ਡਾ. ਰਣਜੀਤ ਸਿੰਘ
ਪੰਜਾਬ ਹੀ ਮੁਲਕ ਦਾ ਅਜਿਹਾ ਸੂਬਾ ਹੈ ਜਿੱਥੇ ਵਾਹੀ ਹੇਠ ਲਗਭਗ ਸਾਰੀ ਜ਼ਮੀਨ ਸੇਂਜੂ ਹੈ। ਇਸੇ ਕਰ ਕੇ ਇੱਥੇ ਸਾਰੀ ਧਰਤੀ ਵਿਚੋਂ ਸਾਲ ਵਿਚ ਘੱਟੋ-ਘੱਟ ਦੋ ਫ਼ਸਲਾਂ ਪ੍ਰਾਪਤ ਕੀਤੀਆਂ ਜਾਂਦੀਆਂ ਹਨ। ਇਨ੍ਹਾਂ ਦੋਵਾਂ ਮੁੱਖ ਫ਼ਸਲ ਚੱਕਰਾਂ ਨੂੰ ਹਾੜ੍ਹੀ ਤੇ ਸਾਉਣੀ ਦਾ ਨਾਮ ਦਿੱਤਾ ਗਿਆ ਹੈ। ਹਾੜ੍ਹੀ ਦੀਆਂ ਫ਼ਸਲਾਂ ਦੀ ਬਿਜਾਈ ਅਕਤੂਬਰ-ਨਵੰਬਰ ਅਤੇ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਮਈ-ਜੂਨ ਵਿਚ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹਾੜ੍ਹੀ ਦੀ ਮੁੱਖ ਫ਼ਸਲ ਕਣਕ ਹੈ ਜਦੋਂਕਿ ਝੋਨਾ ਸਾਉਣੀ ਦੀ ਮੁੱਖ ਫ਼ਸਲ ਬਣ ਗਿਆ ਹੈ। ਪੰਜਾਬ ਵਿਚ ਲਗਭਗ 28 ਲੱਖ ਹੈਕਟੇਅਰ ਵਿਚ ਝੋਨੇ ਦੀ ਲੁਆਈ ਕੀਤੀ ਜਾਂਦੀ ਹੈ। ਪਿਛਲੇ ਸਾਲ ਇਹ ਵਧ ਕੇ 30 ਲੱਖ ਹੈਕਟੇਅਰ ਤਕ ਪਹੁੰਚ ਗਿਆ ਸੀ। ਅਗੇਤਾ ਝੋਨਾ ਲਗਾਉਣ ਦੀ ਦੌੜ ਵਿਚ ਪਾਣੀ ਦੀ ਬਹੁਤ ਵਰਤੋਂ ਹੋਈ ਹੈ ਜਿਸ ਕਰ ਕੇ ਧਰਤੀ ਹੇਠਲਾ ਪਾਣੀ ਡੂੰਘਾ ਹੋ ਰਿਹਾ ਹੈ। ਇਸ ਨੂੰ ਕੱਢਣ ਲਈ ਸਬਮਰਸੀਬਲ ਪੰਪ ਲਗਾਉਣੇ ਪੈ ਰਹੇ ਹਨ ਜਿਸ ਨਾਲ ਕਾਸ਼ਤ ਲਾਗਤ ਵਿਚ ਵਾਧਾ ਹੋ ਰਿਹਾ ਹੈ।
ਪਿਛਲੇ ਕਈ ਸਾਲਾਂ ਤੋਂ ਝੋਨੇ ਹੇਠੋਂ ਕੁਝ ਰਕਬਾ ਕੱਢ ਕੇ ਦੂਜੀਆਂ ਫ਼ਸਲਾਂ ਹੇਠ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ, ਪਰ ਬਹੁਤੀ ਸਫ਼ਲਤਾ ਪ੍ਰਾਪਤ ਨਹੀਂ ਹੋ ਸਕੀ। ਕਿਸਾਨਾਂ ਨੂੰ ਆਪ ਹੀ ਇਸ ਪਾਸੇ ਯਤਨ ਕਰਨੇ ਚਾਹੀਦੇ ਹਨ। ਇਸ ਵਾਰ ਸਾਉਣੀ ਵਿਚ ਕੁਝ ਰਕਬਾ ਝੋਨੇ ਹੇਠੋਂ ਜ਼ਰੂਰ ਕੱਢਿਆ ਜਾਵੇ। ਉੱਚੀਆਂ ਅਤੇ ਰੇਤਲੀਆਂ ਥਾਵਾਂ ’ਤੇ ਝੋਨੇ ਦੀ ਥਾਂ ਮੱਕੀ ਅਤੇ ਦਾਲਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਝੋਨੇ ਦੀ ਅਗੇਤੀ ਲਗਾਈ ਤੋਂ ਗੁਰੇਜ਼ ਕੀਤਾ ਜਾਵੇ, ਇਸ ਕਰ ਕੇ ਇਸ ਦੀ ਪਨੀਰੀ ਦੀ ਬਿਜਾਈ ਜੇਠ ਦੀ ਸੰਗਰਾਂਦ ਤੋਂ ਸ਼ੁਰੂ ਕੀਤੀ ਜਾਵੇ ਅਤੇ ਇਸ ਨੂੰ ਪੁੱਟ ਕੇ ਖੇਤ ਵਿਚ ਲਗਾਉਣਾ 15 ਜੂਨ (ਹਾੜ੍ਹ ਦੀ ਸੰਗਰਾਂਦ) ਤੋਂ ਸ਼ੁਰੂ ਕੀਤਾ ਜਾਵੇ। ਪੰਜਾਬ ਵਿਚ ਬਾਸਮਤੀ ਦੀ ਸਫ਼ਲ ਖੇਤੀ ਕੀਤੀ ਜਾ ਸਕਦੀ ਹੈ। ਬਾਸਮਤੀ ਹੇਠ ਰਕਬੇ ਵਿਚ ਵੀ ਵਾਧਾ ਕੀਤਾ ਜਾ ਸਕਦਾ ਹੈ। ਪੰਜਾਬ ਵਿਚ ਕਾਸ਼ਤ ਲਈ ਝੋਨੇ ਦੀਆਂ ਤੇ ਬਾਸਮਤੀ ਦੀਆਂ ਨਵੀਆਂ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਦਾ ਝਾੜ ਵੱਧ ਹੈ ਅਤੇ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਵੀ ਹੈ। ਛੋਟੇ ਕਿਸਾਨਾਂ ਨੂੰ ਘਰ ਵਿਚ ਕੁਝ ਲਵੇਰੇ ਵੀ ਰੱਖਣੇ ਚਾਹੀਦੇ ਹਨ। ਇੰਝ ਕੁਝ ਰਕਬਾ ਚਾਰੇ ਦੀਆਂ ਫ਼ਸਲਾਂ ਹੇਠ ਆ ਜਾਵੇਗਾ। ਖੇਤਾਂ ਲਈ ਰੂੜੀ ਪ੍ਰਾਪਤ ਹੋ ਜਾਵੇਗੀ।
ਇਸ ਵਾਰ ਝੋਨੇ ਦੀਆਂ ਦੋ ਨਵੀਆਂ ਕਿਸਮਾਂ ਪੀਆਰ 131 ਅਤੇ ਪੀਆਰ 130 ਦੀ ਸਿਫ਼ਾਰਸ਼ ਕੀਤੀ ਗਈ ਹੈ। ਇਨ੍ਹਾਂ ਦਾ ਝਾੜ 30 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਹੈ ਅਤੇ ਪੱਕਣ ਵਿਚ ਸਮਾਂ 110 ਦਿਨ ਲੈਂਦੀਆਂ ਹਨ। ਇਹ ਕਿਸਮਾਂ ਝੁਲਸ ਰੋਗ ਦਾ ਵੀ ਮੁਕਾਬਲਾ ਕਰ ਸਕਦੀ ਹੈ। ਪੀਆਰ 129, ਪੀਆਰ 128, ਪੀਆਰ 122, ਪੀਆਰ 121 ਪਹਿਲਾਂ ਤੋਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ। ਹੋ ਸਕੇ ਤਾਂ ਕੱਦੂ ਕਰਨ ਤੋਂ ਪਹਿਲਾਂ ਖੇਤਾਂ ਨੂੰ ਲੇਜ਼ਰ ਕਰਾਹੇ ਨਾਲ ਪੱਧਰਾ ਕੀਤਾ ਜਾਵੇ। ਅਗੇਤੀ ਬਿਜਾਈ ਨਾਲ ਜਿੱਥੇ ਪਾਣੀ ਦਾ ਨੁਕਸਾਨ ਹੁੰਦਾ ਹੈ, ਉੱਥੇ ਬਿਮਾਰੀਆਂ ਵੀ ਲਗਦੀਆਂ ਹਨ ਤੇ ਪੱਕਣ ਸਮੇਂ ਮੀਂਹ ਪੈਣ ਦਾ ਡਰ ਰਹਿੰਦਾ ਹੈ।
ਬਾਸਮਤੀ ਦੀ ਪਨੀਰੀ 15 ਜੂਨ ਤੋਂ ਬੀਜਣੀ ਸ਼ੁਰੂ ਕਰ ਦਿੱਤੀ ਜਾਵੇ ਤੇ ਇਸ ਨੂੰ ਪੁੱਟ ਕੇ ਖੇਤ ਵਿਚ 10 ਜੁਲਾਈ ਤੋਂ ਲਗਾਉਣਾ ਸ਼ੁਰੂ ਕੀਤਾ ਜਾਵੇ। ਵੱਧ ਝਾੜ ਦੇਣ ਵਾਲੀਆਂ ਕਿਸਮਾਂ ਪੰਜਾਬ ਬਾਸਮਤੀ 5, ਪੰਜਾਬ ਬਾਸਮਤੀ 7 ਤੇ ਸੀਐੱਸਆਰ 30 ਪੂਸਾ ਬਾਸਮਤੀ 1509 ਦੀ ਸਿਫ਼ਾਰਸ਼ ਕੀਤੀ ਗਈ ਹੈ।
ਦਾਲਾਂ ਬਾਜ਼ਾਰ ਵਿਚ ਬਹੁਤ ਮਹਿੰਗੀਆਂ ਹਨ। ਇਸ ਵਾਰ ਘੱਟੋ-ਘੱਟ ਘਰ ਦੀ ਲੋੜ ਪੂਰੀ ਕਰਨ ਲਈ ਸਾਰੇ ਕਿਸਾਨਾਂ ਨੂੰ ਦਾਲਾਂ ਦੀ ਕਾਸ਼ਤ ਜ਼ਰੂਰ ਕਰਨੀ ਚਾਹੀਦੀ ਹੈ। ਪੰਜਾਬੀਆਂ ਦੀਆਂ ਮੁੱਖ ਦਾਲਾਂ ਮਾਂਹ ਤੇ ਮੂੰਗੀ ਦੀ ਬਿਜਾਈ ਇਸੇ ਮੌਸਮ ਵਿਚ ਕੀਤੀ ਜਾਂਦੀ ਹੈ। ਇਹ ਦਾਲਾਂ ਧਰਤੀ ਦੀ ਸਿਹਤ ਨੂੰ ਠੀਕ ਕਰਦੀਆਂ ਹਨ। ਜੇ ਫ਼ਸਲ ਖਰਾਬ ਵੀ ਹੋ ਜਾਵੇ ਤਾਂ ਇਸ ਨੂੰ ਖੇਤ ਵਿਚ ਵਾਹ ਦਿੱਤਾ ਜਾਵੇ ਜਿਸ ਨਾਲ ਇਹ ਵਧੀਆ ਖਾਦ ਦਾ ਕੰਮ ਕਰਨਗੀਆਂ।
ਮਾਂਹ ਅਤੇ ਮੂੰਗੀ ਦੀ ਦਾਲਾਂ ਪੰਜਾਬੀ ਸਭ ਤੋਂ ਵੱਧ ਵਰਤਦੇ ਹਨ। ਮਾਹਾਂ ਦੀ ਦਾਲ ਬਗੈਰ ਤਾਂ ਪੰਜਾਬੀਆਂ ਦਾ ਕੋਈ ਵੀ ਵਿਸ਼ੇਸ਼ ਖਾਣਾ ਸੰਪੂਰਨ ਨਹੀਂ ਸਮਝਿਆ ਜਾਂਦਾ ਪਰ ਬਹੁਤੇ ਕਿਸਾਨਾਂ ਨੇ ਇਨ੍ਹਾਂ ਦਾਲਾਂ ਦੀ ਕਾਸ਼ਤ ਬੰਦ ਕਰ ਦਿੱਤੀ ਹੈ। ਮਾਂਹ ਅਤੇ ਮੂੰਗੀ ਦੋਵਾਂ ਦੀ ਕਾਸ਼ਤ ਸਾਉਣੀ ਵਿਚ ਕੀਤੀ ਜਾਂਦੀ ਹੈ ਤੇ ਜੁਲਾਈ ਦਾ ਪਹਿਲਾ ਪੰਦਰਵਾੜਾ ਇਨ੍ਹਾਂ ਦੀ ਕਾਸ਼ਤ ਲਈ ਢੁੱਕਵਾਂ ਸਮਾਂ ਹੈ। ਐਮਐਲ 1808, ਐਮਐਲ 2056 ਅਤੇ ਐਮਐਲ 818, ਮੂੰਗੀ ਦੀਆਂ ਸਿਫ਼ਾਰਸ਼ ਕੀਤੀਆਂ ਕਿਸਮਾਂ ਹਨ ਜਦੋਂਕਿ ਮਾਸ 114 ਮਾਂਹ 883 ਮਾਹਾਂ ਦੀਆਂ ਉੱਨਤ ਕਿਸਮਾਂ ਹਨ। ਇਕ ਏਕੜ ਵਿਚ ਰੋਗ ਰਹਿਤ ਨਰੋਏ ਦਾਣਿਆਂ ਦਾ ਅੱਠ ਕਿਲੋ ਬੀਜ ਪਾਇਆ ਜਾਵੇ। ਬਿਜਾਈ ਸਮੇਂ ਲਾਈਨਾਂ ਵਿਚਕਾਰ 30 ਸੈਂਟੀਮੀਟਰ ਮੀਟਰ ਫ਼ਾਸਲਾ ਰੱਖਿਆ ਜਾਵੇ। ਇਹ ਦੋਵੇਂ ਦਾਲਾਂ ਧਰਤੀ ਦੀ ਉਪਜਾਊ ਸ਼ਕਤੀ ਵਿਚ ਵਾਧਾ ਕਰਦੀਆਂ ਹਨ ਪਰ ਫਿਰ ਵੀ ਬਿਜਾਈ ਸਮੇਂ 11 ਕਿਲੋ ਯੂਰੀਆ ਪ੍ਰਤੀ ਏਕੜ ਪਾ ਦੇਣਾ ਚਾਹੀਦਾ ਹੈ। ਨਦੀਨਾਂ ਦੀ ਰੋਕਥਾਮ ਲਈ ਇੱਕ ਜਾਂ ਦੋ ਗੋਡੀਆਂ ਕਰੋ। ਫ਼ਸਲ ਨੂੰ ਪਾਣੀ ਉਦੋਂ ਹੀ ਦਿੱਤਾ ਜਾਵੇ, ਜਦੋਂ ਲੋੜ ਹੋਵੇ। ਮੂੰਗੀ ਦੇ ਬੀਜ ਨੂੰ ਬੀਜਣ ਸਮੇਂ ਰਾਈਬੋਜ਼ੀਅਮ ਦਾ ਟੀਕਾ ਲਗਾ ਲੈਣਾ ਚਾਹੀਦਾ ਹੈ। ਪੂਰੀ ਮਿਹਨਤ ਨਾਲ ਕੀਤੀ ਕਾਸ਼ਤ ਨਾਲ ਇਕ ਏਕੜ ਵਿਚੋਂ 5 ਕੁਇੰਟਲ ਤਕ ਝਾੜ ਪ੍ਰਾਪਤ ਹੋ ਸਕਦਾ ਹੈ। ਪੰਜਾਬ ਵਿਚ ਦੋਵਾਂ ਦੀ ਪੈਦਾਵਾਰ ਮਸਾਂ ਚਾਰ ਹਜ਼ਾਰ ਟਨ ਹੁੰਦੀ ਹੈ। ਇੰਨੀ ਖ਼ਰੀਦ ਇਕ ਪਹਿਲਾਂ ਤੋਂ ਮਿੱਥੇ ਭਾਅ ਉੱਤੇ ਪੰਜਾਬ ਸਰਕਾਰ ਦੀਆਂ ਏਜੰਸੀਆਂ ਕਰ ਸਕਦੀਆਂ ਹਨ। ਇਸ ਲਈ ਕੇਂਦਰ ਸਰਕਾਰ ਉੱਤੇ ਨਿਰਭਰ ਹੋਣ ਦੀ ਲੋੜ ਨਹੀਂ ਹੈ।
ਮੱਕੀ ਦੀ ਬਿਜਾਈ ਜੂਨ ਦੇ ਮਹੀਨੇ ਵਿਚ ਪੂਰੀ ਕਰ ਲੈਣੀ ਚਾਹੀਦੀ ਹੈ। ਪੀਐੱਮਐੱਚ-1 ਦੋਗਲੀ ਕਿਸਮ ਹੈ। ਇਹ ਪੱਕਣ ਵਿਚ 95 ਦਿਨ ਲੈਂਦੀ ਹੈ ਪਰ ਇਸ ਦਾ ਝਾੜ 21 ਕੁਇੰਟਲ ਪ੍ਰਤੀ ਏਕੜ ਹੈ। ਪੀਐੱਮਐੱਚ-2 ਪੱਕਣ ਵਿਚ 83 ਦਿਨ ਲੈਂਦੀ ਹੈ ਪਰ ਇਸ ਦਾ ਝਾੜ 18 ਕੁਇੰਟਲ ਹੈ। ਪੀਐੱਮਐੱਚ 13 ਪੱਕਣ ਵਿਚ 97 ਦਿਨ ਲੈਂਦੀ ਹੈ ਤੇ ਇਸ ਦਾ ਝਾੜ 24 ਕੁਇੰਟਲ ਪ੍ਰਤੀ ਏਕੜ ਹੈ। ਇਸੇ ਤਰ੍ਹਾਂ ਪੀਐੱਮਐੱਚ 11 ਪੱਕਣ ਵਿਚ 95 ਦਿਨ ਲੈਂਦੀ ਹੈ ਤੇ ਝਾੜ 22 ਕੁਇੰਟਲ ਪ੍ਰਤੀ ਏਕੜ ਹੈ। ਜੇ ਹਰੀਆਂ ਛੱਲੀਆਂ ਵੇਚਣੀਆਂ ਹਨ ਤਾਂ ਪੰਜਾਬ ਸਵੀਟ ਕਾਰਨ-1 ਕਿਸਮ ਬੀਜੀ ਜਾਵੇ। ਇਸ ਦੀਆਂ ਛਲੀਆਂ ਮਿੱਠੀਆਂ ਹੁੰਦੀਆਂ ਹਨ। ਪੌਪਕੌਰਨ ਬਣਾਉਣ ਲਈ ਵੱਖਰੀ ਕਿਸਮ ਹੈ, ਇਸ ਦਾ ਨਾਮ ਪਰਲ ਪੌਪਕੌਰਨ ਹੈ। ਕੁਝ ਰਕਬੇ ਵਿਚ ਇਹ ਦੋਵੇਂ ਕਿਸਮਾਂ ਬੀਜੀਆਂ ਜਾ ਸਕਦੀਆਂ ਹਨ। ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕਰ ਕੇ ਬਿਜਾਈ ਕਰਨੀ ਚਾਹੀਦੀ ਹੈ। ਪਰਲ ਪੌਪਕੌਰਨ ਅਤੇ ਬਾਕੀ ਕਿਸਮਾਂ ਦਾ ਅੱਠ ਕਿਲੋ ਬੀਜ ਪ੍ਰਤੀ ਏਕੜ ਪਾਇਆ ਜਾਵੇ। ਬਿਜਾਈ ਕਰਦੇ ਸਮੇਂ ਲਾਈਨਾਂ ਵਿਚਕਾਰ ਫ਼ਾਸਲਾ 60 ਸੈਂਟੀਮੀਟਰ ਰੱਖਿਆ ਜਾਵੇ। ਖੇਤ ਤਿਆਰ ਕਰਦੇ ਸਮੇਂ ਛੇ ਟਨ ਦੇਸੀ ਰੂੜੀ ਜ਼ਰੂਰ ਪਾਵੋ। ਰਸਾਇਣਕ ਖਾਦਾਂ ਦੀ ਵਰਤੋਂ ਖੇਤ ਦੀ ਮਿੱਟੀ ਪਰਖ ਦੇ ਆਧਾਰ ’ਤੇ ਕੀਤੀ ਜਾਵੇ। ਜੇ ਵਿਕਰੀ ਦਾ ਪ੍ਰਬੰਧ ਹੋ ਸਕੇ ਤਾਂ ਕੁਝ ਰਕਬਾ ਬੇਬੀਕੌਰਨ ਹੇਠ ਬੀਜਿਆ ਜਾ ਸਕਦਾ ਹੈ। ਇਸ ਲਈ ਪੰਜਾਬ ਬੇਬੀਕੌਰਨ-1 ਕਿਸਮ ਬੀਜੋ। ਸਾਉਣੀ ਲਈ ਖੇਤਾਂ ਦੀ ਯੋਜਨਾ ਬਣਾਵੋ। ਕਿਹੜੇ ਖੇਤ ਵਿਚ ਕਿਹੜੀ ਫ਼ਸਲ ਬੀਜਣੀ ਹੈ ਉਸ ਦਾ ਫ਼ੈਸਲਾ ਪਹਿਲਾਂ ਹੀ ਕਰ ਲਵੋ। ਇਸੇ ਅਨੁਸਾਰ ਬੀਜ ਅਤੇ ਖਾਦਾਂ ਦਾ ਪ੍ਰਬੰਧ ਕਰ ਕੇ ਰੱਖੋ।
ਸੰਪਰਕ: 94170-87328