ਹੁਣ ਤੈਨੂੰ ‘ਡਾਕਟਰ’ ਕਿਸੇ ਨਹੀਂ ਕਹਿਣਾ

ਹੁਣ ਤੈਨੂੰ ‘ਡਾਕਟਰ’ ਕਿਸੇ ਨਹੀਂ ਕਹਿਣਾ

ਡਾ. ਓਪਿੰਦਰ ਸਿੰਘ ਲਾਂਬਾ

ਡਾ. ਓਪਿੰਦਰ ਸਿੰਘ ਲਾਂਬਾ

ਮੇਰੇ ਮਨ ’ਚ ਪੀਐਚਡੀ ਕਰਨ ਦੀ ਤਾਂਘ ਚਿਰਾਂ ਤੋਂ ਸੀ, ਹਾਲਾਂਕਿ ਪਤਾ ਸੀ ਕਿ ਲੋਕ ਸੰਪਰਕ ਵਿਭਾਗ ’ਚ ਨੌਕਰੀ ਕਰਦਿਆਂ ਇਹ ਸਭ ਕਰਨਾ ਮੇਰੇ ਲਈ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਮਹਿਕਮੇ ਦੇ ਕੰਮਕਾਜ ’ਚ ਦਰਪੇਸ਼ ਦੁਸ਼ਵਾਰੀਆਂ ਤੇ ਚੁਣੌਤੀਆਂ ਨਾਲ ਜੂਝਦਿਆਂ ਪੜ੍ਹਾਈ ਲਈ ਮਾੜਾ ਮੋਟਾ ਸਮਾਂ ਕੱਢਣਾ ਵੀ ਬਹੁਤ ਔਖਾ ਸੀ। ਮੈਨੂੰ ਇਹ ਵੀ ਪਤਾ ਸੀ ਕਿ ਇਹ ਡਿਗਰੀ ਹਾਸਿਲ ਕਰਨ ਨਾਲ ਮੇਰੇ ਨਾਂ ਅੱਗੇ ‘ਡਾਕਟਰ’ ਜੁੜਨ ਤੋਂ ਇਲਾਵਾ ਮੈਨੂੰ ਨੌਕਰੀ ’ਚ ਕੋਈ ਖ਼ਾਸ ਫਾਇਦਾ ਨਹੀਂ ਸੀ ਹੋਣ ਵਾਲਾ। ਮੇਰੇ ਮਹਿਕਮੇ ਵਿੱਚ ਪਹਿਲਾਂ ਹੀ 4-5 ਸਾਥੀਆਂ ਨੇ ਡਾਕਟਰੇਟ ਕੀਤੀ ਹੋਈ ਸੀ ਜਿਨ੍ਹਾਂ ’ਚੋਂ ਸਭ ਤੋਂ ਪੁਰਾਣਾ ਮੇਰਾ ਇਕ ਸਾਥੀ ਮੇਰੇ ਨਾਲ ਹੀ ਮਹਿਕਮੇ ’ਚ ਭਰਤੀ ਹੋਇਆ ਸੀ ਅਤੇ ਜਿਸ ਨੂੰ ਸਤਿਕਾਰ ਵਜੋਂ ਸਾਰੇ ਡਾਕਟਰ ਸਾਹਬ ਕਹਿ ਕੇ ਸੰਬੋਧਨ ਕਰਦੇ ਸਨ।

ਉਸ ਨੂੰ ਮਹਿਕਮੇ ’ਚ ਮਿਲਦੇ ਮਾਣ-ਸਨਮਾਨ ਤੋਂ ਪ੍ਰਭਾਵਿਤ ਹੋਇਆਂ ਮੈਂ ਵੀ ਪੀਐਚਡੀ ਕਰਨ ਦਾ ਪੱਕਾ ਮਨ ਬਣਾ ਲਿਆ। ਉਨ੍ਹੀਂ ਦਿਨੀਂ ਮੇਰਾ ਇਕ ਮਿੱਤਰ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਤੇ ਜਨ ਸੰਚਾਰ ਵਿਭਾਗ ’ਚ ਅਸਿਸਟੈਂਟ ਪ੍ਰੋਫੈਸਰ ਸੀ। ਇਕ ਦੁਪਹਿਰ ਉਸ ਦਾ ਅਚਾਨਕ ਫੋਨ ਆਇਆ ਤੇ ਕਹਿਣ ਲੱਗਾ, “ਜੇ ਪੀਐਚਡੀ ਕਰਨੀ ਤਾਂ ਭਲਕੇ ਸੁਵੱਖਤੇ ਪੁੱਜ ਕੇ ਰਜ਼ਿਸਟ੍ਰੇਸ਼ਨ ਕਰਵਾ ਲੈ, ਨਹੀਂ ਤਾਂ ਫਿਰ ਯੂਜੀਸੀ ਦੀਆਂ ਨਵੀਂਆਂ ਸ਼ਰਤਾਂ ਮੁਤਾਬਿਕ ਦਾਖਲਾ ਔਖਾ ਹੋ ਜਾਣੈ, ਕਿਉਂਜੋ ਅਗਲੇ ਸਾਲ ਤੋਂ ਪੀਐੱਚਡੀ ਲਈ ਪ੍ਰਵੇਸ਼ ਪ੍ਰੀਖਿਆ ਲਾਜ਼ਮੀ ਕਰ ਦਿੱਤੀ ਗਈ ਹੈ ਤੇ ਨਾਲ ਹੀ 6 ਮਹੀਨੇ ਦਾ ਕੋਰਸ।’’

ਮੈਂ ਸੋਚਿਆ ਜੇ ਇੰਝ ਹੋਇਆ ਤਾਂ ਆਪਾਂ ਤਾਂ ਹਮੇਸ਼ਾ ਲਈ ਪੀਐਚਡੀ ਕਰਨ ਤੋਂ ਵਾਂਝੇ ਰਹਿ ਜਾਵਾਂਗੇ। ਮੈਂ ਅਗਲੀ ਸਵੇਰ ਤੜਕੇ ਹੀ ਬੱਸ ਫੜ ਪਟਿਆਲੇ ਵੱਲ ਰਵਾਨਾ ਹੋ ਗਿਆ ਅਤੇ ਯੂਨੀਵਰਸਿਟੀ ਵਿੱਚ ਮਿੱਤਰ ਕੋਲ ਪੁੱਜ ਕੇ ਫਾਰਮ ਭਰ ਆਇਆ। ਅਗਲੇ ਹੀ ਦਿਨ ਦੋਸਤ ਨੇ ਦੱਸਿਆ, ‘‘ਬਾਈ ਜੀ, ਬਹੁਤ-ਬਹੁਤ ਮੁਬਾਰਕਾਂ, ਪੀਐਚਡੀ ’ਚ ਤੁਹਾਡੀ ਰਜਿਸਟ੍ਰੇਸ਼ਨ ਹੋ ਗਈ ਐ।’’ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਮੈਂ ਦਿਲੋ-ਦਿਲ ਇਹੀ ਸੋਚੀ ਜਾਵਾਂ ਕਿ ਮੈਂ 4-5 ਸਾਲਾਂ ’ਚ ਆਪਣੇ ਆਪ ਨੂੰ ਡਾਕਟਰ ਅਖਵਾਉਣ ਦੇ ਕਾਬਿਲ ਹੋ ਜਾਵਾਂਗਾ। ਲਓ ਜੀ, ਪਹਿਲੇ ਪੰਜ ਸਾਲ ਪੀਐਚਡੀ ਦੇ ਹੋਏ ਦਾਖਲੇ ਦੇ ਚਾਅ-ਚਾਅ ’ਚ ਬਿਨਾਂ ਸੰਜੀਦਗੀ ਨਾਲ ਕੰਮਕਾਜ ਕੀਤਿਆਂ ਐਵੇਂ ਹੀ ਲੰਘਾ ਦਿੱਤੇ। ਉਸ ਤੋਂ ਬਾਅਦ ਸਮਾਂ ਵਧਾਉਣ ਲਈ ਤਿੰਨ ਵਾਰ ਮੋਹਲਤ ਲਈ ਅਤੇ ਆਪਣਾ ਥੀਸਿਸ ਤੀਜੇ ਵਾਧੇ ਦੇ ਆਖਰੀ ਮਹੀਨੇ ਦੇ ਅਖੀਰਲੇ ਦਿਨ ਜਮ੍ਹਾਂ ਕਰਵਾ ਕੇ ਆਪਣੇ ਆਪ ਨੂੰ ਗੰਗਾ ਨਹਾਉਣ ਦੇ ਤੁੱਲ ਸਮਝਿਆ।

ਥੀਸਿਸ ਮੁਕੰਮਲ ਕਰਨ ਤੋਂ ਪਹਿਲਾਂ ਮੈਂ ਦਫਤਰੋਂ ਇਕ ਮਹੀਨੇ ਦੀ ਛੁੱਟੀ ਲੈ ਕੇ ਆਪਣੇ ਗਾਈਡ ਪ੍ਰੋਫੈਸਰ ਨਵਜੀਤ ਜੌਹਲ ਦੀ ਦੇਖ-ਰੇਖ ’ਚ ਇਹ ਕੰਮ ਔਖੇ-ਸੌਖੇ ਨੇਪਰੇ ਚਾੜ੍ਹਦਿਆਂ ਇਕ ਵੱਡੀ ਮੱਲ ਮਾਰੀ। ਉਨ੍ਹੀਂ ਦਿਨੀਂ ਪ੍ਰੋਫੈਸਰ ਸਾਹਿਬ ਵੀ ਆਪਣੇ ਅਗਾਊਂ ਮਿੱਥੇ ਪ੍ਰੋਗਰਾਮ ਕਾਰਨ ਕਿਸੇ ਰਿਸ਼ਤੇਦਾਰੀ ’ਚ ਵਿਆਹ ਲਈ ਇਕ ਮਹੀਨੇ ਦੀ ਛੁੱਟੀ ਲੈ ਕੇ ਵਲੈਤ ਉਡਾਰੀ ਮਾਰ ਗਏ। ਖੈਰ, ਜਾਣ ਤੋਂ ਪਹਿਲੋਂ ਉਨ੍ਹਾਂ ਵੱਲੋਂ ਥੀਸਿਸ ਜਮ੍ਹਾਂ ਕਰਵਾਉਣ ਲਈ ਲੋੜੀਂਦੀ ਸਾਰੀ ਕਾਰਵਾਈ ਪੂਰੀ ਕਰਵਾ ਦਿੱਤੀ ਗਈ ਸੀ ਤਾਂ ਕਿ ਮੈਨੂੰ ਮਗਰੋਂ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਮੇਰੇ ਮਨ ਵਿੱਚ ਪੀਐਚਡੀ ਦੀ ਡਿਗਰੀ, ਰਸਮੀ ਅਕਾਦਮਿਕ ਗਾਊਨ ਤੇ ਉਹ ਵੀ ਕਿਸੇ ਪ੍ਰਮੁੱਖ ਹਸਤੀ ਦੇ ਹੱਥੋਂ ਹਾਸਿਲ ਕਰਨ ਦੀ ਬੜੀ ਰੀਝ ਸੀ, ਪਰ ਮੇਰਾ ਇਹ ਸੁਪਨਾ ਉਦੋਂ ਵਿਚਾਲੇ ਹੀ ਟੁੱਟ ਗਿਆ ਜਦੋਂ ਯੂਨੀਵਰਸਿਟੀ ਨੇ ਮੇਰੀ ਪੀਐਚਡੀ ਦੀ ਨੋਟੀਫਿਕੇਸ਼ਨ ਜਾਰੀ ਹੋਣ ਦੇ ਬਾਵਜੂਦ ਕਾਨਵੋਕੇਸ਼ਨ ਨਹੀਂ ਕਰਵਾਈ ਤੇ ਫਿਰ ਕਰੋਨਾ ਮਹਾਂਮਾਰੀ ਕਾਰਨ ਕਾਨਵੋਕੇਸ਼ਨ ਵੈਸੇ ਹੀ ਲੱਗੀਆਂ ਪਾਬੰਦੀਆਂ ਕਾਰਨ ਅਣਮਿੱਥੇ ਸਮੇਂ ਲਈ ਟਾਲ ਦਿੱਤੀ ਗਈ। ਆਖਰ ਮਾਯੂਸ ਹੋਏ ਨੇ ਯੂਨੀਵਰਸਿਟੀ ਵਿੱਚ 1500 ਰੁਪਏ ਦੀ ਫੀਸ ਭਰ ਕੇ ਡਾਕ ਰਾਹੀਂ ਡਿਗਰੀ ਮੰਗਵਾਉਣ ਦਾ ਫੈਸਲਾ ਕਰ ਲਿਆ ਤੇ ਕਾਨਵੋਕੇਸ਼ਨ ’ਚ ਡਿਗਰੀ ਹਾਸਿਲ ਕਰਨ ਦੀ ਖਾਹਿਸ਼ ਸਦਾ ਲਈ ਮਨ ’ਚ ਹੀ ਦੱਬੀ ਰਹਿ ਗਈ।

ਮੈਂ ਦਫਤਰ ਦੇ ਬੂਹੇ ’ਤੇ ਆਪਣੇ ਨਾਂ ਦੀ ਤਖ਼ਤੀ ’ਤੇ ਡਾਕਟਰ ਤਾਂ ਲਿਖਵਾ ਲਿਆ ਅਤੇ ਕਈ ਵਾਰ ਆਪਣੀ ਪਛਾਣ ਕਰਵਾਉਂਦੇ ਸਮੇਂ ‘ਡਾਕਟਰ’ ਸ਼ਬਦ ਜ਼ੋਰ ਦੇ ਕੇ ਵੀ ਕਹਿੰਦਾ ਰਿਹਾ ਪਰ ਮੈਨੂੰ ਕੋਈ ਟਾਵਾਂ-ਟੱਲਾ ਹੀ ‘ਡਾਕਟਰ’ ਕਹਿ ਕੇ ਬੁਲਾਉਂਦਾ ਜਦੋਂ ਕਿ ਮੇਰੇ ਹਮਰੁਤਬਾ ਸਾਥੀ ਨੂੰ ਤਾਂ ਦਫਤਰ ਤਾਂ ਕੀ ਬਾਹਰ ਵੀ ਦੂਰ-ਦੁਰਾਡੇ ਤੱਕ ਲੋਕ ਡਾਕਟਰ ਸਾਹਬ ਹੀ ਸੱਦਦੇ ਸਨ, ਭਾਵੇਂ ਉਨ੍ਹਾਂ ਨੂੰ ਉਸ ਦਾ ਅਸਲ ਨਾਂ ਪਤਾ ਹੋਵੇ ਜਾਂ ਨਾ। ਮੈਂ ਆਪਣੇ ਦਫਤਰੀ ਅਮਲੇ ਨੂੰ ਡਾਕਟਰੇਟ ਦੇ ਜਾਰੀ ਹੋਏ ਨੋਟੀਫਿਕੇਸ਼ਨ ਦੀ ਕਾਪੀ ਨਾਲ ਨੱਥੀ ਕਰਦਿਆਂ ਸਪੱਸ਼ਟ ਤੌਰ ’ਤੇ ਲਿਖ ਭੇਜਿਆ ਕਿ ਅੱਗੇ ਤੋਂ ਦਫਤਰੀ ਪੱਤਰ ਵਿਹਾਰ ’ਚ ਮੇਰੇ ਨਾਂ ਨਾਲ ਡਾਕਟਰ ਉਚੇਚੇ ਤੌਰ ’ਤੇ ਲਿਖਿਆ ਜਾਵੇ ਪਰ ਕਿਸੇ ਦੇ ਕੰਨ ’ਤੇ ਜੂੰ ਨਾ ਸਰਕੀ।

ਨਿਮੋਝੂਣੇ ਹੋਏ ਨੇ ਇਕ ਦਿਨ ਮੈਂ ਆਪਣੇ ਤਾਇਆ ਜੀ, ਜੋ ਹੁਣ ਤੱਕ ਉਮਰ ਦੇ 85 ਵਰ੍ਹੇ ਪਾਰ ਕਰ ਚੁੱਕੇ ਹਨ ਅਤੇ ਪਟਿਆਲਾ ਦੇ ਮਹਿੰਦਰਾ ਕਾਲਜ ਤੋਂ ਪ੍ਰੋਫੈਸਰ ਰਿਟਾਇਰ ਹੋਏ ਸਨ, ਨੂੰ ਪੁੱਛਿਆ, ’’ਤਾਇਆ ਜੀ, ਮੈਨੂੰ ਇਕ ਗੱਲ ਦੱਸੋ, ਮੈਂ ਵੀ ਬੜੀ ਮਿਹਨਤ ਤੇ ਸਿਰੜ ਨਾਲ ਪਿਛਲੀ ਉਮਰੇ ਪੀਐਚਡੀ ਦੀ ਪੜ੍ਹਾਈ ਕਰ ਕੇ ਡਿਗਰੀ ਲਈ ਆ, ਪਰ ਹੈਰਾਨੀ ਦੀ ਗੱਲ ਐ, ਮੈਨੂੰ ਕੋਈ ਵੀ ‘ਡਾਕਟਰ’ ਨਹੀਂ ਸੱਦਦਾ।’’ ਇਹ ਸੁਣ ਕੇ ਉਹ ਕਹਿਣ ਲੱਗੇ, ’’ਕਾਕਾ, ਇਸ ਉਮਰੇ ਤਾਂ ਤੈਨੂੰ ਲੋਕ ਉਸੇ ਨਾਂ ਨਾਲ ਹੀ ਬਲਾਉਣਗੇ ਜਿਸ ਨਾਲ ਤੇਰੀ ਚਿਰਾਂ ਤੋਂ ਪਛਾਣ ਬਣੀ ਹੋਈ ਐ।’’ ਮੈਂ ਉਨ੍ਹਾਂ ਨੂੰ ਵਿੱਚੋਂ ਟੋਕਦਿਆਂ ਕਿਹਾ, ’’ਤਾਇਆ ਜੀ, ਇਹ ਕੀ ਗੱਲ ਹੋਈ? ਸਵਾਰ ਕੇ ਦੱਸੋ? ਮੇਰੇ ਨਾਲ ਹੀ ਇੰਝ ਕਿਉਂ ਹੋ ਰਿਹੈ?’’ ਉਹ ਇਕ ਦੁਨਿਆਵੀ ਮਿਸਾਲ ਦੇ ਕੇ ਮੈਨੂੰ ਸਮਝਾਉਂਦਿਆਂ ਕਹਿਣ ਲੱਗੇ, ‘‘ਦੇਖ ਪੁੱਤ ਜਿਵੇਂ ਸਾਡੇ ਘਰਾਂ ’ਚ ਕੋਈ ਵੀ ਜੀਅ ਜਨਮ ਲੈਂਦਾ ਹੈ ਤਾਂ ਉਸ ਦਾ ਪਹਿਲਾ ਨਾਂ ਜਿਸ ਨਾਲ ਉਸ ਨੂੰ ਸੱਦਦੇ ਨੇ, ਉਹੀ ਪੱਕ ਜਾਂਦਾ ਹੈ।’’ ਅੱਗੋਂ ਖੁੱਲ੍ਹ ਕੇ ਦੱਸਦਿਆਂ ਉਹ ਕਹਿਣ ਲੱਗੇ, ‘‘ਤੇਰੇ ਤਾਰੇ ਚਾਚੇ ਦਾ ਨਾਂ ਤੇਰੇ ਬਾਬੇ ਨੇ ਗੁਰਦੁਆਰੇ ਜਾ ਕੇ ਆਏ ਹੁਕਮਨਾਮੇ ਦੇ ਪਹਿਲੇ ਅੱਖਰ ‘ਅ’ ਤੋਂ ਅਵਤਾਰ ਸਿੰਘ ਰੱਖਿਆ ਸੀ ਪਰ ਸਾਰੇ ਸਾਕ-ਸਬੰਧੀ ਉਸ ਨੂੰ ਤਾਰਾ-ਤਾਰਾ ਕਹਿ ਕੇ ਹੀ ਹੁਣ ਤੱਕ ਸੱਦੀ ਜਾਂਦੇ ਨੇ। ਇੱਥੋਂ ਤੱਕ ਕਿ ਦਫਤਰ ’ਚ ਵੀ ਉਸ ਦੇ ਸਾਥੀ ਤਾਂ ਕੀ, ਉਸ ਦੇ ਅਫਸਰ ਵੀ ਤਾਰਾ ਕਹਿ ਕੇ ਬੁਲਾਉਂਦੇ ਨੇ। ਹੁਣ ਤੂੰ ਦੱਸ 55 ਵਰ੍ਹਿਆਂ ਨੂੰ ਢੁੱਕ ਕੇ ਤੈਨੂੰ ਕਿਹੜਾ ਡਾਕਟਰ ਆਖੂ?’’ ਉਹ ਕਹਿਣ ਲੱਗੇ, ‘‘ਕਾਕਾ! ਇਹੀ ਕਾਰਨ ਹੈ ਜਿਹੜੇ ਮੁੱਢੋਂ ਪੀਐਚਡੀ ਕਰ ਕੇ ਤੇਰੇ ਮਹਿਕਮੇ ’ਚ ਨੌਕਰੀ ਲੱਗੇ ਨੇ ਉਨ੍ਹਾਂ ਨੂੰ ਹੀ ਲੋਕ ਡਾਕਟਰ ਸੱਦਦੇ ਨੇ। ਬੰਦੇ ਦੀ ਅਸਲ ਪਛਾਣ ਤਾਂ ਉਸ ਦੇ ਕੰਮ ਤੇ ਵਿਵਹਾਰ ਤੋਂ ਹੀ ਹੁੰਦੀ ਐ।’’ ਤਾਇਆ ਜੀ ਵੱਲੋਂ ਪੂਰੀ ਸ਼ਿੱਦਤ ਨਾਲ ਦਿੱਤੇ ਬਾਕਮਾਲ ਤਰਕ ਨੇ ਮੈਨੂੰ ਨਿਰਉੱਤਰ ਕਰ ਦਿੱਤਾ। ਮੈਂ ਉਸ ਦਿਨ ਤੋਂ ਰੱਬ ਦਾ ਭਾਣਾ ਮੰਨਦਿਆਂ ਇਹੀ ਸੋਚਿਆ ‘‘ਕੀ ਫਰਕ ਪੈਂਦੈ? ਕੋਈ ਡਾਕਟਰ ਕਹੇ ਜਾਂ ਨਾ ਕਹੇ।’’

ਸੰਪਰਕ: 97800-36136

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦਰਿਆ ਅਗਨ ਦਾ ਤਰਨਾ ਹੈ

ਦਰਿਆ ਅਗਨ ਦਾ ਤਰਨਾ ਹੈ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਬਰਦੌਲੀ ਦੇ ਕਿਸਾਨ ਅੰਦੋਲਨ ਦੀ ਵਿਰਾਸਤ

ਇਹ ਸਾਡੀ ਫ਼ਿਤਰਤ ਨਹੀਂ !

ਇਹ ਸਾਡੀ ਫ਼ਿਤਰਤ ਨਹੀਂ !

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਕਿਸਾਨਾਂ ਦਾ ਦਰਦ ਅਤੇ ਸੁਪਰੀਮ ਕੋਰਟ

ਲਖੀਮਪੁਰ ਮਾਮਲਾ ਅਤੇ ਸਰਕਾਰ

ਲਖੀਮਪੁਰ ਮਾਮਲਾ ਅਤੇ ਸਰਕਾਰ

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਕਿਸ ਹੀ ਜੋਰੁ ਅਹੰਕਾਰ ਬੋਲਣ ਕਾ॥

ਮੁੱਖ ਖ਼ਬਰਾਂ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਮੀਂਹ ਤੇ ਗੜੇਮਾਰੀ ਨਾਲ ਝੋਨੇ ਨੂੰ ਨੁਕਸਾਨ, ਖੇਤਾਂ ’ਚ ਫਸਲ ਵਿਛੀ ਤੇ ਮੰਡੀਆਂ ’ਚ ਝੋਨਾ ਰੁੜਿਆ

ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟਿਆ, ਸਰਕਾਰ ਤੋਂ ਬਣਦਾ ਮੁਆਵਜ਼ਾ ...

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੇਂਦਰ ਸਰਕਾਰ ਫ਼ਸਲਾਂ ਦੀ ਤਬਾਹੀ ਨੂੰ ‘ਕੌਮੀ ਨੁਕਸਾਨ’ ਮੰਨ ਕੇ ਰਾਹਤ ਪੈਕੇਜ ਐਲਾਨੇ: ਰਾਜੇਵਾਲ

ਕੁਦਰਤੀ ਆਫ਼ਤ ਰਾਹਤ ਫੰਡ ਦੇ ਪੈਮਾਨੇ ’ਚ ਤਬਦੀਲੀ ਕਰਕੇ ਕਿਸਾਨਾਂ ਲਈ 60 ਹ...

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਤੇਲ ਕੀਮਤਾਂ ’ਚ ਲਗਾਤਾਰ ਪੰਜਵੇਂ ਦਿਨ ਵਾਧਾ

ਪੱਛਮੀ ਬੰਗਾਲ ’ਚ ਵੀ ਡੀਜ਼ਲ ਨੇ ਸੈਂਕੜਾ ਜੜਿਆ

ਸ਼ਹਿਰ

View All