ਜਸਵੀਰ ਸਮਰ
ਸਾਲ 2001 ਅਜੇ ਚੜ੍ਹਿਆ ਹੀ ਸੀ ਕਿ ਨਿਊਜ਼ ਰੂਮ ਦੇ ਨੋਟਿਸ ਬੋਰਡ ’ਤੇ ਨਵੇਂ ਸਾਲ ਦੀਆਂ ਵਧਾਈਆਂ ਦਾ ਇਕ ਪੁਰਜ਼ਾ ਆਣ ਚਿਪਕਿਆ। ਆਏ ਸਾਲ ਵਧਾਈਆਂ ਵਾਲਾ ਮਸਲਾ ਰੁਟੀਨ ਜਿਹੀ ਕਾਰਵਾਈ ਹੀ ਤਾਂ ਹੁੰਦੀ ਹੈ ਪਰ ਚਿਪਕੇ ਪੁਰਜ਼ੇ ਉਤੇ ਲਿਖੀਆਂ ਦੋ ਸਤਰਾਂ ਸਦਾ ਸਦਾ ਲਈ ਜ਼ਿਹਨ ਅੰਦਰ ਉੱਤਰ ਗਈਆਂ: ‘ਲੋਕੀਂ ਕਹਿੰਦੇ ਨੇ ਕਿ ‘ਪੰਜਾਬ ਟਾਈਮਜ਼’ ਵਿਚੋਂ ‘ਪੰਜਾਬੀ ਟ੍ਰਿਬਿਊਨ’ ਦਾ ਝਉਲਾ ਪੈਂਦਾ ਹੈ। ਕਿੰਝ ਦੱਸਾਂ ਕਿ ‘ਪੰਜਾਬੀ ਟ੍ਰਿਬਿਊਨ’ ਮੇਰੇ ਹੱਡਾਂ ’ਚ ਰਚਿਆ ਹੋਇਆ ਹੈ।’
ਇਹ ਅਮੋਲਕ ਸਿੰਘ ਜੰਮੂ ਸੀ ਜਿਹੜਾ ਅਦਾਰੇ ’ਚ ਮੇਰੀ ਭਰਤੀ ਤੋਂ ਤਿੰਨ ਕੁ ਸਾਲ ਪਹਿਲਾਂ, 1996 ਦੇ ਮੱਧ ਜਿਹੇ ’ਚ ਅਮਰੀਕਾ ਜਾ ਵੱਸਿਆ ਸੀ ਤੇ ਉਥੇ ਸੰਨ 2000 ’ਚ ਹਫ਼ਤਾਵਾਰੀ ਪਰਚਾ ‘ਪੰਜਾਬ ਟਾਈਮਜ਼’ ਕੱਢ ਲਿਆ ਸੀ। ਉਸ ਵਕਤ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਲਗਾਤਾਰ ਤੰਗ ਅਤੇ ਬੇਵੱਸ ਕਰਨ ਵਾਲੀ ਬਿਮਾਰੀ ਦੇ ਬਾਵਜੂਦ ਉਹਨੇ ਪੱਤਰਕਾਰੀ ਦੇ ਖੇਤਰ ਵਿਚ ਇੰਨੀ ਸ਼ਾਨਦਾਰ ਪਾਰੀ ਖੇਡਣੀ ਹੈ। … ਤੇ ਨੋਟਿਸ ਬੋਰਡ ’ਤੇ ਉਹਦੀਆਂ ਵਧਾਈਆਂ ਵਾਲਾ ਪੁਰਜ਼ਾ ਚਿਪਕਾਉਣ ਵਾਲਾ ਉਹਦਾ ਗੂੜ੍ਹਾ ਮਿੱਤਰ ਨਰਿੰਦਰ ਭੁੱਲਰ ਸੀ।
ਅਮੋਲਕ ਮੈਨੂੰ ਪਹਿਲਾਂ-ਪਹਿਲ ਨਰਿੰਦਰ ਰਾਹੀਂ ਹੀ ਮਿਲਿਆ ਸੀ। ਬਿਨਾ ਮੁਲਾਕਾਤ। ਉਹਦੀਆਂ ਕਿੰਨੀਆਂ ਗੱਲਾਂ-ਬਾਤਾਂ ਨਰਿੰਦਰ ਦੇ ਬੋਹੀਏ ਵਿਚੋਂ ਉੱਛਲ ਕੇ ਮੇਰੀ ਝੋਲੀ ਪੈਂਦੀਆਂ ਰਹੀਆਂ ਸਨ। ਸ਼ਾਇਦ ਇਸੇ ਕਰਕੇ ਜਦੋਂ 2006 ਵਾਲੀ ਭਾਰਤ ਫੇਰੀ ਦੌਰਾਨ ਅਮੋਲਕ ਨੂੰ ਰੂ-ਬ-ਰੂ ਮਿਲਿਆ ਤਾਂ ਉਹ ਮੇਰੇ ਲਈ ਓਪਰਾ ਨਹੀਂ ਸੀ। ਉਂਜ, ਉਹਨੂੰ ਮਿਲਦਿਆਂ ਸਾਰ ਧੁਰ ਅੰਦਰ ਤੱਕ ਕੰਬ ਗਿਆ ਸਾਂ। ਉਹਨੇ ਸੱਜਾ ਹੱਥ ਮਿਲਾਉਣ ਲਈ ਖੱਬੇ ਹੱਥ ਦਾ ਸਹਾਰਾ ਲਿਆ ਸੀ। ਫਿਰ ਹੈਰਾਨ ਵੀ ਹੋਇਆ; ਇਹ ਉਹੀ ਹੱਥ ਸਨ ਜਿਨ੍ਹਾਂ ਵਿਚੋਂ ‘ਪੰਜਾਬ ਟਾਈਮਜ਼’ ਹਰ ਹਫ਼ਤੇ ਪੂਰੀ ਸਜ-ਧਜ ਨਾਲ ਉਦੈ ਹੁੰਦਾ ਹੈ!
ਉਦੋਂ ਤੱਕ ‘ਪੰਜਾਬ ਟਾਈਮਜ਼’ ਨੂੰ ਦਰਪੇਸ਼ ਮੁਢਲੀਆਂ ਦੁਸ਼ਵਾਰੀਆਂ ਵਾਲਾ ਵਕਤ ਨਿੱਕਲ ਚੁੱਕਾ ਸੀ, ਤੇ ਇਨ੍ਹਾਂ ਸਾਲਾਂ ਦੌਰਾਨ ਅਮੋਲਕ ਨੇ ਆਪਣੇ ਸਿਰੜ ਸਦਕਾ ਅਖ਼ਬਾਰ ਦਾ ਮੂੰਹ-ਮੱਥਾ ਬਣਾ ਲਿਆ ਸੀ। ਇਹ ਉਹ ਵਕਤ ਵੀ ਸੀ ਜਦੋਂ ਉਹਨੇ ‘ਪੰਜਾਬ ਟਾਈਮਜ਼’ ਨੂੰ ਲੰਮੇ ਸਫ਼ਰ ’ਤੇ ਪਾਉਣ ਬਾਰੇ ਜੁਗਤਾਂ ਲੜਾਉਣੀਆਂ ਆਰੰਭ ਕੀਤੀਆਂ। ਦਰਅਸਲ, ਉਹਨੂੰ ਚਿੰਬੜੀ ਮਾਸਕੂਲਰ ਡਿਸਟਰੌਫੀ ਦੀ ਬਿਮਾਰੀ ਲਗਾਤਾਰ ਮਾਰ ਕਰ ਰਹੀ ਸੀ ਤੇ ਅੰਗ ਇਕ-ਇਕ ਕਰਕੇ ਨਿੱਸਲ ਹੋ ਰਹੇ ਸਨ। ਉਹ ਚਾਹੁੰਦਾ ਸੀ, ਉਹਦਾ ਲਾਇਆ ਬੂਟਾ ਜਿਹੜਾ ਹੁਣ ਖ਼ੂਬ ਮੌਲ਼ਣ ਲੱਗ ਪਿਆ ਸੀ, ਹੋਰ ਵਧੇ-ਫੁੱਲੇ। ਉਹਦੇ ਇਸ ਸਫ਼ਰ ਦੇ ਕਾਫ਼ਲੇ ਵਿਚ ਬਾਬਾ ਬੱਲ (ਗੁਰਦਿਆਲ ਸਿੰਘ ਬੱਲ) ਸਮੇਤ ਸਾਰੇ ਪੁਰਾਣੇ ਦੋਸਤ ਅਤੇ ਨਵੇਂ ਮਿੱਤਰ-ਪਿਆਰੇ ਆਣ ਰਲ਼ੇ ਸਨ। ਕਿੰਨੇ ਲਿਖਾਰੀ ਤੇ ਪੱਤਰਕਾਰ ਇਸ ਸਫ਼ਰ ਦਾ ਹਿੱਸਾ ਬਣ ਗਏ ਸਨ। ਪਰਚੇ ਦਾ ਆਕਾਰ ਵੀ ਫੈਲ ਗਿਆ ਸੀ। ਉਹਨੇ ਮਿਆਰ ਵੀ ਕਾਇਮ ਰੱਖਿਆ ਸੀ ਅਤੇ ਉਹਦੀ ਸੰਪਾਦਕੀ ਸੂਝ ਦੀ ਸੁਗੰਧ ਚੁਫ਼ੇਰੇ ਫੈਲ ਰਹੀ ਸੀ।
ਪੱਤਰਕਾਰੀ ਦੇ ਇਸ ਸਫ਼ਰ ’ਚ ਵਧ ਰਹੀਆਂ ਸਰੀਰਕ ਦੁਸ਼ਵਾਰੀਆਂ ਨਾਲ ਜੂਝਦਿਆਂ ਅਮੋਲਕ ਦੀ ਨਜ਼ਰ ਨਰਿੰਦਰ ’ਤੇ ਆਣ ਰੁਕੀ। ਉਹ ਚਾਹੁੰਦਾ ਸੀ, ਨਰਿੰਦਰ ‘ਪੰਜਾਬ ਟਾਈਮਜ਼’ ਦਾ ਹੱਥ ਵਟਾਉਣ ਅਮਰੀਕਾ ਆਵੇ। ਇਸ ਸੋਚ ਅੰਦਰ ਪੇਸ਼ਾਵਰਾਨਾ ਪਹੁੰਚ ਦੇ ਨਾਲ ਨਾਲ ਗੂੜ੍ਹੀ ਦੋਸਤੀ ਵਾਲੀ ਤਵੱਕੋ ਵੀ ਸੀ ਪਰ ਨਰਿੰਦਰ ਅਜੇ ਅਮੋਲਕ ਵਾਂਗ ਨਹੀਂ ਸੀ ਸੋਚ ਰਿਹਾ। ਪੱਤਰਕਾਰੀ ਤੇ ਪੜ੍ਹਾਈ-ਲਿਖਾਈ ਬਾਬਤ ਉਹਦੇ ਆਪਣੇ ‘ਪ੍ਰਾਜੈਕਟ’ ਸਨ। ਆਖ਼ਿਰਕਾਰ ਅਮੋਲਕ ਦਾ ਪਲੜਾ ਭਾਰੀ ਪੈ ਗਿਆ, ਤੇ ਨਰਿੰਦਰ ਇਕ ਵਾਰ ‘ਪੰਜਾਬ ਟਾਈਮਜ਼’ ਦਾ ਜਲੌਅ ਦੇਖਣ ਅਤੇ ਫਿਰ ਹੀ ਕੋਈ ਫੈ਼ਸਲਾ ਕਰਨ ਦੀ ਸੋਚ ਕੇ ਸ਼ਿਕਾਗੋ ਵਾਲੇ ਜਹਾਜ਼ ਜਾ ਚੜ੍ਹਿਆ। ਆਪਣੇ ਕਸਬ ਵਿਚ ਅੱਵਲ, ਦੋ ਦੋਸਤ ਫਿਰ ਇਕੱਠੇ ਸਨ। ਚਹੁੰ ਮਹੀਨਿਆਂ ਬਾਅਦ ਜਦੋਂ ਨਰਿੰਦਰ ਘਰ ਮੁੜਿਆ ਤਾਂ ਉਹ ‘ਪੰਜਾਬ ਟਾਈਮਜ਼’ ਨਾਲ ਜੁੜਨ ਲਈ ਤਕਰੀਬਨ ਤਿਆਰ ਸੀ ਪਰ ਕੁਦਰਤ ਨੂੰ ਪੱਤਰਕਾਰੀ ਦੇ ਪਿੜ ’ਚ ਮੌਲ਼ ਰਹੀ ਇਹ ਦੋਸਤੀ ਸ਼ਾਇਦ ਮਨਜ਼ੂਰ ਨਹੀਂ ਸੀ। 12 ਅਗਸਤ (2007) ਨੂੰ ਐਤਵਾਰ ਦਾ ਦਿਨ ਸੀ ਜਦੋਂ ਨਰਿੰਦਰ ਦਿੱਲੀ ਦੇ ਹਵਾਈ ਅੱਡੇ ’ਤੇ ਉੱਤਰਿਆ, ਤੇ ਬੁੱਧਵਾਰ ਰਾਤ ਦੀ ਖ਼ਬਰ ਸੀ: ਨਰਿੰਦਰ ਦਾ ਐਕਸੀਡੈਂਟ ਹੋ ਗਿਆ। ਉਹ ਹਸਪਤਾਲ ’ਚ ਬੇਹੋਸ਼ ਪਿਆ ਡੁੱਬਦੀ ਜਾਂਦੀ ਨਬਜ਼ ਨਾਲ ਜੂਝ ਰਿਹਾ ਸੀ… ਦਿਨ ਚੜ੍ਹਦੇ ਤੱਕ ਉਹ ਖ਼ਬਰ ਬਣ ਗਿਆ ਅਤੇ ਇਹ ਖ਼ਬਰ ਉਨ੍ਹੀਂ ਪੈਰੀਂ ਅਮਰੀਕਾ ਵੀ ਪੁੱਜ ਗਈ। ਆਪਣੀ ਸਰੀਰਕ ਲੜਾਈ ਨਾਲ ਜੂਝ ਰਿਹਾ ਅਮੋਲਕ ਹੁਣ ਇਕ ਹੋਰ ਲੜਾਈ ਲੜ ਰਿਹਾ ਸੀ। ਉਹਨੂੰ ਲੱਗਿਆ, ਮਾਸਕੂਲਰ ਡਿਸਟਰੌਫੀ ਨਾਲ ਉਹਦੀਆਂ ਬਾਹਾਂ ਸਿਰਫ਼ ਨਿੱਸਲ ਹੋਈਆਂ ਸਨ, ਟੁੱਟੀਆਂ ਤਾਂ ਹੁਣ ਨਰਿੰਦਰ ਦੇ ਤੁਰ ਜਾਣ ਨਾਲ ਹਨ।
ਫਿਰ ਗਾਹੇ-ਬਗਾਹੇ ਅਮੋਲਕ ਦਾ ਪੰਜ-ਸੱਤ ਕੁ ਮਿੰਟਾਂ ਦਾ ਫੋਨ ਆਉਂਦਾ, ਹਰ ਵਾਰ ਕਸਬ ਦੀ ਹੀ ਗੱਲ। ਇਕ ਦਿਨ ਫੋਨ ਵਾਹਵਾ ਲੰਮਾ ਹੋ ਗਿਆ। ਲਹਿੰਦੇ ਪੰਜਾਬ ਦੇ ਗਵਰਨਰ ਸਲਮਾਨ ਤਾਸੀਰ ਦਾ ਕਤਲ ਹੋ ਗਿਆ ਸੀ। ਕੱਟੜਪੰਥੀਆਂ ਦੇ ਅਸਰ ਹੇਠ ਆਏ ਉਹਦੇ ਆਪਣੇ ਹੀ ਅੰਗ-ਰੱਖਿਅਕ ਨੇ ਉਹਦੇ ਜਿਸਮ ਅੰਦਰ 27 ਗੋਲੀਆਂ ਉਤਾਰ ਦਿੱਤੀਆਂ ਸਨ। ਸਲਮਾਨ ਨੇ ਗ਼ਰੀਬਣੀ ਈਸਾਈ ਔਰਤ ਆਸੀਆ ਬੀਬੀ ਨਾਲ ਹੋ ਰਹੀ ਵਧੀਕੀ ਖ਼ਿਲਾਫ਼ ਆਵਾਜ਼ ਉਠਾਈ ਸੀ ਅਤੇ ਉਹਦੀ ਫਾਂਸੀ ਤੁੜਵਾਉਣ ਲਈ ਤਰੱਦਦ ਕਰ ਰਿਹਾ ਸੀ। ਅਮੋਲਕ ਨੇ ਗੱਲਾਂ ਦੌਰਾਨ ਪਾਕਿਸਤਾਨ ਦੀ ਸਿਆਸਤ, ਫ਼ੌਜ, ਮੁਲਾਣਿਆਂ ਦੀ ਚੜ੍ਹਤ, ਘੱਟ-ਗਿਣਤੀਆਂ ਦੇ ਹਾਲਾਤ ਬਾਰੇ ਕਿੰਨਾ ਕੁਝ ਕਿਹਾ ਤੇ ਸੁਣਿਆ ਵੀ। ਅਖ਼ੀਰ ’ਚ ਕਹਿੰਦਾ: “ਬੱਸ, 800 ਸ਼ਬਦਾਂ ’ਚ ਇਹ ਸਾਰਾ ਕੁਝ ਲਿਖ ਕੇ ਭੇਜ ਦੇ।”… ਉਹਦੇ ਇਹ ਬੋਲ ਸੁਣਦਿਆਂ ਸਾਰ ਦਿਲ ਦੇ ਦਰਵਾਜ਼ੇ ’ਤੇ ‘ਪੰਜਾਬੀ ਟ੍ਰਿਬਿਊਨ’ ਦੇ ਡਿਪਟੀ ਐਡੀਟਰ ਦਲਬੀਰ ਸਿੰਘ ਨੇ ਦਸਤਕ ਦਿੱਤੀ:
2007 ਦੇ ਮਈ ਮਹੀਨੇ ਦੀਆਂ ਮੁਢਲੀਆਂ ਤਾਰੀਖ਼ਾਂ ਸਨ। ਮੈਨੂੰ ਉਚੇਚਾ ਆਪਣੇ ਕੈਬਿਨ ’ਚ ਬੁਲਾਇਆ ਅਤੇ ਮੇਰੇ ਕੁਰਸੀ ਉਤੇ ਬੈਠਦੇ ਸਾਰ ਕਹਿਣ ਲੱਗੇ: “ਸੁਖਦੇਵ ਬਾਰੇ ਕਿੰਨਾ ਕੁ ਪੜ੍ਹਿਐ?”
ਸੁਖਦੇਵ ਤਾਂ ਮੇਰੇ ਪਸੰਦੀਦਾ ਇਨਕਲਾਬ-ਪਸੰਦਾਂ ਵਿਚੋਂ ਸੀ, ਉਹਦੀ ਜਥੇਬੰਦਕ ਸਮਰੱਥਾ ਕਾਇਲ ਕਰਨ ਵਾਲੀ ਸੀ। ਬੱਸ ਗੱਲਾਂ ਸ਼ੁਰੂ ਹੋ ਗਈਆਂ। ਪਤਾ ਹੀ ਨਾ ਲੱਗਿਆ, ਕਦੋਂ ਅੱਧਾ ਘੰਟਾ ਲੰਘ ਗਿਆ।
ਦਲਬੀਰ ਸਿੰਘ ਦੇ ਸ਼ਬਦ ਵੀ ਅਮੋਲਕ ਦੇ ਮਗਰਲੇ ਸ਼ਬਦਾਂ ਵਰਗੇ ਸਨ: “ਜਿਹੜੀਆਂ ਗੱਲਾਂ ਆਪਾਂ ਕੀਤੀਆਂ ਨੇ ਨਾ ਸੁਖਦੇਵ ਬਾਰੇ, ਬੱਸ ਚਹੁੰ ਦਿਨਾਂ ਵਿਚ ਲਿਖ ਕੇ ਦੇ ਦੇ।” ਉਹ ਵਰ੍ਹਾ ਸੁਖਦੇਵ ਦਾ ਜਨਮ ਸ਼ਤਾਬਦੀ ਵਰ੍ਹਾ ਸੀ।… ਪੱਤਰਕਾਰੀ ਸੂਝ ਬੰਦੇ ਨੂੰ ਚੰਡ ਦਿੰਦੀ ਹੈ ਕਿ ਕਿਹੜਾ ਕੰਮ ਕਿਸ ਤੋਂ ਕਰਵਾਉਣਾ ਹੈ! ਇਹੀ ਪਹੁੰਚ ਅਮੋਲਕ ਦੀ ਤਾਕਤ ਸੀ। ਉਹਨੇ ਅਮਰੀਕਾ, ਕੈਨੇਡਾ, ਹਿੰਦੋਸਤਾਨ ਤੇ ਹੋਰ ਥਾਈਂ ਵੱਸਦੇ ਅਣਗਿਣਤ ਲਿਖਾਰੀਆਂ ਤੇ ਪੰਜਾਬੀ ਪਿਆਰਿਆਂ ਨੂੰ ਆਪਣੇ ਨਾਲ ਇਉਂ ਹੀ ਜੋੜਿਆ ਹੋਇਆ ਸੀ। ਉਹ ਹਰ ਹਫ਼ਤੇ ਛਾਟਵੀਂ ਤੇ ਨਿਵੇਕਲੀ ਸਮੱਗਰੀ ਨਾਲ ਬਿਮਾਰੀ ਨੂੰ ਵੰਗਾਰਦਾ। ਪੰਜਾਬ ਬਾਰੇ ਬਹਿਸਾਂ ਨਾਲ ਮਾਹੌਲ ਭਖਾਉਂਦਾ। ਇਸੇ ਕਰਕੇ ਉਹਦੇ ਪਰਚੇ ਬਾਰੇ ਅਕਸਰ ਇਹ ਟਿੱਪਣੀਆਂ ਸੁਣਨ ਨੂੰ ਮਿਲਦੀਆਂ ਕਿ ਪਰਚਾ ਕਈ ਮਾਮਲਿਆਂ ਵਿਚ ਪੰਜਾਬ ਦੀਆਂ ਮੁੱਖ ਧਾਰਾ ਵਾਲੀਆਂ ਅਖ਼ਬਾਰਾਂ ਤੋਂ ਵੀ ਦੋ ਰੱਤੀਆਂ ਉਤਾਂਹ ਜਾਂਦਾ ਹੈ।
ਇਸੇ ਕਰਕੇ ਪ੍ਰੋਫੈਸਰ ਜੋਗਿੰਦਰ ਸਿੰਘ ਰਮਦੇਵ ਵਰਗਾ ਬੰਦਾ ਜਿਸ ਨੇ ਭਲੇ ਵੇਲਿਆਂ ਵਿਚ ਫਰਾਂਸੀਸੀ ਲਿਖਾਰੀ ਗੁਸਤਾਵ ਫਲਾਵੇਅਰ ਦਾ ਨਾਵਲ ‘ਮਦਾਮ ਬੋਵਾਰੀ’ ਦਾ ਤਰਜਮਾ ਕੀਤਾ ਸੀ ਤੇ ਲਾਇਬ੍ਰੇਰੀ ਸਾਇੰਸ ਦੇ ਖੇਤਰ ਦੀ ਇਕ ਹਸਤੀ ਸੀ, ਅਮੋਲਕ ਨੂੰ ਆਪਣਾ ਰੋਲ ਮਾਡਲ ਮੰਨਦਾ ਸੀ। ਮੰਜੇ ਉਤੇ ਪਏ ਅਮੋਲਕ ਲਈ ਇਸ ਤੋਂ ਵੱਡੀ ਸ਼ਾਬਾਸ਼ ਹੋਰ ਕੀ ਹੋ ਸਕਦੀ ਸੀ!
ਅਮੋਲਕ ਨੂੰ ਮਿਲਣ ਵਾਲੇ ਉਹਦੇ ਹਠ ਬਾਰੇ ਵਾਰ ਵਾਰ ਬਾਤਾਂ ਪਾਉਂਦੇ ਹਨ। ਇਹ ਹਠ ਸਹਿਜ ਦੇ ਸੇਕ ਨਾਲ ਬਣਿਆ ਸੀ ਜਿਸ ਦੀ ਉਮਦਾ ਮਿਸਾਲ ਉਹਦਾ ਲੇਖ ‘ਕਮਲਿਆਂ ਦਾ ਟੱਬਰ’ ਹੈ। ਸੱਚਮੁੱਚ ਦੰਗ ਕਰਨ ਵਾਲੀ ਲਿਖਤ ਹੈ। ਕੁਲਵੰਤ ਸਿੰਘ ਵਿਰਕ ਜਿਵੇਂ ਕਹਾਣੀ ਦੇ ਅੰਤ ਉੱਤੇ ਕੁਝ ਕੁ ਸਤਰਾਂ ਜਾਂ ਆਖਰੀ ਪੈਰੇ ਵਿਚ ਸੂਖ਼ਮ ਛੋਹਾਂ ਨਾਲ ਕਹਾਣੀ ਦੇ ਅਸਰ ਨੂੰ ਦੂਣ-ਸਵਾਇਆ ਕਰਦਾ ਹੈ, ਇਹ ਲੇਖ ਇਸੇ ਰੰਗ ਵਾਲਾ ਹੈ। ਇਹ ਲੇਖ ਇਕ ਵਾਰ ਪੜ੍ਹ ਕੇ ਫਿਰ ਭੁੱਲ ਸਕਣਾ ਨਾ-ਮੁਮਕਿਨ ਹੈ। ਲੇਖ ਮੁੱਕਦਾ ਹੈ ਤਾਂ ਅੰਦਰੋਂ ਕਿਤੋਂ ਚੀਸ ਉੱਠਦੀ ਹੈ।
ਇਹੀ ਕਮਾਈ ਸੀ ਜਿਹਦੇ ਕਰਕੇ ਅਮੋਲਕ ਪੰਜਾਬੀ ਪੱਤਰਕਾਰੀ ਦਾ ਅਮੋਲਕ ਹੀਰਾ ਸੀ। ਮਾਸਕੂਲਰ ਡਿਸਟਰੌਫੀ ਦਾ ਝੰਬਿਆ ਉਹਦਾ ਸਰੀਰ ਆਖਿ਼ਰ 20 ਅਪਰੈਲ (2021) ਨੂੰ ਸਦਾ ਲਈ ਸ਼ਾਂਤ ਹੋ ਗਿਆ।