹਿੰਦਾ ਅਤੇ ਖੂਬ ਮਾਣ ਸਤਿਕਾਰ ਕਰਦਾ।
ਮਾਸਟਰ ਜੀ ਸਾਡੇ ਪਿੰਡ 1960 ਤੋਂ 1970 ਤੱਕ 10 ਸਾਲ ਰਹੇ। ਇਹ ਸਾਰੇ ਸਾਲ ਬਲਾਕ ਵਿਚੋਂ ਸਾਡੇ ਹੀ ਪਿੰਡ ਦਾ ਵਿਦਿਆਰਥੀ ਫਸਟ, ਸੈਕਿੰਡ ਅਤੇ ਥਰਡ ਆਉਂਦਾ ਰਿਹਾ। ਮੈਂ ਉਨ੍ਹਾਂ ਕੋਲ ਪੜ੍ਹਦਿਆਂ 1963 ਵਿਚ ਪੰਜਵੀਂ ਪਾਸ ਕੀਤੀ। ਅਸੀਂ ਉਦੋਂ ਦੋ ਕੁੜੀਆਂ ਅਤੇ ਪੰਦਰਾਂ ਮੁੰਡੇ ਪੰਜਵੀਂ ਵਿਚ ਸਾਂ। ਹਿਸਾਬ ਵਿਚੋਂ ਸਾਰੇ ਵਿਦਿਆਰਥੀਆਂ ਦੇ 100 ਵਿਚੋਂ 100 ਨੰਬਰ। ਅੱਜ ਪੇਂਡੂ ਵਿਦਿਆਰਥੀਆਂ ਨੂੰ ਹਿੰਦੀ ਪੜ੍ਹਨੀ ਲਿਖਣੀ ਅੰਗਰੇਜ਼ੀ ਤੋਂ ਵੀ ਔਖੀ ਲਗਦੀ ਹੈ ਪਰ ਸਾਡੇ ਪਿੰਡ ਦੇ ਵਿਦਿਆਰਥੀ ਸੈਕੰਡਰੀ ਸਕੂਲ ਵਿਚ ਹਿੰਦੀ ਵਿਚ ਵੀ ਮੱਲਾਂ ਮਾਰਦੇ ਸਨ ਜਦੋਂ ਕਿ ਸਾਡਾ ਪਿੰਡ ਜ਼ਿਲ੍ਹੇ ਵਿਚ ਪੱਛੜਿਆ ਤੇ ਅਖੀਰਲਾ ਪਿੰਡ ਹੈ, ਦਰਿਆ ਬਿਆਸ ਦੇ ਕੰਢੇ ਉਪਰ।
ਮੈਂ ਮਾਸਟਰ ਕੇਵਲ ਕੁਮਾਰ ਤੋਂ ਤੀਸਰੀ ਅਤੇ ਪੰਜਵੀਂ ਜਮਾਤ ਪੜ੍ਹੀ ਸੀ; ਮੈਨੂੰ ਮਾਣ ਹੈ ਕਿ ਮਾਸਟਰ ਜੀ ਦੀ ਕਰਾਈ ਪੜ੍ਹਾਈ ਸਦਕਾ ਮੈਂ ਬਲਾਕ (ਸੈਂਟਰ) ਵਿਚੋਂ ਫਸਟ ਆਇਆ ਸੀ ਅਤੇ ਸੈਕਿੰਡ ਆਉਣ ਵਾਲਾ ਵੀ ਸਾਡੇ ਹੀ ਪਿੰਡ ਦਾ ਵਿਦਿਆਰਥੀ ਸੀ। ਸੈਂਟਰ ਵਿਚ ਪੇਪਰ ਚੈੱਕ ਕਰਦਿਆਂ ਇਮਤਿਹਾਨ ਦੇ ਇੰਚਾਰਜ ਨੇ ਮੈਨੂੰ ਕੋਲ ਬੁਲਾ ਕੇ ਅਤੇ ਕੇਵਲ ਕੁਮਾਰ ਜੀ ਨੂੰ ਕੋਲ ਸੱਦ ਕੇ ਮੈਨੂੰ ਮੇਰੀ ਲਿਖਾਈ ਦੇ ਪੰਜ ਰੁਪਏ ਇਨਾਮ ਦਿੱਤੇ ਸਨ।
ਅੰਤ ਵਿਚ ਬੜੇ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਅਖੀਰਲੇ ਤਿੰਨ ਸਾਲ ਉਨ੍ਹਾਂ ਆਪਣੀ ਨੌਕਰੀ ਬਤੌਰ ਬਲਾਕ ਸਿਖਿਆ ਅਫਸਰ ਕਰਨੀ ਸੀ ਪਰ ਸਿਆਸੀ ਪਾਰਟੀਆਂ ਦੀ ਸਿਆਸਤ ਕਾਰਨ ਝੁੱਲੀ ਹਨੇਰੀ ਨੇ ਮਾਸਟਰ ਜੀ ਦੀ ਜਾਨ ਲੈ ਲਈ। ਸ਼ਾਮੀਂ ਛੇ ਵਜੇ ਚੱਲੀ ਰੇਲ ਗੱਡੀ ਅੰਮ੍ਰਿਤਸਰ ਤੋਂ ਖੇਮਕਰਨ ਜਦ ਰੂੜੇ ਆਸਲ ਸਟੇਸ਼ਨ ਤੇ ਰੁਕੀ ਤਾਂ ਮਾਸਟਰ ਜੀ ਹੋਰ ਸੱਤ ਅੱਠ ਜਣਿਆਂ ਸਮੇਤ ਗੋਲੀਆਂ ਦਾ ਸ਼ਿਕਾਰ ਹੋ ਗਏ। ਇਹ ਗੱਲ ਸਤੰਬਰ 1988 ਦੀ ਹੈ। ਮੈਂ 37 ਸਾਲ ਦੀ ਕੀਤੀ ਅਧਿਆਪਕ ਦੀ ਨੌਕਰੀ ਦੌਰਾਨ ਬਹੁਤ ਅਧਿਆਪਕ ਦੇਖੇ ਪਰ ਕੇਵਲ ਕੁਮਾਰ ਜੀ ਵਰਗਾ ਮਿਹਨਤੀ ਅਧਿਆਪਕ ਨਹੀਂ ਦੇਖਿਆ। ਅੱਜ ਉਨ੍ਹਾਂ ਨੂੰ ਯਾਦ ਕਰਦਿਆਂ ਮੇਰੀਆਂ ਅੱਖਾਂ ਭਰ ਆਈਆਂ ਹਨ।
ਸੰਪਰਕ: 95010-32057