ਡਾ. ਗੁਰਵਿੰਦਰ ਸਿੰਘ*/ਡਾ. ਅਮਰੀਕ ਸਿੰਘ**
ਸਾਲ 2009 ਪ੍ਰੀਜ਼ਰਵੇਸ਼ਨ ਆਫ ਸਬ-ਸੋਇਲ ਐਕਟ ਲਾਗੂ ਹੋਣ ਨਾਲ ਅਗੇਤੇ ਝੋਨੇ ਦੀ ਲੁਆਈ ’ਤੇ ਲੱਗੀ ਰੋਕ ਕਾਰਨ ਸ਼ੁਰੂ ਸ਼ੁਰੂ ਵਿਚ ਕੁਝ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਪੰਜਾਬ ਨੂੰ ਇਸ ਨਾਲ ਬਹੁਤ ਵੱਡਾ ਫ਼ਾਇਦਾ ਹੋਇਆ ਹੈ। ਇਸ ਨਾਲ ਜਿੱਥੇ ਜ਼ਮੀਨ ਹੇਠਲੇ ਪਾਣੀ ਦੇ ਹੇਠਾਂ ਜਾਣ ਦੀ ਰਫ਼ਤਾਰ ਘੱਟ ਕਰਨ ਵਿਚ ਮਦਦ ਮਿਲੀ, ਉੱਥੇ ਕੀੜੇ-ਮਕੌੜਿਆਂ, ਖ਼ਾਸਕਰ ਤਣੇ ਦੇ ਗੜੂੰਏਂ ਦਾ ਹਮਲਾ ਬਹੁਤ ਘੱਟ ਹੋਣ ਕਾਰਨ ਕੀਟਨਾਸ਼ਕ ਦੀ ਖ਼ਪਤ ਘੱਟ ਕਰਨ ਵਿਚ ਵੀ ਮਦਦ ਮਿਲੀ ਹੈ। 13 ਸਾਲ ਬਾਅਦ ਪੰਜਾਬ ਦੇ ਕਿਸਾਨਾਂ ਲਈ 10 ਜੂਨ ਤੋਂ ਬਾਅਦ ਝੋਨਾ ਲਾਉਣ ਦੀ ਆਦਤ ਪੱਕੀ ਹੋ ਗਈ ਹੈ। ਉਨ੍ਹਾਂ ਨੂੰ ਸਮਝ ਆ ਗਈ ਹੈ ਕਿ ਦੇਖਾ-ਦੇਖੀ ਅਗੇਤਾ ਝੋਨਾ ਲਾਉਣ ਦੀ ਬਜਾਇ ਹਰ ਕਿਸਾਨ ਆਪਣੇ-ਆਪ ਨੂੰ ਸੁਧਾਰ ਲਵੇ ਤਾਂ ਸਾਰਾ ਪੰਜਾਬ ਸੁਧਰ ਜਾਵੇਗਾ। ਅਜੇ ਵੀ ਕੁਝ ਕਿਸਾਨ ਇਹ ਗੱਲ ਸਮਝਣ ਲਈ ਤਿਆਰ ਨਹੀਂ ਪਰ ਉਨ੍ਹਾਂ ਨੂੰ ਇਹ ਗੱਲ ਯਾਦ ਰੱਖਣੀ ਪਵੇਗੀ ਕਿ 20 ਸਾਲ ਪਹਿਲਾਂ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਕਿੱਥੇ ਸੀ ਤੇ ਅਗਲੇ 10 ਸਾਲ ਬਾਅਦ ਪੰਜਾਬ ਵਿਚ ਜ਼ਮੀਨ ਹੇਠਲੇ ਪਾਣੀ ਪੱਧਰ ਕਿੱਥੇ ਹੋਵੇਗਾ।
ਪੰਜਾਬ ਵਿਚ ਤਕਰੀਬਨ 14 ਲੱਖ ਟਿਊਬਵੈੱਲ ਜ਼ਮੀਨ ਹੇਠੋਂ ਪਾਣੀ ਕੱਢ ਰਹੇ ਹਨ। ਸਾਇੰਸਦਾਨਾਂ ਦੇ ਤਜਰਬਿਆਂ ਤੋਂ ਪਤਾ ਲੱਗਾ ਹੈ ਕਿ ਤਿੰਨ ਇੰਚ ਨਿਕਾਸੀ ਪਾਈਪ ਰਾਹੀਂ ਪੰਜ ਹਾਰਸ ਪਾਵਰ ਦੀ ਮੋਟਰ ਨਾਲ ਇੱਕ ਹੈਕਟੇਅਰ ਝੋਨਾ ਪਾਲਣ ਲਈ ਤਕਰੀਬਨ 157 ਲੱਖ ਲਿਟਰ ਜ਼ਮੀਨ ਹੇਠਲਾ ਪਾਣੀ ਚਾਹੀਦਾ ਹੈ। ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਮੁੱਚੇ ਪੰਜਾਬ ਵਿਚ ਤਕਰੀਬਨ 28 ਲੱਖ ਹੈਕਟੇਅਰ ਰਕਬੇ ਲਈ ਕਿੰਨਾ ਪਾਣੀ ਜ਼ਮੀਨ ਹੇਠੋਂ ਕੱਢ ਲਿਆ ਜਾਵੇਗਾ। ਉਸ ਹਿਸਾਬ ਨਾਲ ਮੀਂਹਾਂ ਨਾਲ ਪਾਣੀ ਜ਼ਮੀਨ ਹੇਠਾਂ ਨਹੀਂ ਜਾ ਸਕੇਗਾ। ਪੰਜਾਬ ਵਿਚ ਖੇਤੀ ਲਈ ਬਿਜਲੀ ਮੁਫ਼ਤ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦੀ ਮਹੱਤਤਾ ਨਹੀਂ ਸਮਝੀ ਜਾਂਦੀ। ਟਿਊਬਵੈੱਲਾਂ ’ਤੇ ਸਵੈ-ਚਾਲਕ ਸਟਾਰਟਰ ਲੱਗੇ ਹੋਣ ਕਾਰਨ ਜ਼ਰੂਰਤ ਤੋਂ ਵਧੇਰੇ ਪਾਣੀ ਦੀ ਨਿਕਾਸੀ ਹੁੰਦੀ ਹੈ। ਕਈ ਵਾਰ ਤਾਂ ਦੇਖਿਆ ਗਿਆ ਹੈ ਕਿ ਮੀਂਹ ਪੈ ਰਿਹਾ ਹੋਵੇ ਤਾਂ ਵੀ ਟਿਊਬਵੈੱਲ ਚੱਲਦਾ ਹੁੰਦਾ ਹੈ। ਇਸ ਨਾਲ ਜਿੱਥੇ ਜ਼ਮੀਨ ਹੇਠਲੇ ਪਾਣੀ ਦੀ ਬਰਬਾਦੀ ਹੁੰਦੀ ਹੈ, ਉੱਥੇ ਬਿਜਲੀ ਦੀ ਖ਼ਪਤ ਵੀ ਵਧਦੀ ਹੈ। ਝੋਨੇ ਦੀਆਂ ਕਿਸਮਾਂ ਦੀ ਸਹੀ ਚੋਣ, ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੇਠਾਂ ਜਾਣ ਤੋਂ ਰੋਕਣ ਵਿਚ ਸਹਾਈ ਹੋ ਸਕਦੀ ਹੈ। ਝੋਨੇ ਦੀ ਪੈਦਾਵਾਰ ਵਿਚ ਹੋਇਆ ਚੋਖਾ ਵਾਧਾ ਬਿਮਾਰੀਆਂ ਦਾ ਟਾਕਰਾ ਕਰਨ ਵਾਲੀਆਂ ਸੁਧਰੀਆਂ ਕਿਸਮਾਂ ਦੀ ਸਹੀ ਚੋਣ ਅਤੇ ਢੁਕਵੀਆਂ ਕਾਸ਼ਤਕਾਰੀ ਤਕਨੀਕਾਂ ਸਦਕਾ ਸੰਭਵ ਹੋ ਸਕਿਆ ਹੈ। ਸਿਫ਼ਾਰਸ਼ ਕੀਤੇ ਸਮੇਂ ’ਤੇ ਪਨੀਰੀ ਦੀ ਬਿਜਾਈ ਅਤੇ ਲੁਆਈ ਕਰਨ ਨਾਲ ਪਾਣੀ ਅਤੇ ਬਿਜਲੀ ਦੀ ਬੱਚਤ ਕਰਨ ਵਿਚ ਮਦਦ ਮਿਲਦੀ ਹੈ। ਜੇ ਝੋਨੇ ਦੀ ਸਫ਼ਲ ਕਾਸ਼ਤ ਕਰਨ ਲਈ ਸੁਧਰੀਆਂ ਕਿਸਮਾਂ ਦੀ ਚੋਣ ਕਰ ਕੇ ਮਿਥੇ ਸਮੇਂ ਤੇ ਬਿਜਾਈ ਅਤੇ ਲੁਆਈ ਕਰਨ ਲਈ ਅੱਗੇ ਦਿੱਤੇ ਕੁਝ ਜ਼ਰੂਰੀ ਨੁਕਤਿਆਂ ਦਾ ਧਿਆਨ ਰੱਖ ਲਿਆ ਜਾਵੇ ਤਾਂ ਖੇਤੀ ਲਾਗਤ ਖ਼ਰਚੇ ਘੱਟ ਕਰਨ ਦੇ ਨਾਲ ਨਾਲ ਮਿਆਰੀ ਤੇ ਵਧੇਰੇ ਪੈਦਾਵਾਰ ਲਈ ਜਾ ਸਕਦੀ ਹੈ। ਮਜ਼ਦੂਰਾਂ ਦੀ ਘਾਟ ਦੀ ਸਮੱਸਿਆ ਵੀ ਕਾਫ਼ੀ ਹੱਦ ਤੱਕ ਹੱਲ ਕੀਤੀ ਜਾ ਸਕਦੀ ਹੈ।
ਪੀਆਰ 131: ਇਹ ਕਿਸਮ ਆਰਜ਼ੀ ਤੌਰ ’ਤੇ ਸਿਫ਼ਾਰਸ਼ ਕੀਤੀ ਗਈ ਹੈ ਜੋ ਪਨੀਰੀ ਦੀ ਲੁਆਈ ਤੋਂ ਬਾਅਦ 110 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਪ੍ਰਤੀ ਏਕੜ ਪੈਦਾਵਾਰ 31 ਕੁਇੰਟਲ ਹੈ।
ਪੀਆਰ 130: ਇਸ ਕਿਸਮ ਦਾ ਔਸਤਨ ਕੱਦ 108 ਸੈਂਟੀਮੀਟਰ ਹੈ ਅਤੇ ਲੁਆਈ ਤੋਂ ਬਾਅਦ 105 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਕਿਸਮ ਪੰਜਾਬ ਵਿਚ ਝੁਲਸ ਰੋਗ ਦੇ ਜੀਵਾਣੂ ਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ ਅਤੇ ਪ੍ਰਤੀ ਏਕੜ ਪੈਦਾਵਾਰ ਔਸਤਨ 30 ਕੁਇੰਟਲ ਹੈ। ਪਨੀਰੀ ਦੀ ਬਿਜਾਈ 20-25 ਮਈ ਨੂੰ ਕਰਨੀ ਚਾਹੀਦੀ ਹੈ ਅਤੇ ਲੁਆਈ ਸਮੇਂ ਪਨੀਰੀ ਦੀ ਉਮਰ 30-35 ਦਿਨ ਹੋਣੀ ਚਾਹੀਦੀ ਹੈ।
ਪੀਆਰ 129: ਇਹ ਕਿਸਮ ਪੀਏਯੂ 201 ਦਾ ਸੋਧਿਆ ਰੂਪ ਹੈ ਜਿਸ ਦਾ ਔਸਤਨ ਕੱਦ 105 ਸੈਂਟੀਮੀਟਰ ਹੈ ਅਤੇ ਲੁਆਈ ਤੋਂ ਬਾਅਦ 108 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੀ ਪ੍ਰਤੀ ਏਕੜ ਪੈਦਾਵਾਰ ਔਸਤਨ 30 ਕੁਇੰਟਲ ਹੈ। ਪਨੀਰੀ ਦੀ ਬਿਜਾਈ 20-25 ਮਈ ਨੂੰ ਕਰਨੀ ਚਾਹੀਦੀ ਹੈ ਅਤੇ ਲੁਆਈ ਸਮੇਂ ਪਨੀਰੀ ਦੀ ਉਮਰ 30-35 ਦਿਨ ਹੋਣੀ ਚਾਹੀਦੀ ਹੈ।
ਪੀਆਰ 128: ਇਸ ਕਿਸਮ ਦਾ ਔਸਤਨ ਕੱਦ 110 ਸੈਂਟੀਮੀਟਰ ਹੈ ਅਤੇ ਇਹ ਲੁਆਈ ਤੋਂ 111 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ। ਪਨੀਰੀ ਦੀ ਬਿਜਾਈ 20-25 ਮਈ ਨੂੰ ਕਰਨੀ ਚਾਹੀਦੀ ਹੈ ਅਤੇ ਲੁਆਈ ਸਮੇਂ ਪਨੀਰੀ ਦੀ ਉਮਰ 30-35 ਦਿਨ ਹੋਣੀ ਚਾਹੀਦੀ ਹੈ।
ਐੱਚਕੇਆਰ 47: ਇਹ ਪਰਮਲ ਝੋਨੇ ਦੀ ਦਰਮਿਆਨੇ ਸਮੇਂ ਵਿਚ ਪੱਕਣ ਵਾਲੀ ਕਿਸਮ ਹੈ। ਇਸ ਦਾ ਔਸਤਨ ਕੱਦ 117 ਸੈਂਟੀਮੀਟਰ ਹੈ ਅਤੇ ਇਹ ਲੁਆਈ ਤੋਂ 104 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਕਿਸਮ ਝੁਲਸ ਰੋਗ ਦਾ ਟਾਕਰਾ ਨਹੀਂ ਕਰਦੀ ਅਤੇ ਢਹਿ ਜਾਂਦੀ ਹੈੈ। ਔਸਤਨ ਪੈਦਾਵਾਰ 29.5 ਕੁਇੰਟਲ ਪ੍ਰਤੀ ਏਕੜ ਹੈ। ਪਨੀਰੀ ਦੀ ਬਿਜਾਈ 25-31 ਮਈ ਨੂੰ ਕਰਨੀ ਅਤੇ ਲੁਆਈ ਸਮੇਂ ਪਨੀਰੀ ਦੀ ਉਮਰ 25-30 ਦਿਨ ਹੋਣੀ ਚਾਹੀਦੀ ਹੈ।
ਪੀਆਰ 127: ਇਹ ਕਿਸਮ 107 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੈ। ਕਲਰਾਠੀਆਂ ਜ਼ਮੀਨਾਂ ਅਤੇ ਮਾੜੇ ਪਾਣੀ ਵਾਲੇ ਇਲਾਕਿਆਂ ਵਿਚ ਇਸ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ।
ਪੀਆਰ 126: ਇਹ ਕਿਸਮ ਲੁਆਈ ਤੋਂ 93 ਦਿਨਾਂ ਵਿਚ ਪੱਕ ਜਾਂਦੀ ਹੈ। ਝੋਨੇ ਦੀ ਲੁਆਈ ਤੋਂ ਪਹਿਲਾਂ ਮੂੰਗੀ ਦੀ ਫ਼ਸਲ ਲਈ ਜਾ ਸਕਦੀ ਹੈ। ਇਸ ਕਿਸਮ ਦੀ ਔਸਤਨ ਪੈਦਾਵਾਰ 30.0 ਕੁਇੰਟਲ ਪ੍ਰਤੀ ਏਕੜ ਹੈ। ਇਹ ਕਿਸਮ ਸਿੱਧੀ ਬਿਜਾਈ ਲਈ ਬਹੁਤ ਢੁਕਵੀਂ ਹੈ। ਪਨੀਰੀ ਦੀ ਬਿਜਾਈ 25 ਮਈ ਤੋਂ 10 ਜੂਨ ਤੱਕ ਅਤੇ ਲੁਆਈ ਸਮੇਂ ਪਨੀਰੀ ਦੀ ਉਮਰ 25-30 ਦਿਨਾਂ ਦੀ ਹੋਣੀ ਚਾਹੀਦੀ ਹੈ।
ਪੀਆਰ 122: ਇਹ ਕਿਸਮ ਪਨੀਰੀ ਦੀ ਲੁਆਈ ਤੋਂ 117 ਦਿਨਾਂ ਵਿਚ ਪੱਕ ਜਾਂਦੀ ਹੈ ਅਤੇ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੈ। ਪਨੀਰੀ ਦੀ ਬਿਜਾਈ 20-25 ਮਈ ਤੱਕ ਅਤੇ ਲੁਆਈ ਸਮੇਂ ਪਨੀਰੀ ਦੀ ਉਮਰ 30-35 ਦਿਨਾਂ ਦੀ ਹੋਣੀ ਚਾਹੀਦੀ ਹੈ।
ਪੀਆਰ 121: ਇਸ ਕਿਸਮ ਦਾ ਕੱਦ 98 ਸੈਂਟੀਮੀਟਰ ਹੋਣ ਕਰ ਕੇ ਡਿੱਗਦੀ ਨਹੀਂ ਹੈ। ਇਹ ਕਿਸਮ ਲੁਆਈ ਤੋਂ 110 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 30.5 ਕੁਇੰਟਲ ਪ੍ਰਤੀ ਏਕੜ ਹੈ। ਪਨੀਰੀ ਦੀ ਬਿਜਾਈ 20-25 ਮਈ ਤੱਕ ਅਤੇ ਲੁਆਈ ਸਮੇਂ ਪਨੀਰੀ ਦੀ ਉਮਰ 30-35 ਦਿਨਾਂ ਦੀ ਹੋਣੀ ਚਾਹੀਦੀ ਹੈ।
ਪੀਆਰ 114: ਇਸ ਕਿਸਮ ਦਾ ਕੱਦ 102 ਸੈਂਟੀਮੀਟਰ ਹੁੰਦਾ ਹੈ ਅਤੇ ਲੁਆਈ ਤੋਂ 115 ਦਿਨਾਂ ਵਿਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 27.5 ਕੁਇੰਟਲ ਪ੍ਰਤੀ ਏਕੜ ਹੈ। ਪਨੀਰੀ ਦੀ ਬਿਜਾਈ 20-25 ਮਈ ਤੱਕ ਅਤੇ ਲੁਆਈ ਸਮੇਂ ਪਨੀਰੀ ਦੀ ਉਮਰ 30-35 ਦਿਨਾਂ ਦੀ ਹੋਣੀ ਚਾਹੀਦੀ ਹੈ।
ਪੀਆਰ 113: ਇਸ ਕਿਸਮ ਦਾ ਕੱਦ 105 ਸੈਂਟੀਮੀਟਰ ਹੁੰਦਾ ਹੈ। ਇਹ ਕਿਸਮ ਲੁਆਈ ਤੋਂ ਤਕਰੀਬਨ 112 ਦਿਨਾਂ ਵਿਚ ਪੱਕ ਜਾਂਦੀ ਹੈ ਅਤੇ ਔਸਤਨ ਪੈਦਾਵਾਰ 28 ਕੁਇੰਟਲ ਪ੍ਰਤੀ ਏਕੜ ਹੈ।
ਪੰਜਾਬ ਵਿਚ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਵਿਚ ਲਗਾਤਾਰ ਆ ਰਹੀ ਗਿਰਾਵਟ ਕਾਰਨ ਭਵਿੱਖ ਵਿਚ ਪੈਦਾ ਹੋਣ ਵਾਲੀਆਂ ਸੰਭਾਵੀ ਸਮੱਸਿਆਵਾਂ ਨੂੰ ਮੁੱਖ ਰੱਖਦਿਆਂ ਲੰਮੇ ਸਮੇਂ ਦੀਆਂ ਕਿਸਮਾਂ ਜਿਵੇਂ ਪੂਸਾ 44 ਜਾਂ ਪੀਲੀ ਪੂਸਾ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ। ਪੀਆਰ 126 ਕਿਸਮ ਤੋਂ ਵਧੇਰੇ ਪੈਦਾਵਾਰ ਲੈਣ ਲਈ ਪਨੀਰੀ ਦੀ ਬਿਜਾਈ 5 ਤੋਂ 10 ਜੂਨ ਦਰਮਿਆਨ ਕਰੋ ਪਰ ਜੇ ਕਣਕ ਝੋਨੇ ਦੇ ਫ਼ਸਲ ਚੱਕਰ ਵਿਚ ਤੀਜੀ ਫ਼ਸਲ ਮੂੰਗੀ ਲੈਣੀ ਹੈ ਤਾਂ ਪੀਆਰ 126 ਦੀ ਪਨੀਰੀ ਦੀ ਬਿਜਾਈ 25 ਮਈ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ। ਪਨੀਰੀ ਬੀਜਣ ਤੋਂ ਪਹਿਲਾਂ ਖੇਤ ਨੂੰ ਰੌਣੀ ਕਰ ਕੇ ਪਿਛਲੇ ਸਾਲ ਦੇ ਡਿੱਗੇ ਬੀਜ ਨੂੰ ਉਗਾ ਕੇ ਖ਼ਤਮ ਕਰਨ ਤੋਂ ਬਾਅਦ ਪਨੀਰੀ ਦੀ ਬਿਜਾਈ ਕਰਨੀ ਚਾਹੀਦੀ ਹੈ।
*ਨਿਰਦੇਸ਼ਕ, ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ, ਪੰਜਾਬ।
**ਖੇਤੀਬਾੜੀ ਅਫ਼ਸਰ।