ਅੱਧੇ ਪਾਗਲ

ਅੱਧੇ ਪਾਗਲ

ਕਮਲਜੀਤ ਸਿੰਘ ਬਨਵੈਤ

ਕਮਲਜੀਤ ਸਿੰਘ ਬਨਵੈਤ

ਸਾਡੇ ਪਿੰਡ ਦੋ ਦਰਸ਼ਨੀ ਥਾਵਾਂ ਹਨ। ਪਿੰਡ ਦੇ ਇੱਕ ਪਾਸੇ ਗੁਰਦੁਆਰਾ ਸ਼ਹੀਦ ਗੰਜ ਹੈ, ਦੂਜੇ ਪਾਸੇ ਬੈਂਗ ਵਾਲੀ ਖੂਹੀ। ਸਾਡਾ ਘਰ ਬੈਂਗ ਵਾਲੀ ਖੂਹੀ ਨੇੜੇ ਵੱਜਦਾ ਹੈ। ਹੁਣ ਇਹਦਾ ਨਾਂ ਬੈਂਗ ਵਾਲਾ ਚੌਕ ਪੈ ਗਿਆ ਹੈ। ਛੋਟੇ ਹੁੰਦਿਆਂ ਤਾਂ ਬੈਂਗ ਵਾਲੀ ਖੂਹੀ ਦਾ ਆਪਣਾ ਹੀ ਨਜ਼ਾਰਾ ਹੁੰਦਾ ਸੀ। ਵਤਨ ਸਿੰਘ ਤੜਕੇ ਤੜਕੇ ਆਪਣਾ ਝੋਟਾ ਜੋੜ ਕੇ ਪਾਣੀ ਵਾਲੀ ਟੈਂਕੀ ਅਤੇ ਖੁਰਲੀ ਭਰ ਦਿੰਦਾ ਅਤੇ ਪਾਣੀ ਵਾਲੀ ਖੁਰਲੀ ਤੋਂ ਸਾਡੇ ਵਾਲੇ ਪਾਸੇ ਦੇ ਪਸ਼ੂ ਸਾਰਾ ਦਿਨ ਪਾਣੀ ਪੀਂਦੇ ਰਹਿੰਦੇ। ਦੂਜੇ ਪਾਸੇ ਬਣੀ ਟੈਂਕੀ ਤੇ ਸਵੇਰੇ ਸ਼ਾਮ ਨਹਾਉਣ ਵਾਲਿਆਂ ਦਾ ਵਾਰ ਫੇਰਨਾ ਪੈਂਦਾ। ਇਸ ਥਾਂ ਦਾ ਨਾਂ ਬੈਂਗ ਵਾਲੀ ਖੂਹੀ ਕਿਵੇਂ ਪਿਆ, ਕਦੇ ਪੁੱਛਿਆ ਨਹੀਂ। ਉਂਝ, ਪੁਰਾਣੇ ਜ਼ਮਾਨੇ ਵਿਚ ਜਿੱਥੇ ਪਸ਼ੂਆਂ ਦਾ ਚੌਣਾ ਇਕੱਠਾ ਹੁੰਦਾ ਸੀ, ਉਹਨੂੰ ਬੈਂਗ ਕਹਿੰਦੇ ਸਨ। ਖੂਹੀ ਨਾਲ ਵੱਡਾ ਪਿੱਪਲ ਸੀ ਜਿਹਦੇ ਹੇਠ ਬਣੇ ਚੌਂਤੇ ਉੱਤੇ ਪੂਰਾ ਦਿਨ ਤਾਸ਼ ਵੱਜਦੀ ਰਹਿੰਦੀ। ਅਸੀਂ ਪਾੜ੍ਹਿਆਂ ਵਿਚੋਂ ਸਾਂ, ਇਸੇ ਲਈ ਪਰ੍ਹੇ ਦੀ ਹੋ ਕੇ ਲੰਘਦੇ ਰਹੇ।

ਜਦੋਂ ਫਿਰ ਘਰਾਂ ਵਿਚ ਨਲਕੇ ਲੱਗ ਗਏ, ਬੈਂਗ ਵਾਲੀ ਖੂਹੀ ਬੇਰੌਣਕੀ ਹੋ ਗਈ। ਵਤਨ ਸਿਹੁੰ ਨੇ ਘਰ-ਬਾਰ ਵੇਚ ਕੇ ਚਾਚੀ ਸਮੇਤ ਸ਼ਹਿਰ ਦੇ ਗੁਰਦੁਆਰੇ ਦੀ ਲੰਗਰ ਦੀ ਸੇਵਾ ਲੈ ਲਈ ਹੈ। ਆਹ ਪਿੱਛੇ ਜਿਹੇ ਜਦੋਂ ਤੋਂ ਕਾਮਰੇਡ ਸ਼ਿੰਦਾ ਪਿੰਡ ਦਾ ਸਰਪੰਚ ਬਣਿਆ ਹੈ, ਉਹਨੇ ਖੂਹੀ ਪੂਰ ਕੇ ਸਾਰਾ ਪੱਧਰਾ ਕਰ ਦਿੱਤਾ ਹੈ। ਉਸ ਤੋਂ ਬਾਅਦ ਇਹਦਾ ਨਾਂ ਬੈਂਗ ਵਾਲਾ ਚੌਂਤੜਾ ਪੈ ਗਿਆ। ਇੱਥੇ ਪਿੰਡ ਦੀ ਪੰਚਾਇਤ ਦਾ ਇਜਲਾਸ ਜੁੜਦਾ ਹੈ ਅਤੇ ਨਾਟਕ ਵੀ ਖੇਡੇ ਜਾਂਦੇ ਰਹੇ ਹਨ। ਸਿਆਸੀ ਮੀਟਿੰਗਾਂ ਵੀ ਇੱਥੇ ਰੱਖੀਆਂ ਜਾਂਦੀਆਂ ਹਨ।

ਮੇਰਾ ਪਿੰਡ ਦੇ ਬਾਜ਼ਾਰ ਵੱਲ ਸਵੇਰੇ ਸ਼ਾਮ ਦਾ ਗੇੜਾ ਹੈ ਪਰ ਹੁਣ ਪਿੱਪਲ ਥੱਲੇ ਚੌਂਤੜੇ ਉੱਤੇ ਤਾਸ਼ ਨਹੀਂ ਵੱਜਦੀ ਸਗੋਂ ਉੱਥੇ ਅਕਸਰ ਵੱਡੀ ਉਮਰ ਦੀ ਮਾਈ ਬੈਠੀ ਦਿਸਦੀ ਹੈ। ਉਹਨੇ ਪਿੱਪਲ ਦੇ ਤਣੇ ਅਤੇ ਟਾਹਣੀਆਂ ਨਾਲ ਲਾਲ ਚੁੰਨੀ ਅਤੇ ਲਾਲ-ਪੀਲੇ ਗਾਨੇ ਬੰਨ੍ਹੇ ਹੋਏ ਹਨ। ਲੋਕ ਵੀ ਹੁਣ ਚੌਂਤੜੇ ਤੋਂ ਦੂਰ ਦੀ ਹੋ ਕੇ ਲੰਘਣ ਲੱਗੇ ਹਨ। ਇਸ ਬਜ਼ੁਰਗ ਔਰਤ ਨੇ ਬੈਂਗ ਵਾਲੇ ਚੌਂਤੜੇ ਨੂੰ ਦਿਨ ਦਾ ਟਿਕਾਣਾ ਬਣਾ ਲਿਆ ਹੈ। ਰਾਤ ਨੂੰ ਉਹ ਕਿਧਰੇ ਚਲੀ ਜਾਂਦੀ ਹੈ। ਪਿੰਡ ਵਿਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਛਿੜ ਪਈਆਂ ਹਨ। ਕੋਈ ਕਹਿੰਦਾ ਹੈ ਕਿ ਗੁਆਂਢੀ ਮੁਲਕ ਨੇ ਜਾਸੂਸ ਛੱਡੀ ਹੋਈ ਹੈ; ਕਿਸੇ ਦੇ ਮੂੰਹੋਂ ਸੁਣੀਂਦਾ ਹੈ, ਇਹ ਨਿਆਣੇ ਚੁੱਕਣ ਵਾਲੇ ਗਰੋਹ ਦੀ ਮੈਂਬਰ ਹੈ। ਬਹੁਤੇ ਇਹ ਵੀ ਕਹਿ ਛੱਡਦੇ ਹਨ ਕਿ ਇਹ ਅੱਧੀ ਪਾਗਲ ਲੱਗਦੀ ਹੈ। ਟਾਵੇਂ ਟਾਵੇਂ ਇਹ ਕਹਿੰਦੇ ਵੀ ਸੁਣੇ ਹਨ ਕਿ ਇਹੋ ਜਿਹੇ ਲੋਕ ਸੰਤ ਰੂਹ ਹੁੰਦੇ ਹਨ, ਫਿਰ ਵੀ ਦੂਰ ਰਹਿਣਾ ਚੰਗਾ ਹੈ। ਲੋਕ ਉਹਦੇ ਮੂਹਰੇ ਘਰ ਦਾ ਬਚਿਆ ਖੁਚਿਆ ਖਾਣਾ ਰੱਖ ਦਿੰਦੇ ਹਨ, ਉਹ ਦਬਾ-ਦਬ ਖਾ ਲੈਂਦੀ ਹੈ। ਹੁਣ ਉਹ ਵਿਆਹ-ਸ਼ਾਦੀ ਜਾਂ ਭੋਗ ਵਾਲੇ ਘਰ ਵੀ ਜਾ ਖੜ੍ਹਦੀ ਹੈ। ਘਰਵਾਲੇ ਉਹਨੂੰ ਦੇਖਦਿਆਂ ਹੀ ਪ੍ਰਸ਼ਾਦੇ ਉੱਤੇ ਸਬਜ਼ੀ ਰੱਖ, ਦੋਵੇਂ ਹੱਥ ਅਤੇ ਸਿਰ ਹਿਲਾ ਕੇ ਜਾਣ ਲਈ ਕਹਿ ਦਿੰਦੇ ਹਨ। ਉਹ ਵੀ ਕਿਸੇ ਦੇ ਘਰ ਰੁਕਦੀ ਨਹੀਂ।

ਬੜੀ ਵਾਰ ਦਿਲ ਕੀਤਾ ਕਿ ਉਹਦੇ ਕੋਲ ਜਾ ਕੇ ਦੁੱਖ-ਸੁੱਖ ਕਰਾਂ ਪਰ ਉਹਦੇ ਆਪਣੇ ਗਲ ਪੈ ਜਾਣ ਤੋਂ ਡਰ ਜਾਂਦਾ ਹਾਂ। ਮਨ ਵਿਚ ਇਹ ਖਿਆਲ ਵੀ ਆਉਂਦਾ ਕਿ ਪਿੰਡ ਵਾਲੇ ਕੀ ਕਹਿਣਗੇ। ਪਿੰਡ ਵਾਲੇ ਬੜੀ ਵਾਰ ਅੱਧ ਪਾਗਲ ਦਿਸਦੀ ਇਸ ਮਾਈ ਬਾਰੇ ਪੁਲੀਸ ਨੂੰ ਸੂਚਨਾ ਦੇਣ ਦੀਆਂ ਗੱਲਾਂ ਕਰਦੇ ਹਨ ਪਰ ਫਿਰ ਸਭ ਦੇ ਮਨ ਵਿਚ ਤਰਸ ਆ ਜਾਂਦਾ- ਨਾ ਜਾਣੇ ਕਿਹੜੇ ਵਖਤਾਂ ਦੀ ਮਾਰੀ ਇੱਦਾਂ ਦੀ ਜ਼ਿੰਦਗੀ ਕੱਟ ਰਹੀ ਹੈ। ਹੋ ਸਕਦਾ ਹੈ, ਘਰੇ ਬੱਚੇ ਨਾ ਝੱਲਦੇ ਹੋਣ, ਬਹੂਆਂ ਨੇ ਘਰੋਂ ਕੱਢ ਦਿੱਤੀ ਹੋਵੇ। ਇਹ ਵੀ ਹੋ ਸਕਦਾ, ਘਰ ਪਰਿਵਾਰ ਦਾ ਕੋਈ ਜੀਅ ਹੀ ਨਾ ਹੋਵੇ। ਦੁੱਖਾਂ ਦੀ ਮਾਰੀ ਅੱਧੀ ਪਾਗਲ ਹੋ ਗਈ ਹੋਵੇ। ਨਹੀਂ ਤਾਂ ਹੱਸਦਾ ਵੱਸਦਾ ਘਰ ਪਰਿਵਾਰ ਛੱਡ ਕੇ ਲੋਕਾਂ ਦੇ ਦਰਾਂ ਉੱਤੇ ਰੁਲਣ ਦਾ ਕਿਹਦਾ ਜੀਅ ਕਰਦਾ ਹੈ। ਉਂਝ ਪਿੰਡ ਦੇ ਤੇਜ਼ ਤਰਾਰ ਮੁੰਡਿਆਂ ਨੇ ਇਹ ਪਤਾ ਲਾ ਲਿਆ ਕਿ ਰਾਤ ਨੂੰ ਉਹ ਪਿੰਡ ਦੇ ਬਾਹਰ ਬਣੀ ਕਿਸੇ ਪੁਰਾਣੇ ਵੇਲੇ ਦੇ ਸੰਤ ਦੀ ਕੁਟੀਆ ਵਿਚ ਜਾ ਕੇ ਸੌਂਦੀ ਹੈ।

ਆਹ ਜਦੋਂ ਦੀ ਸਰਦੀ ਘਟੀ ਹੈ, ਉਹ ਰਾਤ ਨੂੰ ਵੀ ਬੈਂਗ ਵਾਲੇ ਚੌਂਤੜੇ ਉੱਤੇ ਪਿੱਪਲ ਹੇਠਾਂ ਸੌਣ ਲੱਗੀ ਹੈ। ਉਹਦੇ ਕੋਲ ਭੁੰਜੇ ਬੈਠਣ ਲਈ ਬੋਰੀਆਂ ਦਾ ਆਸਣ ਤਾਂ ਹੈ ਹੀ ਸੀ, ਰਾਤ ਨੂੰ ਉਹ ਉਹੋ ਬੋਰੀਆਂ ਖੋਲ੍ਹ ਕੇ ਵਿਛਾ ਲੈਂਦੀ। ਹੁਣ ਪਿੰਡ ਦੇ ਲੋਕਾਂ ਨੂੰ ਉਸ ਤੋਂ ਡਰ ਨਹੀਂ ਲੱਗਦਾ। ਗੱਲਾਂ ਵੀ ਪਹਿਲਾਂ ਵਾਂਗ ਨਹੀਂ ਹੁੰਦੀਆਂ। ਸਭ ਨੂੰ ਲੱਗਣ ਲੱਗਾ ਹੈ ਜਿਵੇਂ ਉਹ ਪਿੰਡ ਦਾ ਹਿੱਸਾ ਹੋਵੇ। ਕਈ ਤਾਂ ਦਿਨ-ਸੁਦ ਮੌਕੇ ਉਹਨੂੰ ਖਾਣਾ ਵੀ ਪਰੋਸਣ ਲੱਗ ਪਏ ਹਨ। ਪਿੰਡ ਦੀਆਂ ਬਜ਼ੁਰਗ ਬੀਬੀਆਂ ਨੂੰ ਕਈ ਵਾਰ ਕਹਿੰਦਿਆਂ ਸੁਣਿਆ ਹੈ ਕਿ ਸਿੱਧੜਾਂ ਦੀ ਦੁਰ-ਅਸੀਸ ਬੰਦੇ ਨੂੰ ਮਾਰ ਲੈਂਦੀ ਹੈ ਤੇ ਅਸੀਸਾਂ ਫਲਣ ਲੱਗਿਆਂ ਦੇਰ ਨਹੀਂ ਲੱਗਦੀ।

ਪਿੰਡ ਵੱਡੇ ਤੜਕੇ ਸਾਢੇ ਤਿੰਨ ਵਜੇ ਗੁਰਦੁਆਰੇ ਦਾ ਸਪੀਕਰ ਬੋਲ ਪੈਂਦਾ ਹੈ। ਲੋਕ ਪਾਠੀ ਦੀ ਆਵਾਜ਼ ਸੁਣ ਕੇ ਬਿਸਤਰੇ ਵਿਚੋਂ ਉੱਠਦੇ ਹਨ ਪਰ ਇਕ ਦਿਨ ਗੁਰਦੁਆਰੇ ਦੇ ਪਾਠੀ ਦੇ ਬੋਲਣ ਤੋਂ ਪਹਿਲਾਂ ਹੀ ਮੇਰੀ ਨੀਂਦ ਲੋਕਾਂ ਦੀਆਂ ਉੱਚੀਆਂ ਆਵਾਜ਼ਾਂ ਨਾਲ ਖੁੱਲ੍ਹਦੀ ਹੈ। ਲੋਕ ਘਰਾਂ ਵਿਚੋਂ ਨਿਕਲ ਕੇ ਬੈਂਗ ਵਾਲੀ ਖੂਹੀ ਵੱਲ ਹੋ ਤੁਰੇ ਹਨ। ਮੈਂ ਵੀ ਮਗਰੇ ਤੁਰ ਪੈਂਦਾ ਹਾਂ। ਬੈਂਗ ਵਾਲੇ ਚੌਂਤੜੇ ਦੁਆਲੇ ਲੋਕਾਂ ਦੀ ਭੀੜ ਹੈ। ਬੁੱਢੀ ਮਾਈ ਪਿੱਪਲ ਨਾਲ ਬੰਨ੍ਹੇ ਬੰਦੇ ਨੂੰ ਚੱਪਲਾਂ ਨਾਲ ਕੁੱਟ ਰਹੀ ਹੈ। ਇੰਨੇ ਨੂੰ ਚੈਨਲਾਂ ਵਿਚ ਕੰਮ ਕਰਦੇ ਪਿੰਡ ਦੇ ਦੋ ਰਿਪੋਰਟਰ ਆ ਕੇ ਵੀਡੀਓ ਬਣਾਉਣ ਲੱਗਦੇ ਹਨ। ਛੇਤੀ ਹੀ ਸਮਝ ਪੈ ਗਈ ਕਿ ਕੋਈ ਬੇਰਹਿਮ ਰਾਤ ਨੂੰ ਇਕੱਲਾ ਜਿਸਮ ਦੇਖ ਕੇ ਪੈ ਗਿਆ ਹੈ। ਮਾਈ ਸਾਰੇ ਕੁਝ ਤੋਂ ਬੇਖਬਰ ਪਿੱਪਲ ਨਾਲ ਬੰਨ੍ਹੇ ਬੰਦੇ ਨੂੰ ਕੁੱਟੀ ਜਾਂਦੀ ਸੀ ਤੇ ਝੱਈਆਂ ਲੈ ਲੈ ਪੈ ਰਹੀ ਸੀ। ਇੰਨੇ ਨੂੰ ਨਾਲ ਲੱਗਦੇ ਕਸਬੇ ਦੀ ਪੁਲੀਸ ਚੌਕੀ ਵਾਲਿਆਂ ਦੀ ਜਿਪਸੀ ਆਣ ਰੁਕੀ।

ਮੈਂ ਪਰ੍ਹੇ ਖੜ੍ਹਾ ਸੋਚਦਾ ਹਾਂ- ਇਸ ਅੱਧ ਪਾਗਲ ਮਾਈ ਨੇ ਆਪਣਾ ਆਪ ਬਚਾ ਲਿਆ। ਜੇ ਅਸੀਂ ਸਾਰੇ ਅੱਧੇ ਪਾਗਲ ਹੋ ਜਾਈਏ ਤਾਂ ਕਿੰਨੇ ਨਿਰਭਯਾ ਕਾਂਡ ਹੋਣ ਤੋਂ ਬਚ ਜਾਣ...।
ਸੰਪਰਕ: 98147-34035

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All