ਬੀਬੀ ਜਗੀਰ ਕੌਰ
ਸਾਢੇ ਪੰਜ ਸਦੀਆਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਹੋਇਆ। ਉਸ ਸਮੇਂ ਇਹ ਨਗਰ ਰਾਇ ਭੋਇੰ ਦੀ ਤਲਵੰਡੀ ਵਜੋਂ ਜਾਣਿਆ ਜਾਂਦਾ ਸੀ। ਬਾਅਦ ਵਿਚ ਇਸ ਨਗਰ ਨੂੰ ਸ੍ਰੀ ਨਨਕਾਣਾ ਸਾਹਿਬ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਕੂੜ-ਕੁਸੱਤ ਦੇ ਭਾਰ ਨਾਲ ਡਿੱਗਦੀ, ਡੋਲਦੀ, ਅਗਿਆਨਤਾ ਦੇ ਹਨੇਰੇ ਵਿਚ ਭਟਕਦੀ ਲੋਕਾਈ ਨੂੰ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਅਗੰਮੀ ਸੁੱਖ-ਚੈਨ ਨਸੀਬ ਹੋਇਆ। ਉਨ੍ਹਾਂ ਦੀ ਵਿਚਾਰਧਾਰਾ ਸਮੁੱਚੀ ਮਾਨਵਤਾ ਨੂੰ ਜੋੜਨ ਵਾਲੀ ਹੈ। ਆਪ ਜੀ ਨੇ ਮਨੁੱਖੀ ਬਰਾਬਰੀ, ਸਾਂਝੀਵਾਲਤਾ ਅਤੇ ਸੁਤੰਤਰਤਾ ਵਾਲੀ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਕੇ ਸੰਸਾਰ ਦਾ ਮਾਰਗ ਦਰਸ਼ਨ ਕੀਤਾ। ਉਨ੍ਹਾਂ ਦੀ ਵਿਚਾਰਧਾਰਾ ਨੇ ਮਨੁੱਖ ਨੂੰ ਧਾਰਮਿਕ ਪੱਖ ਤੋਂ ਸਚਿਆਰ, ਸਮਾਜਿਕ ਪੱਖ ਤੋਂ ਬਰਾਬਰ ਅਤੇ ਆਰਥਿਕ ਪੱਖ ਤੋਂ ਆਪਣੀ ਸੱਚੀ-ਸੁੱਚੀ ਕਿਰਤ ਰਾਹੀਂ ਸੰਤੁਸ਼ਟ ਰਹਿਣਾ ਸਿਖਾਇਆ। ਉਨ੍ਹਾਂ ਦੀ ਇਹ ਵਿਚਾਰਧਾਰਾ ਅੱਜ ਵੀ ਨਵੀਂ ਨਰੋਈ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਕਰਤਾ ਪੁਰਖ ਨਾਲ ਮਾਨਵਤਾ ਨੂੰ ਜੋੜਨ ਲਈ ਸਰਲ ਜੀਵਨ ਮਾਰਗ ਦਿਖਾਇਆ। ਉਨ੍ਹਾਂ ਨੇ ਧਾਰਮਿਕ ਖੇਤਰ ਅੰਦਰ ਫੈਲੀਆਂ ਕੁਰੀਤੀਆਂ ਦਾ ਖੰਡਨ ਕੀਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਨੂੰ ਸਿਰਫ਼ ਅਧਿਆਤਮਿਕਤਾ ਤਕ ਹੀ ਸੀਮਤ ਨਹੀਂ ਰੱਖਿਆ ਸਗੋਂ ਇਸ ਨੂੰ ਮਨੁੱਖੀ ਜੀਵਨ ਦੀ ਹਰ ਪੱਖ ਤੋਂ ਅਗਵਾਈ ਕਰਨ ਵਾਲਾ ਬਣਾਇਆ। ਉਨ੍ਹਾਂ ਨੇ ਮਨੁੱਖ ਨੂੰ ਦਇਆ, ਸੇਵਾ, ਸੰਤੋਖ, ਸਹਿਜ, ਸੰਜਮ, ਨਿਮਰਤਾ, ਆਤਮ-ਨਿਰਮਲ ਤੇ ਸਵੈਮਾਣ ਵਾਲਾ ਜੀਵਨ ਜਿਊਣ ਦੇ ਯੋਗ ਬਣਾਇਆ। ਉਨ੍ਹਾਂ ਆਪਣੇ ਸਮਕਾਲੀ ਸਮਾਜ ਵਿਚ ਆਰਥਿਕ ਅਸਮਾਨਤਾ, ਲੁੱਟ-ਖਸੁੱਟ ਖੋਹ-ਖਿੰਝੀ ਨੂੰ ਦੇਖਦਿਆਂ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦੇ ਬੁਨਿਆਦੀ ਸਿਧਾਂਤ ਦਾ ਪ੍ਰਚਾਰ ਕੀਤਾ; ਭਾਵ ਉਨ੍ਹਾਂ ਦੀ ਵਿਚਾਰਧਾਰਾ ਮਨੁੱਖ ਦੀ ਹਰ ਪੱਖ ਤੋਂ ਅਗਵਾਈ ਕਰਨ ਵਾਲੀ ਹੈ। ਧਾਰਮਿਕ, ਸਮਾਜਿਕ, ਸਿਆਸੀ, ਆਰਥਿਕ, ਵਿਗਿਆਨਕ ਆਦਿ ਬਾਰੇ ਬਹੁਮੁਖੀ ਸੇਧਾਂ ਉਨ੍ਹਾਂ ਦੀ ਪਾਵਨ ਗੁਰਬਾਣੀ ਵਿਚੋਂ ਮਿਲਦੀਆਂ ਹਨ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਅੰਦਰ ਪ੍ਰਚਲਿਤ ਊਚ-ਨੀਚ ਦੇ ਵਰਤਾਰੇ ਨੂੰ ਨਕਾਰਦਿਆਂ ਹਰ ਮਨੁੱਖ ਨੂੰ ਬਰਾਬਰ ਚੁੱਕਿਆ। ਸਮਾਜ ਅੰਦਰ ਦੁਰਕਾਰੇ ਤੇ ਦਬਾਏ ਜਾ ਰਹੇ ਲੋਕਾਂ ਦੀ ਬੇਵਸੀ ਨੂੰ ਮਹਿਸੂਸ ਕੀਤਾ ਅਤੇ ਉਨ੍ਹਾਂ ਉਨ੍ਹਾਂ ਨੂੰ ‘ਨਾਮ’ ਅਤੇ ‘ਗਿਆਨ’ ਦੇ ਮਾਰਗ ਉੱਤੇ ਤੋਰਿਆ। ਉਨ੍ਹਾਂ ਦੇ ਸਮੇਂ ਹਿੰਦੁਸਤਾਨੀ ਸਮਾਜ ਵਿਚ ਇਸਤਰੀ ਦੀ ਦਸ਼ਾ ਬੜੀ ਮਾੜੀ ਸੀ। ਉਸ ਨੂੰ ਪੈਰ ਦੀ ਜੁੱਤੀ, ਦਾਸੀ, ਪਰਦੇ ਆਦਿ ਵਿਚ ਰਹਿਣ ਵਾਲੀ ਵਸਤੂ ਹੀ ਸਮਝਿਆ ਜਾਂਦਾ ਸੀ। ਇਸਤਰੀ ਨੂੰ ਆਜ਼ਾਦੀ ਮੁਹੱਈਆ ਕਰਵਾਉਣ ਦੀ ਸ਼ਕਤੀ ਦੇਣ ਦੀ ਵਡਿਆਈ ਵੀ ਗੁਰੂ ਜੀ ਦੇ ਹਿੱਸੇ ਆਈ। ਉਨ੍ਹਾਂ ਇਸਤਰੀ ਦੇ ਸਨਮਾਨ ਨੂੰ ਹਕੀਕੀ ਤੌਰ ਤੇ ਬਹਾਲ ਕਰਦਿਆਂ ਆਪਣੇ ਪੰਥ ਵਿਚ ਮਰਦ ਦੇ ਬਰਾਬਰ ਖੜ੍ਹਾ ਕਰ ਦਿੱਤਾ।
ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਦੀ ਉਹ ਮਹਾਨ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਕਿਰਤ ਨੂੰ ਧਰਮ ਦੇ ਬੁਨਿਆਦੀ ਸਿਧਾਂਤ ਦੇ ਤੌਰ ਤੇ ਲੋਕਾਂ ਸਾਹਮਣੇ ਲਿਆਂਦਾ। ਉਨ੍ਹਾਂ ਗ੍ਰਹਿਸਥ ਨੂੰ ਪ੍ਰਧਾਨਤਾ ਦੇ ਕੇ ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰ ਕੇ ਸਮਾਜਿਕ ਜੀਵਨ ਜਿਊਣ ਦਾ ਸੰਦੇਸ਼ ਦਿੱਤਾ। ਗੁਰੂ ਜੀ ਨੇ ਸਿੱਧਾਂ-ਨਾਥਾਂ ਦੀ ਪ੍ਰੇਰਨਾ ਦੇ ਅਸਰ ਹੇਠ ਮੁਕਤੀ ਪ੍ਰਾਪਤੀ ਲਈ ਜੰਗਲਾਂ, ਪਹਾੜਾਂ ਦੀਆਂ ਕੁੰਦਰਾਂ ਵਿਚ ਇਕਾਂਤਵਾਸ ਹੋਣ ਨੂੰ ਨਿੰਦਿਆ ਅਤੇ ਗ੍ਰਹਿਸਥ ਵਿਚ ਰਹਿ ਕੇ, ਸੇਵਾ-ਸਿਮਰਨ ਰਾਹੀਂ ਮਨੁੱਖੀ ਜੀਵਨ ਦਾ ਆਨੰਦ ਮਾਣਨ ਦਾ ਮਾਰਗ ਦਰਸਾਇਆ।
ਉਨ੍ਹਾਂ ਦਸਾਂ ਨਹੁੰਆਂ ਦੀ ਸੁੱਚੀ ਕਿਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਕਿਰਤ ਕਮਾਈ ਨੂੰ ਨਿਰਮਲ ਅਤੇ ਪਵਿੱਤਰ ਕਰਨ ਦੇ ਮਕਸਦ ਨਾਲ ਵੰਡ ਕੇ ਛਕਣ ਨੂੰ ਪ੍ਰਧਾਨਤਾ ਦਿੱਤੀ। ਉਨ੍ਹਾਂ ਦੇ ਇਸ ਸਿਧਾਂਤ ਵਿਚੋਂ ‘ਸਰਬੱਤ ਦੇ ਭਲੇ’ ਦੀ ਭਾਵਨਾ ਪ੍ਰਗਟ ਹੁੰਦੀ ਹੈ। ਵੰਡ ਛਕਣ ਜਾਂ ਲੋੜਵੰਦਾਂ ਦੀ ਸਹਾਇਤਾ ਕਰਨ ਬਾਰੇ ਗੁਰੂ ਜੀ ਦੇ ਹੁਕਮ ਨਾਲ ਸ਼ਰਤ ਇਹ ਹੈ ਕਿ ਇਹ ਸਹਾਇਤਾ ਮਿਹਨਤ ਅਥਵਾ ‘ਘਾਲਿ’ ਦੀ ਕਮਾਈ ਵਿਚੋਂ ਹੀ ਹੋਣੀ ਚਾਹੀਦੀ ਹੈ ਨਾ ਕਿ ਪਾਪ ਦੀ ਕਮਾਈ ਵਿਚੋਂ।
ਸੋ, ਗੁਰੂ ਨਾਨਕ ਦੇਵ ਜੀ ਕੇਵਲ ਸਿੱਖਾਂ ਦੇ ਹੀ ਨਹੀਂ ਸਗੋਂ ਸਾਰੀ ਮਨੁੱਖ ਜਾਤੀ ਦੇ ਸੱਚੇ ਮਾਰਗ ਦਰਸ਼ਕ ਹਨ, ਜਿਨ੍ਹਾਂ ਭਰਮ ਭੁਲੇਖਿਆਂ ਵਿਚ ਭਟਕ ਰਹੀ ਜਨਤਾ ਦਾ ਸਹੀ ਮਾਰਗ ਦਰਸ਼ਨ ਕੀਤਾ। ਉਨ੍ਹਾਂ ਇਸ ਮੰਤਵ ਦੀ ਪੂਰਤੀ ਲਈ ਧਰਮਸ਼ਾਲਾਵਾਂ ਬਣਵਾਈਆਂ, ਲੰਗਰ ਦੀ ਪ੍ਰਥਾ ਕਾਇਮ ਕੀਤੀ। ਸੰਗਤ ਪੰਗਤ ਅਤੇ ਸੇਵਾ-ਸਿਮਰਨ ਦੇ ਅਜਿਹੇ ਅਦੁੱਤੀ ਸਿਧਾਂਤ ਮਨੁੱਖਤਾ ਸਾਹਮਣੇ ਰੱਖੇ ਜਿਹੜੇ ਅਜੋਕੇ ਯੁੱਗ ਵਿਚ ਵੀ ਸਦੀਵੀ ਸੇਧ ਦੇਣ ਵਾਲੇ ਹਨ। ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ ਤੇ ਚੱਲਣ ਲਈ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਦੀ ਵਿਚਾਰਧਾਰਾ ਦਾ ਪ੍ਰਚਾਰ ਸਮਾਜ ਅੰਦਰ ਸੁਖਾਵੇਂ ਪੱਧਰੇ ਮਾਹੌਲ ਲਈ ਅਤਿ ਮਹੱਤਵਪੂਰਨ ਹੈ। ਸੋ ਆਓ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਪਣੀਆਂ ਤਰਜੀਹਾਂ ਉਨ੍ਹਾਂ ਦੀ ਸੋਚ ਅਨੁਸਾਰ ਬਣਾਈਏ ਅਤੇ ਸਮੁੱਚੇ ਸੰਸਾਰ ਦੀ ਖ਼ੈਰ-ਸੁੱਖ ਮੰਗੀਏ।
*ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ।