ਜਗਦੀਪ ਸਿੱਧੂ
ਸਾਡੀ ਪੰਜ ਕੁ ਸਾਲਾਂ ਦੀ ਧੀ ਜਦ ਸ਼ਰਾਰਤ ਕਰਦੀ ਹੈ ਤਾਂ ਅਸੀਂ ਉਹਨੂੰ ਡਰਾਉਣ ਲਈ ਕਹਿੰਦੇ ਹਾਂ- “ਤੈਨੂੰ ਅਸੀਂ ਹੋਸਟਲ ਵਿਚ ਪਾ ਦੇਣਾ। ਓਥੇ ਹੀ ਰਿਹਾ ਕਰਨਾ ਤੂੰ। ਦੋ ਮਹੀਨਿਆਂ ਬਾਅਦ ਮਿਲਣ ਆਇਆ ਕਰਾਂਗੇ।” ਉਹ ਤਰਲੇ ਕੱਢਣ ਲੱਗ ਪੈਂਦੀ ਹੈ। ਸਾਡੇ ਬਿਨਾ ਇਕ ਦਿਨ ਵੀ ਨਾਨਕੇ ਨਹੀਂ ਰਹਿੰਦੀ। ਅਸੀਂ ਵੀ ਉਹਦੇ ਬਿਨਾ ਬੇਚੈਨ ਹੋ ਜਾਂਦੇ ਹਾਂ।
ਨਿਮਨ ਮੱਧ ਵਰਗ ਦਾ ਅਲੱਗ ਜਿਹਾ ਸੰਸਾਰ ਹੁੰਦਾ। ਸੀਮਤ ਸੋਚ। ਸੀਮਤ ਦਾਇਰਾ। ਸਾਡੇ ਘਰਾਂ ਦੀ ਸੀਮਤ ਜਿਹੀ ਛਾਲ ਸੀ। ਬਾਹਲਾ ਰਿਸਕ ਲੈਣ ਦੀ ਕੋਈ ਲੋੜ ਨਹੀਂ ਸੀ ਹੁੰਦੀ। ਛਾਲ ਇੰਨੀ ਕੁ ਕਿ ਬੰਦਾ ਪੱਕੀ ਨੌਕਰੀ ਕੋਲ਼ ਆਣ ਡਿੱਗੇ, ਬਸ। ਮੇਰੇ ਵੇਲਿਆਂ ਵਿਚ ਮੁਲਕ ਦੇ ਹਾਲਾਤ ਡਾਵਾਂ-ਡੋਲ ਹੀ ਸਨ। ਮੇਰਾ ਖ਼ਿਆਲ, ਇਸ ਮੁਲਕ ਵਿਚ ਪੈਦਾ ਹੋਣ ਵਾਲ਼ੇ ਬਹੁਤੇ ਲੋਕਾਂ ਦੇ ਹਾਲਾਤ ਆਪਣੇ ਸਮਿਆਂ ਵਿਚ ਬਹੁਤੇ ਸਾਜ਼ਗਾਰ ਨਹੀਂ ਹੁੰਦੇ।
ਛੋਟੇ ਜਿਹੇ ਕਸਬੇ ਵਿਚ ਤਦ ਸਾਨੂੰ ਹੋਸਟਲ ਬਾਰੇ ਬਹੁਤਾ ਕੁਝ ਪਤਾ ਨਹੀਂ ਸੀ ਹੁੰਦਾ। ਘਰ ਦੇ ਸਾਹਮਣੇ ਵਧੀਆ ਅੰਗਰੇਜ਼ੀ ਸਕੂਲ ਸੀ। ਦੂਜੀ ਥਾਂ ਰਹਿ ਕੇ ਪੜ੍ਹਨ ਬਾਰੇ ਸਾਡੇ ਵਰਗਿਆਂ ਨੂੰ ਕੋਈ ਗਿਆਨ ਨਹੀਂ ਸੀ। ਖੇਡਾਂ ਦਾ ਮਾਹੌਲ ਸੀ। ਖੇਡਣ ਲੱਗ ਪਏ। ਖਿਡਾਰੀਆਂ ਲਈ ਨੌਕਰੀਆਂ ਦੇ ਬਿਹਤਰ ਮੌਕੇ ਹੁੰਦੇ। ਕਿਸੇ ਅਜਿਹੀ ਸੰਸਥਾ ਵਿਚ ਜਾਣਾ ਜ਼ਰੂਰੀ ਸੀ ਜਿੱਥੇ ਸਿੱਖਣ, ਅਗਾਂਹ ਖੇਡਣ ਦੇ ਵੱਡੇ ਮੌਕੇ ਹੋਣ। ਟਰਾਇਲ ਦਿੱਤੇ। ਚੋਣ ਹੋਈ। ਹੋਸਟਲ ਦੇ ਇਕ ਰੂਪ ਦਾ ਪਹਿਲੀ ਵਾਰ ਸਾਹਮਣਾ ਹੋਇਆ। ਘਰ ਤੋਂ ਦੂਰ। ਬੰਦਿਸ਼। ਸੀਮਤ ਖੁਰਾਕ। ਮੰਜ਼ਿਲ ਕੋਲ਼ ਪਹੁੰਚਣ ਲਈ ਭੱਜ-ਨੱਠ, ਮਿਹਨਤ। ਥੋੜ੍ਹੇ ਜਿਹੇ ਪਿੰਜਰ ਤਾਂ ਸਾਡੇ ਵੀ ਦਿਸਣ ਲੱਗ ਪੈਂਦੇ ਸਨ; ਅਸੀਂ ਭਾਵੇਂ ਮਰਜ਼ੀ ਨਾਲ਼, ਬਿਹਤਰੀ ਲਈ ਹੀ ਆਏ ਸਾਂ। ਫਿਰ ਵੀ, ਘਰ ਤੋਂ ਦੂਰ ਅੰਦਰ ਕੁਝ ਮਰਦਾ ਰਹਿੰਦਾ। ਜ਼ਿਆਦਾਤਰ ਨਿਮਨ, ਨਿਮਨ ਮੱਧ ਵਰਗੀ ਘਰਾਂ ਦੇ ਬੱਚੇ ਹੀ ਖੇਡਾਂ ਕਰਦੇ। ਥੋੜ੍ਹੇ ਖੁਸ਼ ਵੀ ਹੁੰਦੇ। ਸ਼ਾਇਦ ਉਨ੍ਹਾਂ ਦੇ ਅੰਦਰ ਘਰ ਰਹਿ ਕੇ ਜ਼ਿਆਦਾ ਕੁਝ ਮਰਦਾ ਹੋਵੇ।
ਫਿਰ ਕਾਫ਼ੀ ਸਾਲਾਂ ਬਾਅਦ ਜਦ ਪੜ੍ਹਾਈ ਅਤੇ ਖੇਡਾਂ ਤੋਂ ਫ਼ਾਰਿਗ ਹੋਇਆ ਤਾਂ ਹੋਸਟਲ ਦੀ ਜ਼ਿੰਦਗੀ ਦਾ ਵੱਖਰਾ ਰੂਪ ਦੇਖਿਆ। ਕੁਝ ਸਮਾਂ ਇਕ ਵੱਡੇ ਬੋਰਡਿੰਗ ਸਕੂਲ ਵਿਚ ਐਡਮ-ਕਮ-ਹੋਸਟਲ ਵਾਰਡਨ ਵਜੋਂ ਕੰਮ ਕਰਨ ਦਾ ਮੌਕਾ ਮਿਲਿਆ। ਬੱਚੇ ਭਾਰਤ ਦੇ ਦੂਰ-ਦੁਰਾਡੇ ਹਿੱਸਿਆਂ ਤੋਂ ਪੜ੍ਹਨ ਆਉਂਦੇ। ਉਤਰਾਂਚਲ, ਤਰਾਈ ਦੇ ਇਲਾਕੇ ਦੇ ਪੰਜਾਬੀਆਂ ਦੇ ਬੱਚੇ ਜ਼ਿਆਦਾ ਸਨ। ਉਨ੍ਹਾਂ ਦੇ ਪੁਰਖਿਆਂ ਨੇ ਜੰਗਲ਼ ਸਾਫ਼ ਕਰਕੇ ਉਹ ਇਲਾਕਾ ਰਹਿਣ ਯੋਗ ਬਣਾਇਆ ਸੀ। ਹੁਣ ਉਨ੍ਹਾਂ ਨੂੰ ਵੀ ਉਥੋਂ ਕੱਢਣ ਦੇ ਮਨਸੂਬੇ ਬਣਾਏ ਜਾ ਰਿਹਾ ਨੇ। ਸਕੂਲ ਕਾਫ਼ੀ ਮਹਿੰਗਾ ਸੀ। ਇਕ ਸੰਤ ਵੀ ਇਸ ਨਾਲ਼ ਜੁੜਿਆ ਹੋਇਆ ਸੀ। ਉਸ ਦਾ ਉਸ ਇਲਾਕੇ ਵਿਚ ਆਉਣਾ ਜਾਣਾ ਸੀ। ਸੰਗਤ ਵਿਚ ਹਰ ਵਰਗ ਦੇ ਲੋਕ ਸ਼ਾਮਿਲ ਹੁੰਦੇ ਨੇ। ਕੁਝ ਮਾਪੇ ਆਪਣੇ ਬੱਚਿਆਂ ਦੇ ਭਵਿੱਖ ਦੇ ਮੱਦੇਨਜ਼ਰ ਆਪਣੇ ਬੱਚਿਆਂ ਨੂੰ ਬੜੀ ਮੁਸ਼ਕਿਲ ਨਾਲ਼ ਪੜ੍ਹਾਉਂਦੇ। ਉਹ ਕਦੀ ਕਦੀ ‘ਬਾਬਾ ਜੀ` ਤੋਂ ਫੀਸ ਮੁਆਫ਼ ਦੀ ਅਰਜੋਈ ਕਰਦੇ। ਮੈਨੂੰ ਲੱਗਦਾ, ਤਦ ਬੱਚੇ ਨਹੀਂ, ਮਾਪੇ ਵੀ ਥੋੜ੍ਹਾ ਥੋੜ੍ਹਾ ਮਰ ਰਹੇ ਸਨ। ਪੈਸੇ ਦੀ ਘਾਟ ਸੀ, ਤੇ ਬੱਚਿਆਂ ਤੋਂ ਦੂਰੀ ਵੀ। ਬੱਚੇ ਰਾਤ ਨੂੰ ਸੌਣ ਵੇਲ਼ੇ ਸਿਸਕਦੇ। ਮਾਪੇ ਬੱਚਿਆਂ ਨਾਲ਼ ਗੱਲ ਕਰਨ ਲਈ ਤਰਲੇ ਕਰਦੇ। ਨਿਸਚਤ ਦਿਨ ਅਤੇ ਸਮੇਂ `ਤੇ ਹੀ ਬੱਚਿਆਂ ਨਾਲ਼ ਗੱਲ ਹੋ ਸਕਦੀ। ਮਾਪਿਆਂ ਦੇ ਉਲਾਂਭੇ ਸ਼ੁਰੂ ਹੋ ਜਾਂਦੇ। ਸਾਰਾ ਦਿਨ ਹੱਥ ਫ਼ੋਨ ਸਮੇਤ ਕੰਨ `ਤੇ ਰਹਿੰਦਾ। ਥੱਪੜ ਪੈ ਰਹੇ ਮਹਿਸੂਸ ਹੁੰਦੇ। ਤਮਾਮ ਸਹੂਲਤਾਂ ਦੇ ਬਾਵਜੂਦ ਬੱਚੇ ਉਦਾਸ ਰਹਿੰਦੇ। ਜਦ ਕਦੇ ਬਾਹਰ ਜਾਂਦੇ ਤਾਂ ਆਪਣਾ ਰੋਲ ਨੰਬਰ ਬੋਲ ਕੇ ‘ਕੈਦੀ ਨੰਬਰ` ਦਾ ਮਖੌਲ ਕਰਦੇ।
ਜਿਊਣ ਮਰਨ ਦਾ ਭਾਵ ਬਹੁਤ ਡੂੰਘਾ ਹੁੰਦਾ ਹੈ। ਇਸ ਸੰਘਰਸ਼ ਵਿਚ ਜਿਊਣ ਦਾ ਸਾਰ ਪਿਆ ਸੀ। ਦੋ ਹੋਸਟਲਾਂ ਦੇ ਇਹ ਦੋ ਬਿਰਤਾਂਤ ਸਿਰਫ਼ ਉਦਾਹਰਨ ਲਏ ਹਨ, ਕੜੀ ਜੋੜਨ ਲਈ ਤਾਂ ਕਿ ਜਾਣਿਆ ਜਾ ਸਕੇ ਕਿ ਮੂਲ ਨਿਵਾਸੀਆਂ ਬੱਚਿਆਂ ਅਤੇ ਮਾਪਿਆਂ ਦੇ ਹਾਲਾਤ ਕਿੰਨੇ ਤਰਸਯੋਗ ਹੁੰਦੇ ਹੋਣੇ, ਜਿਨ੍ਹਾਂ ਆਪਣਿਆਂ ਨੂੰ ਮਿਲ ਤਾਂ ਕੀ ਸਕਣਾ ਸੀ, ਗੱਲ ਵੀ ਨਹੀਂ ਸੀ ਕਰ ਸਕਦੇ। ਬੱਚਿਆਂ ਤੇ ਮਾਪਿਆਂ ਨੇ ਕਿੰਨਾ ਝੱਲਿਆ!
ਲੱਗਭੱਗ ਹਰ ਮੁਲਕ ਵਿਚ ਮੂਲ ਨਿਵਾਸੀਆਂ ਦਾ ਇਹੋ ਹਸ਼ਰ ਹੈ: ਆਸਟਰੇਲੀਆਂ ਵਿਚ ਵੀ ਇਹ ਸੰਘਰਸ਼ ਕਰ ਰਹੇ ਹਨ। ਭਾਰਤ ਵਿਚ ਝਾਰਖੰਡ, ਛਤੀਸਗੜ੍ਹ ਵਿਚ ਉਨ੍ਹਾਂ ਦੀਆਂ ਜੰਗ਼ਲ ਰੂਪੀ ਰਿਹਾਇਸ਼ਗਾਹਾਂ ਖੋਹੀਆਂ ਜਾ ਰਹੀਆਂ ਤਾਂ ਕਿ ਉਥੇ ਖੁਦਾਈ ਜਾਂ ਥਾਂ ਵਰਤ ਕੇ ਆਪਣੇ ਉਦਯੋਗ ਲਾ ਕੇ ਸਭਿਆ ਸਮਾਜ ਵਿਕਸਤ ਕੀਤਾ ਜਾ ਸਕੇ!
ਕੈਨੇਡਾ ਦੇ ਸ਼ਹਿਰ ਕੈਮਲੂਪਸ ਵਿਚ ਜੋ ਹੋਇਆ, ਉਸ ਵਿਚ ਜਿਊਣ ਕਿੱਥੇ ਹੈ? ਉਸ ਵਿਚ ਤਾਂ ਸਿਰਫ਼ ਮਰਨ ਹੈ; ਮਰਨ ਬੱਚਿਆਂ ਦਾ, ਮਾਪਿਆਂ ਦਾ; ਹੁਣ ਜੋ ਸੁਣ ਪੜ੍ਹ ਰਹੇ ਨੇ, ਉਨ੍ਹਾਂ ਸੰਵੇਦਨਸ਼ੀਲ ਲੋਕਾਂ ਦਾ; ਤੇ ਹੁਣ ਉਨ੍ਹਾਂ ਲੋਕਾਂ ਦਾ ਵੀ ਸ਼ਰਮ ਨਾਲ਼ ਮਰਨ ਹੈ ਜਿਹੜੇ ਆਪਣੇ ਆਪ ਨੂੰ ਸਭਿਅਕ ਕਹਾਉਂਦੇ ਨੇ। ਇਕ ਕਵਿਤਾ ਜ਼ਿਹਨ ਵਿਚ ਆਈ ਜੋ ਸ਼ਾਇਦ ਮੇਰੀ ਸੰਵੇਦਨਾ ਡੂੰਘਾਈ ਨਾਲ਼ ਪ੍ਰਗਟ ਕਰ ਸਕੇਗੀ: ਮੂਲਨਿਵਾਸੀਆਂ ਦੇ ਖ਼ਾਤਮੇ ਲਈ/ਮਾਰਨ ਲੱਗੇ ਆਰੰਭ ਨੂੰ/ਤਾੜ ਦਿੱਤੇ ਮਾਸੂਮ ਹੋਸਟਲਾਂ ਵਿਚ/ਬਹਾਨਾ ਪੜ੍ਹਨ-ਲਿਖਣ ਦਾ/ਕਲਮ ਇਸ ਤਰ੍ਹਾਂ ਵੀ/ਤਲਵਾਰ ਨਾਲੋਂ ਵੱਧ ਤਿੱਖੀ ਸਾਬਤ ਹੋਏਗੀ/ਇਲਮ ਨਹੀਂ ਸੀ/ਪੜ੍ਹਾਉਣਾ ਲਈ ਲੈ ਕੇ ਸੀ ਗਏ/ਪਹਿਲਾਂ ਹੀ ਕਤਲ ਮੁਹਾਵਰਿਆਂ ਦਾ!/ਵੱਡੇ ਵੱਡੇ ਖੁੱਲ੍ਹੇ ਖੁੱਲ੍ਹੇ ਅੱਖਰ ਲਿਖਦੇ ਜਦ ਉਹ/ਤਾਂ ਮਾਰ ਪੈਂਦੀ/ਸ਼ਾਇਦ ਚੀਖ਼ਾਂ/ਉੱਚੀ ਉੱਚੀ ਰੋਣਾ ਲਿਖਦੇ/’ਕੱਲੇ ਦੰਦ ਸਲਾਮਤ ਨਿਕਲੇ ਉਨ੍ਹਾਂ ਦੇ!/ਜੋ ਦੌੜ ਆਏ ਉਥੋਂ ਹੁਣ ਪਹੁੰਚੇ ਨੇ!/ਕੀ ਹੋਵੇਗਾ ਵੱਧੋ-ਵੱਧ ਹੁਣ/ਛੋਟੇ ਬੱਚਿਆਂ ਦੀ ਚੀਖ਼/ਕਿੰਨੀ ਕੁ ਉੱਚੀ ਹੁੰਦੀ/ਜੋ ਸੁਣੀ ਜਾਂਦੀ ਰਹੇਗੀ।
ਕਵਿਤਾ ਵਿਚ ਦੋ ਸਤਰਾਂ ਆਉਂਦੀਆਂ ਨੇ- ਜੋ ਦੌੜ ਆਏ ਉਥੋਂ/ਹੁਣ ਪਹੁੰਚੇ ਨੇ! … ਸਾਡੇ ਲਈ ਉਹ ਬੱਚੇ ਹੁਣ ਪਹੁੰਚੇ ਨੇ, ਭਾਵ ਅਸੀਂ ਉਨ੍ਹਾਂ ਬਾਰੇ ਹੁਣ ਜਾਣਿਆ ਹੈ। ਬਚ ਨਿਕਲੇ ਬੱਚੇ ਬਜ਼ੁਰਗ ਹੋ ਗਏ ਨੇ। ਸਰਕਾਰ ਉਨ੍ਹਾਂ ਨਾਲ਼ ਹੋਈਆਂ ਵਧੀਕੀਆਂ ਬਾਰੇ ਭਲੀਭਾਂਤ ਜਾਣਦੀ ਹੈ। ਉਸ ਨੇ ਉਨ੍ਹਾਂ ਤੇ ਹੋਰ ਮੂਲ ਨਿਵਾਸੀਆਂ ਲਈ ਕੀ ਕੀਤਾ? ਉਹ ਅਜੇ ਵੀ ਹਾਸ਼ੀਏ `ਤੇ ਜੀ ਰਹੇ ਨੇ। ਸਰਕਾਰ ਲਈ ਤਾਂ ਉਹ ਬਹੁਤ ਪਹਿਲਾਂ ਪਹੁੰਚ ਚੁੱਕੇ ਸਨ ਪਰ ਨਾ ਪਹੁੰਚਿਆਂ ਵਰਗੇ।
ਸੰਪਰਕ: 82838-26876