ਨਰੈਣ ਦੱਤ
ਕਾਲਜ ਤੋਂ ਪਰਤ ਰਹੀ +2 ਦੀ ਵਿਦਿਆਰਥਣ ਕਿਰਨਜੀਤ ਕੌਰ ਨੂੰ 29 ਜੁਲਾਈ 1997 ਨੂੰ ਤਿੱਖੜ ਦੁਪਿਹਰੇ ਅਗਵਾ ਕਰਕੇ ਸਮੂਹਿਕ ਜਬਰ ਤੋਂ ਬਾਅਦ ਕਤਲ ਕਰਕੇ ਲਾਸ਼ ਖੇਤਾਂ ਵਿਚ ਦੱਬ ਦਿੱਤੀ ਸੀ। ਇਹ ਅਤਿ ਦਾ ਵਹਿਸ਼ੀਆਨਾ ਕਾਰਾ ਸੀ। ਬੱਚੀਆਂ ਨਾਲ ਹੋ ਰਹੀ ਦਰਿੰਦਗੀ ਨੂੰ ਰੋਕਣ ਲਈ ਲੋਕਾਂ ਦਾ ਅੱਗੇ ਆਉਣਾ ਅਤੇ ਸੰਘਰਸ਼ ਕਰਨਾ ਬਹੁਤ ਜ਼ਰੂਰੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਦੇ ਦੋਸ਼ੀ ਸਖਤ ਸਜ਼ਾ ਤੋਂ ਬਚ ਨਾ ਸਕਣ। ਇਸ ਵਿਚ ਸਫਲਤਾ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਅਗਵਾਈ ਕਰਨ ਵਾਲੀਆਂ ਆਗੂ ਟੀਮਾਂ ਦੀ ਸਮਝਦਾਰੀ ’ਤੇ ਨਿਰਭਰ ਕਰਦੀ ਹੈ ਕਿ ਉਹ ਅਜਿਹੀ ਘਟਨਾ ਦੇ ਕਾਰਨਾਂ ਦੀ ਪੜਚੋਲ ਕਿੰਨੀ ਕੁ ਡੂੰਘਾਈ ਨਾਲ ਕਰਦੀਆਂ ਹਨ। ਉਸੇ ਸਮਝਦਾਰੀ ਨਾਲ ਹਾਸਲ ਅਤੇ ਲੰਮੇ ਦਾਅ ਦੀਆਂ ਵਿਰੋਧਤਾਈਆਂ ਦੇ ਸਨਮੁਖ ਹੋਣਾ ਪੈਂਦਾ ਹੈ। ਫਿਰ ਚੇਤਨ ਅਗਵਾਈ ਦਾ ਰੋਲ ਸਾਹਮਣੇ ਆਉਂਦਾ ਹੈ।
ਇਸ ਪ੍ਰਸੰਗ ਵਿਚ ਸਭ ਤੋਂ ਪਹਿਲਾ ਸਵਾਲ ਪੜਤਾਲ ਤੋਂ ਬਾਅਦ ਸਹੀ ਦੁਸ਼ਮਣ ਦੀ ਪਛਾਣ ਕਰਨਾ ਅਤੇ ਇਸ ਦੇ ਨਾਲ ਜੁੜਵਾਂ ਦੂਸਰਾ ਅਹਿਮ ਪੱਖ ਹੁੰਦਾ ਹੈ- ਘੋਲ ਲੜਨ ਵੇਲੇ ਟੇਕ ਕਿਨ੍ਹਾਂ ਲੋਕਾਂ ’ਤੇ ਰੱਖੀ ਜਾਵੇ। ਇਹ ਵੀ ਜ਼ਰੂਰੀ ਪੱਖ ਹੁੰਦਾ ਹੈ ਕਿ ਵੱਖ ਵੱਖ ਵਿਚਾਰ ਹੋਣ ਕਾਰਨ ਘੱਟੋ-ਘੱਟ ਸਹਿਮਤੀ ਦਾ ਪੂਰਾ ਖਿਆਲ ਰੱਖਣਾ ਹੁੰਦਾ ਹੈ। ਐਕਸ਼ਨ ਕਮੇਟੀ ਮਹਿਲ ਕਲਾਂ ਨੇ ਲੋਕਾਂ ’ਤੇ ਟੇਕ ਰੱਖ ਕੇ ਚੱਲਣ ਦੀ ਬੁਨਿਆਦ ਰੱਖੀ। ਘਟਨਾਵਾਂ ਨੂੰ ਸਤਹੀ ਤੌਰ ’ਤੇ ਦੇਖਣ, ਅਗਵਾਈ ਦੇਣ, ਦੋਸ਼ੀਆਂ ਨੂੰ ਸਜ਼ਾਵਾਂ ਦੇਣ ਤੱਕ ਸੀਮਤ ਅਮਲ ਵਧੇਰੇ ਆਮ ਪ੍ਰਚੱਲਤ ਵਰਤਾਰਾ ਹੈ। ਮਹਿਲ ਕਲਾਂ ਐਕਸ਼ਨ ਕਮੇਟੀ ਵਿਚ ਵੀ ਅਜਿਹੇ ਬਹੁਤ ਸਾਰੇ ਵਿਚਾਰ ਮੌਜੂਦ ਸਨ/ਹਨ ਪਰ ਇੱਕ ਵਿਚਾਰ ਇਨ੍ਹਾਂ ਵਰਤਾਰਿਆਂ ਦੀ ਤਹਿ ਤੱਕ ਜਾ ਕੇ ਇਸ ਦੀਆਂ ਜੜ੍ਹਾਂ ਰਸੂਖਵਾਨ-ਪੁਲੀਸ-ਸਿਆਸੀ ਗਠਜੋੜ ਸਮੇਤ ਇਸ ਜਾਬਰ ਪ੍ਰਬੰਧ ਵਿਚ ਦੇਖਦਾ ਸੀ। ਗੁੰਡਾ ਟੋਲੇ ਦੇ ਲਾਣੇ ਦਾ ਤਿੰਨ ਪੀੜ੍ਹੀਆਂ ਦਾ ਥਾਣਿਆਂ ਵਿਚ ਦਰਜ ਵੱਖ ਵੱਖ ਵਾਰਦਾਤਾਂ ਵਿਚ ਅਪਰਾਧਿਕ ਪਿਛੋਕੜ ਮੂੰਹ ਬੋਲਦੀ ਤਸਵੀਰ ਸੀ। ਗੁੰਡਾ ਟੋਲੇ ਦੇ ਹਰ ਅਪਰਾਧ ਨੂੰ ਅੰਜਾਮ ਦੇਣ ਤੋਂ ਬਾਅਦ ਪੁਲੀਸ ਅਤੇ ਸਿਆਸਤਦਾਨ ਇਨ੍ਹਾਂ ਦੀ ਪਿੱਠ ਪੂਰਦੇ ਰਹੇ ਹਨ।
ਦੂਜਾ ਅਹਿਮ ਪੱਖ ਇਹ ਵੀ ਹੈ ਕਿ ਅਜਿਹੀਆਂ ਘਟਨਾਵਾਂ ਅੱਗੇ ਹਿੱਕ ਡਾਹ ਕੇ ਖੜ੍ਹਨ/ਅਗਵਾਈ ਕਰਨ ਵਾਲੀ ਆਗੂ ਟੀਮ ਮੌਜੂਦ ਹੈ। ਇਸ ਆਗੂ ਟੀਮ ਨੇ ਬੀਤੇ ਇਤਿਹਾਸ ਦੀਆਂ ਇਲਾਕੇ ਵਿਚ ਚੱਲੀਆਂ ਲਹਿਰਾਂ/ਜੱਦੋਜਹਿਦਾਂ ਦੇ ਤਜਰਬੇ ਨੂੰ ਪੜਚੋਲ ਅਧੀਨ ਲਿਆਂਦਾ ਅਤੇ ਦਰੁਸਤ ਸਿੱਟੇ ਕੱਢੇ। ਮਹਿਲ ਕਲਾਂ ਇਲਾਕਾ ਜੂਝ ਮਰਨ ਦੀ ਤਵਾਰੀਖ ਦਾ ਇਤਿਹਾਸ ਆਪਣੀ ਬੁੱਕਲ ਵਿਚ ਸਮੋਈ ਬੈਠਾ ਹੈ। ਵੱਡੇ ਘੱਲੂਘਾਰੇ ਤੋਂ ਸ਼ੁਰੂ ਹੋ ਕੇ ਗਦਰ ਲਹਿਰ, ਪਰਜਾ ਮੰਡਲ ਲਹਿਰ, ਪੈਪਸੂ ਮੁਜਾਰਾ ਲਹਿਰ, ਨਕਸਲਬਾੜੀ ਲਹਿਰ, ਨੌਜਵਾਨ ਭਾਰਤ ਸਭਾ, ਪੰਜਾਬ ਸਟੂਡੈਂਟਸ ਯੂਨੀਅਨ ਤੱਕ ਮੌਜੂਦਾ ਦੌਰ ਅੰਦਰ ਕਿਸਾਨ-ਮਜ਼ਦੂਰ-ਮੁਲਾਜ਼ਮ ਸਮੇਤ ਹੋਰਨਾਂ ਤਬਕਿਆਂ ਦੇ ਹੱਕੀ ਘੋਲਾਂ ਨੇ ਵੱਖਰੀ ਪਛਾਣ ਬਣਾਈ ਹੈ। ਸਾਬਤ ਕੀਤਾ ਕਿ ਹਾਕਮਾਂ ਦਾ ਝੁਲਾਇਆ ਜਬਰ ਦਾ ਝੱਖੜ ਜੁਝਾਰੂਆਂ ਦੇ ਹੌਸਲੇ ਪਸਤ ਨਹੀਂ ਕਰ ਸਕਦਾ ਸਗੋਂ ਇਹ ਸਾਬਤ ਕੀਤਾ ਕਿ ਸ਼ਹਾਦਤਾਂ ਤੇ ਕੁਰਬਾਨੀਆਂ ਦਾ ਦੌਰ ਅਗਲੀਆਂ ਪੀੜ੍ਹੀਆਂ ਦੇ ਸੰਘਰਸ਼ਾਂ ਦੀ ਖੁਰਾਕ ਬਣ ਜਾਂਦਾ ਹੈ।
ਤੀਜਾ ਅਹਿਮ ਪੱਖ ਦੂਜੇ ਪੱਖ ਨਾਲ ਅੰਤਰ-ਸਬੰਧਿਤ ਹੈ, ਉਹ ਇਹ ਕਿ ਵੱਡੇ ਦੁਸ਼ਮਣ ਖਿਲ਼ਾਫ ਲੜਨ ਲਈ ਛੋਟੀਆਂ ਵੱਖ ਵੱਖ ਵਿਚਾਰਾਂ ਦੀਆਂ ਟੁਕੜੀਆਂ ਨੂੰ ਨਾਲ ਲੈ ਕੇ ਚੱਲਣਾ। ਭਹੁਤ ਵਾਰ ਲੀਡਰਸ਼ਿਪ ਵੱਡੀ ਤਾਕਤ ਹੋਣ ਦੀ ਹਉਮੈ ਦੀ ਸ਼ਿਕਾਰ ਹੁੰਦੀ ਹੈ। ਅਜਿਹਾ ਇਤਿਹਾਸ ਅੰਦਰ ਜਬਰ ਦੀਆਂ ਘਟਨਾਵਾਂ ਖਿਲਾਫ ਲੜੇ ਹਏ ਘੋਲਾਂ ਦਾ ਕੌੜਾ ਤਜਰਬਾ ਹੈ ਪਰ ਕੌਮਾਂਤਰੀ ਪੱਧਰ ’ਤੇ ਅਜਿਹੇ ਤਜਰਬੇ ਮੌਜੂਦ ਸਨ ਜਿਨ੍ਹਾਂ ਨੂੰ ਪੱਲੇ ਬੰਨ੍ਹ ਕੇ ਦੁਸ਼ਮਣ ਤਾਕਤਾਂ ਨੂੰ ਹਰਾਇਆ ਗਿਆ। ਅਜਿਹੇ ਤਜਰਬਿਆਂ ਦੀ ਅਮੀਰ ਵਿਰਾਸਤ ਐਕਸ਼ਨ ਕਮੇਟੀ ਅੰਦਰਲੀ ਇਨਕਲਾਬੀ ਟੁਕੜੀ ਨੇ ਸੁਚੇਤ ਰੂਪ ਵਿਚ ਪੱਲੇ ਬੰਨ੍ਹ ਕੇ ਰੱਖੀ। ਅੰਦਰੂਨੀ ਵਿਚਾਰਾਂ ਦਾ ਮੱਤਭੇਦ ਆਉਣ ’ਤੇ ਕਈ ਵਾਰ ਅਦਾਰਾ ਟੁੱਟਣ ਤੱਕ ਦੀ ਨੌਬਤ ਆ ਜਾਂਦੀ ਹੈ, ਘੱਟ ਸੰਮਤੀ ਵਿਚ ਰਹਿ ਕੇ ਲੀਡਰਸ਼ਿਪ ਦਾ ਤਿਆਗ ਕਰਨਾ ਪੈ ਸਕਦਾ ਹੈ ਪਰ ਸਵਾਲ ਇਕੱਲਾ ਲੀਡਰਸ਼ਿਪ ਸਾਂਭਣ ਦਾ ਨਹੀਂ ਹੋਣਾ ਚਾਹੀਦਾ ਸਗੋਂ ਮਿਥੇ ਹੋਏ ਕਾਰਜ ਨੂੰ ਅੱਗੇ ਵਧਾਉਣ ਲਈ ਅਜਿਹੇ ਛੋਟੇ ਤਿਆਗ ਵੀ ਕਰਨੇ ਪੈ ਸਕਦੇ ਹਨ।
ਚੌਥਾ ਅਹਿਮ ਪੱਖ ਇਹ ਹੁੰਦਾ ਹੈ ਕਿ ਚਲਦੇ ਘੋਲ ਦੌਰਾਨ ਬਹੁਤ ਵਾਰ ਝੁਕਾਅ ਲੋਕਾਂ ਦੀ ਵਿਸ਼ਾਲ ਸ਼ਮੂਲੀਅਤ ਤੋਂ ਸੱਖਣੀਆਂ ਮਾਅਰਕੇਬਾਜ਼ ਕਾਰਵਾਈਆਂ ਕਰਨ ਦਾ ਆ ਜਾਂਦਾ ਹੈ। ਇਸ ਦੇ ਨਾਲ ਹੀ ਇਕ ਹੋਰ ਪੱਖ ਹੁੰਦਾ ਹੈ, ਸਮੇਂ ਸਮੇਂ ਸਿਰ ਸਮੇਂ ਦੀ ਮੰਗ ਘੋਲ ਨੂੰ ਅੱਗੇ ਵਧਾਉਣ ਦੀ ਹੁੰਦੀ ਹੈ ਪਰ ਲੀਡਰਸ਼ਿਪ ਘੋਲ ਦੇ ਅਜਿਹੇ ਪੈਂਤੜੇ ਲੈਂਦੀ ਹੈ ਜਾਂ ਘੋਲ ਸੱਦਾ ਦੇਣ ਤੋਂ ਟਾਲਾ ਵੱਟ ਜਾਂਦੀ ਹੈ ਜਿਸ ਨਾਲ ਲੋਕਾਂ ਵਿਚ ਨਿਰਾਸ਼ਾ ਫੈਲ ਜਾਂਦੀ ਹੈ। ਐਕਸ਼ਨ ਕਮੇਟੀ ਅੰਦਰਲੀ ਸਾਡੀ ਘੱਟ ਗਿਣਤੀ ਲੀਡਰਸ਼ਿਪ ਨੇ ਅਜਿਹੇ ਦੋਵੇਂ ਕਿਸਮ ਦੇ ਰੁਝਾਨਾਂ ਦਾ ਟਾਕਰਾ ਕੀਤਾ ਹੈ ਅਤੇ ਘੋਲ ਦਾ ਘੇਰਾ ਵਿਸ਼ਾਲ ਕੀਤਾ।
ਇਸ ਲੋਕ ਘੋਲ ਨੇ ਲੋਕ ਮਨਾਂ ਅੰਦਰ ‘ਔਰਤਾਂ ਸੰਘਰਸ਼ ਦੇ ਮੈਦਾਨ ਵਿਚ ਨਹੀਂ ਜਾ ਸਕਦੀਆਂ’ ਵਰਗੀਆਂ ਪੁਰਾਣੀਆਂ ਤੇ ਪਿਛਾਂਹ ਖਿੱਚੂ ਜਗੀਰੂ ਰਵਾਇਤਾਂ ਨੂੰ ਵਗਾਹ ਮਾਰਿਆ ਅਤੇ ਨਵੀਂ ਸੋਝੀ/ਚੇਤਨਾ ਦਾ ਸੰਚਾਰ ਕੀਤਾ ਹੈ। ਦਰਦਨਾਕ ਘਟਨਾ ਤੋਂ ਸ਼ੁਰੂ ਹੋਇਆ ਘੋਲ ਜਬਰ ਅਤੇ ਦਾਬੇ ’ਤੇ ਟਿਕੇ ਲੋਕ ਦੋਖੀ ਪ੍ਰਬੰਧ ਨੂੰ ਬਦਲਣ ਦੀ ਲੜਾਈ ’ਚ ਵਿਕਸਤ ਹੋਣ ਵੱਲ ਵਧਿਆ। 24 ਸਾਲ ਦੇ ਲੰਮੇ ਤਜਰਬੇ ਨੇ ਵੱਡੀਆਂ ਚੁਣੌਤੀਆਂ ਦਾ ਸਬਰ, ਸਿਦਕ, ਦਲੇਰੀ, ਸੂਝ-ਸਿਆਣਪ ਨਾਲ ਟਾਕਰਾ ਕਰਕੇ ਆਪਣਾ ਇਤਿਹਾਸ ਸੁਨਿਹਰੀ ਅੱਖਰਾਂ ਵਿਚ ਲਿਖ ਦਿੱਤਾ ਹੈ। ਇਹ ਘੋਲ ਪੀੜ੍ਹੀ ਦਰ ਪੀੜ੍ਹੀ ਚੱਲਣ ਵਾਲੇ ਸਮਾਜਿਕ ਜਬਰ ਦੇ ਨਾਲ ਨਾਲ ਹਕੂਮਤ ਵਿਰੋਧੀ ਘੋਲਾਂ ਜਿਵੇਂ ਹੁਣ ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਹੇਠ ਚੱਲ ਰਹੇ ਕਿਸਾਨ ਅੰਦੋਲਨ ਦਾ ਵਿਸ਼ੇਸ਼ ਕਰਕੇ ਮਹਿਲ ਕਲਾਂ ਇਲਾਕੇ ਅੰਦਰ ਰਾਹ ਰੁਸ਼ਨਾ ਰਿਹਾ ਹੈ।
ਇਸ ਸਾਂਝੇ ਘੋਲ ਤੋਂ ਪ੍ਰੇਰਨਾ ਲੈ ਕੇ ਕਿਸਾਨਾਂ ਦੇ ਜੁਝਾਰੂ ਕਾਫਲੇ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਹੇ ਕਿਸਾਨ ਮੋਰਚੇ ਅਤੇ ਬਰਨਾਲੇ ਰੇਲਵੇ ਸਟੇਸ਼ਨ, ਵੱਡੇ ਕਾਰਪੋਰੇਟ ਘਰਾਣਿਆਂ ਦੀ ਨਾਕਾਬੰਦੀ, ਟੋਲ ਪਲਾਜਿ਼ਆਂ, ਬੀਜੇਪੀ ਆਗੂਆਂ ਦੀਆਂ ਰਿਹਾਇਸ਼ ’ਤੇ ਚੱਲ ਰਹੇ ਧਰਨਿਆਂ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਨੌਜਵਾਨ ਆਗੂ ਨਵੇਂ ਸਿਰੇ ਤੋਂ ਸਮਾਜ ਪ੍ਰਤੀ ਜਿ਼ੰਮੇਵਾਰੀਆਂ ਓਟਣ ਲਈ ਅੱਗੇ ਆ ਰਹੇ ਹਨ।
ਇਸ ਵਾਰ ਐਕਸ਼ਨ ਕਮੇਟੀ ਮਹਿਲ ਕਲਾਂ ਦਾ ਕਿਰਨਜੀਤ ਕੌਰ ਦੇ 24ਵੇਂ ਸ਼ਰਧਾਂਜਲੀ ਸਮਾਗਮ ਨੂੰ ਕਿਸਾਨ ਅੰਦੋਲਨ ਨੂੰ ਸਮਰਪਿਤ ਕਰਨਾ ਅਹਿਮ ਸਿਫਤੀ ਪੜਾਅ ਹੈ। ਕਮੇਟੀ ਔਰਤ ਮੁਕਤੀ ਦੇ ਸਵਾਲ ਨੂੰ ਲੋਕ ਦੋਖੀ ਢਾਂਚੇ ਦੀ ਮੁਕੰਮਲ ਤਬਦੀਲੀ ਨਾਲ ਜੋੜ ਕੇ ਪੇਸ਼ ਕਰ ਰਹੀ ਹੈ। ਕਿਰਨਜੀਤ ਕੌਰ ਸ਼ਰਧਾਂਜਲੀ ਸਮਾਗਮ ਮਹਿਜ਼ ਇੱਕ ਦਿਨ ਦੀ ਯਾਦ ਤੱਕ ਸੀਮਤ ਨਹੀਂ ਸਗੋਂ ਇਹ ਦਿਨ ਔਰਤਾਂ ਖਿਲ਼ਾਫ ਜਬਰ ਅਤੇ ਦਾਬੇ ਵਾਲੇ ਪ੍ਰਬੰਧ ਨੂੰ ਮੁੱਢੋਂ-ਸੁੱਢੋਂ ਤਬਦੀਲ ਕਰਨ ਲਈ ਚੱਲ ਰਹੀ ਜਮਾਤੀ ਜੰਗ ਦਾ ਝੰਡਾ ਬੁਲੰਦ ਕਰਨ ਦਾ ਪ੍ਰਣ ਹੈ। ਸ਼ਾਲਾ! ਮਹਿਲ ਕਲਾਂ ਸੰਘਰਸ਼ ਸੰਸਾਰ ਪੱਧਰ ’ਤੇ ਸੰਘਰਸ਼ ਕਰ ਰਹੇ ਜੁਝਾਰੂ ਕਾਫਲਿਆਂ ਨੂੰ ‘ਛੱਟਾ ਚਾਨਣਾਂ ਦਾ’ ਵੰਡਦਾ ਰਹੇ। ਇਹੋ ਕਿਰਨਜੀਤ ਕੌਰ ਮਹਿਲ ਕਲਾਂ ਨੂੰ ਸੱਚੀ ਸ਼ਰਧਾਂਜਲੀ ਹੈ।
ਸੰਪਰਕ: 96460-10770