ਮਿੱਤਰ ਦੀ ਇਕ ਯਾਦ ਪੁਰਾਣੀ

ਮਿੱਤਰ ਦੀ ਇਕ ਯਾਦ ਪੁਰਾਣੀ

ਹਰਕੰਵਲ ਕੰਗ

ਪਿਛਲੇ ਦਿਨੀਂ ਏਸੀਪੀ ਅਨਿਲ ਕੋਹਲੀ ਕਰੋਨਾਵਾਇਰਸ ਵਿਰੁੱਧ ਜੰਗ ਦੇ ਪਹਿਲੇ ਸ਼ਹੀਦ ਬਣੇ। ਉਨ੍ਹਾਂ ਦੀ ਇਕ ਪੁਰਾਣੀ ਯਾਦ ਮੈਂ ਭੁੱਲ ਨਹੀਂ ਸਕਦਾ। ਮੈਂ ਪੰਜਾਬ ਯੂਨੀਵਰਸਿਟੀ ਪੜ੍ਹਨ ਆ ਗਿਆ ਸੀ, ਪਰ ਆਪਣੇ ਮਨੋਰਥ ਤੋਂ ਪਾਸੇ ਜਾ ਰਿਹਾ ਸੀ। ਸੋਸ਼ਲ ਸਰਕਲ ਵਧਿਆ ਹੋਇਆ ਸੀ। ਹੋਸਟਲ ਵਿੱਚ ਪੜ੍ਹਨ ਦੀ ਥਾਂ ਮਹਿਫਲਾਂ ਵਧੇਰੇ ਸਜਾਉਂਦੇ। ਉਨ੍ਹਾਂ ਦਿਨਾਂ ਵਿੱਚ ਹੀ ਇੱਕ ਮਿੱਤਰ ਦੀ ਕੀਤੀ ਮੱਦਦ ਨੇ ਸਾਡਾ ਭੇੜ ਕੋਹਲੀ ਸਾਅਬ ਨਾਲ ਪਵਾ ਦਿੱਤਾ। ਦਿਨ ਦਾ ਚੈਨ ਅਤ ਰਾਤਾਂ ਦੀ ਨੀਂਦ ਹਰਾਮ ਹੋ ਗਈ ਸੀ। ਮਿੱਤਰ ਤਾਂ ਕੀ ਖੁਦ ਦਾ ਪ੍ਰਛਾਵਾਂ ਵੀ ਨਾਲ ਤੁਰਨ ਨੂੰ ਤਿਆਰ ਨਹੀਂ ਸੀ। ਪੁਲੀਸ ਨੇ ਤੜਕੇ ਹੀ ਘਰ ਰੇਡ ਮਾਰ ਦਿੱਤੀ ਸੀ। 

ਮੈਂ ਤੇ ਮੇਰਾ ਜਮਾਤੀ ਰਜਿੰਦਰ ਉਸ ਦਿਨ ਕੋਠੇ ਉੱਤੇ ਸੁੱਤੇ ਸੀ। ਰਾਤ ਦੀ ਸਾਂਝੀ ‘ਗਲਤੀ’ ਜੋ ਅਸੀਂ ਵਾਰ ਵਾਰ ਕਰਨ ਲੱਗੇ ਸੀ। ਉਸ ਨੇ ਉੱਠਦਿਆਂ ਸਾਰ ਹੀ ਹੁਕਮ ਦੇਣ ਵਾਲੇ ਲਹਿਜ਼ੇ ’ਚ ਕਿਹਾ, ‘ਕਮਲ ਮੈਨੂੰ ਘਰ ਛੱਡ ਆ। ’ ਮੈਂ ਉਸਨੂੰ ਛੱਡਣ ਤੁਰ ਗਿਆ ਸੀ। ਵਾਪਸੀ ਉੱਤੇ ਇੱਕ ਦੁਕਾਨਦਾਰ, ਜੋ ਦੁਕਾਨ ਅੱਗੇ ਸਵੇਰੇ ਝਾੜੂ ਮਾਰ ਰਿਹਾ ਸੀ, ਨੇ ਹੱਥ ਦੇ ਕੇ ਰੋਕ ਲਿਆ ਤੇ ਕਹਿਣ ਲੱਗਾ, ‘ਪੁਲੀਸ ਵਾਲੇ ਤੇਰਾ ਘਰ ਪੁੱਛਦੇ ਸੀ, ਕੈਂਟਰ ਭਰਿਆ ਹੋਇਆ ਤੇ ਇੱਕ ਬੁੜ੍ਹਾ ਜਿਹਾ ਬੰਦਾ ਨਾਲ ਐ। ਹੁਣੇ ਤੇਰੇ ਅੱਗੇ ਹੀ ਘਰ ਨੂੰ ਗਏ ਐਂ। ’ ਮੈਂ ਉੱਥੇ ਖੜ੍ਹਨ ਦੀ ਥਾਂ ਸਕੂਟਰ ਨਾਨੋਵਾਲ ਨੂੰ ਪਾ ਦਿੱਤਾ ਤੇ ਕਿ ਜਦੋਂ ਬਹਿਲੋਲਪੁਰ ਤੋਂ ਪੁਲੀਸ ਮੁੜੇਗੀ ਤਾਂ ਦੇਖਲਵਾਂਗਾ। ਮੇਰਾ ਡਰ ਸੱਚ ਹੋ ਗਿਆ ਸੀ। ਜਿਸ ਦੋਸਤ ਦੀ ਮੱਦਦ ਕੀਤੀ ਸੀ, ਉਸ ਦਾ ਬਾਪੂ ਪੁਲੀਸ ਗੱਡੀ ਵਿੱਚ ਬੈਠਾ ਸੀ। ਮਾਮਲਾ ਸਮਝ ਆ ਗਿਆ ਸੀ। 

ਮਸਲੇ ਦੇ ਹੱਲ ਲਈ ਕੋਹਲੀ ਸਾਅਬ ਤੱਕ ਪਹੁੰਚ ਕਰਨੀ ਜ਼ਰੂਰੀ ਹੋ ਗਈ ਸੀ। ਇੱਕ ਸੀਨੀਅਰ ਜੋ ਪਰਿਵਾਰਕ ਜੀਆਂ ਵਰਗਾ ਹੀ ਹੈ, ਕੁੱਝ ਵਧੇਰੇ ਹੀ ਭਰੋਸੇ ਨਾਲ ਮੈਨੂੰ ਥਾਣੇ ਲੈ ਗਿਆ। ਜਦੋਂ ਕੋਹਲੀ ਸਾਅਬ ਦੇ ਦਫਤਰ ਵਿੱਚ ਪੁੱਜੇ ਤਾਂ ਉਨ੍ਹਾਂ ਦਾ ਸਲੀਕਾ ਮਿੱਤਰਤਾਮਈ ਸੀ ਅਤੇ ਉਸ ਵੱਡੇ ਬਾਈ ਨਾਲ ਆਪਣੇ ਥਾਣੇ ਦੇ ਖਰਚ ਤੇ ਵਗਾਰਾਂ ਦਾ ਮਸਲਾ ਛੋਹ ਕੇ ਬਹਿ ਗਏ ਸਨ। ਏਨੇ ਨੂੰ ਚਾਹ ਆ ਗਈ ਸੀ। ਵੱਡੇ ਵੀਰ ਨੇ ਥਾਣੇ ਵਿੱਚ ਜੁੜੀ ਭੀੜ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਮੇਰਾ ਤੇ ਮੇਰੇ ਯਾਰਾਂ ਦੇ ਨਾਂਅ ਲੈ ਕੇ ਥੱਬੇ ਜਿੱਡੀ ਗਾਲ਼ ਕੱਢਦਿਆਂ ਕਿਹਾ ਕਿ ਇਨ੍ਹਾਂ ਨੇ ਪੁਲੀਸ ਦਾ ਜਿਉਣਾ ਹਰਾਮ ਕੀਤਾ ਐ, ਚਡੀਗੜ੍ਹ ਤੋਂ ਆਉਂਦੇ ਨੇ ਤੇ ਇੱਥੇ ‘ਕਾਰਵਾਈ’ ਪਾ ਕੇ ਭੱਜ ਜਾਂਦੇ ਨੇ, ਇਨ੍ਹਾਂ ’ਚ ਇੱਕ ਕਮਲ ਐ। ਕੋਹਲੀ ਦੇ ਤਿੱਖੇ ਤੇਵਰ ਦੇਖਦਿਆਂ ਮੈਂ ਵੱਡੇ ਵੀਰ ਦਾ ਗੋਡਾ ਘੁੱਟ ਦਿੱਤਾ ਸੀ, ਏਨੇ ਨੂੰ ਕੋਹਲੀ ਨੇ ਮੈਨੂੰ ਪੁੱਛ ਲਿਆ, ‘ਤੂੰ ਕੀ ਕਰਦਾ ਐਂ, ਤੂੰ ਕਮਲ ਨੂੰ ਜਾਣਦਾ ਐ?’ ਮੈਂ ਆਪਣੀ ਪਛਾਣ ਵੀ ਲੁਕੋ ਲਈ ਤੇ ਕਮਲ ਨੂੰ ਜਾਣਦਾ ਹੋਣ ਤੋਂ ਵੀ ਇਨਕਾਰ ਕੀਤਾ ਸੀ। ਚਾਹ ਦੇ ਘੁੱਟ ਭਰ ਕੇ ਥਾਣੇ ਵਿੱਚੋਂ ਬਾਹਰ ਆ ਗਏ ਸੀ। 

ਕਾਰ ਕੁੱਝ ਕਿਲੋਮੀਟਰ ਹੀ ਗਈ ਸੀ ਕਿ ਵੱਡੇ ਬਾਈ ਨੂੰ ਫੋਨ ਆ ਗਿਆ ਕੋਹਲੀ ਦਾ। ਉਹ ਕੁੱਝ ਵਧੇਰੇ ਹੀ ਨਾਰਾਜ਼ ਸੀ। ਕਹਿ ਰਿਹਾ ਸੀ ਕਿ ਮੁਲਜ਼ਮ ਸਾਹਮਣੇ ਬਹਿ ਕੇ ਚਾਹ ਪੀ ਜਾਵੇ ਤੇ ਪੁੱਛੇ ਤੋਂ ਵੀ ਆਪਣੇ ਬਾਰੇ ਦੱਸੇ ਨਾ, ‘ਤੈਂ ਮੈਨੂੰ ਮਰਵਾਉਣਾ’। ਇਸ ਤਰ੍ਹਾਂ ਦਾ ਵਾਰਤਾਲਾਪ ਮੇਰੇ ਕੰਨਾਂ ਦੇ ਕੀੜੇ ਕੱਢ ਰਿਹਾ ਸੀ। ਮੈਨੂੰ ਅੱਗੇ ਕੋਈ ਰਸਤਾ ਨਹੀਂ ਦਿਖ ਰਿਹਾ ਸੀ। ਮਦਦਗੀਰ ਕਦੋਂ ਮੁਲਜ਼ਮ ਬਣ ਗਿਆ ਪਤਾ ਹੀ ਨਹੀਂ ਚੱਲਿਆ। ਮਨ ਉੱਤੇ ਬੇਹੱਦ ਬੋਝ ਸੀ, ਵੱਡੇ ਬਾਈ ਨੇ ਆਖਿਰ ਥੋਡੀ ਮਰਜ਼ੀ ਕਹਿ ਕੇ ਫੋਨ ਕੱਟ ਦਿੱਤਾ ਸੀ। ਮੈਨੂੰ ਉਨ੍ਹਾਂ ਪੁੱਛਿਆ ਕਿ ਜਦੋਂ ਆਪਾਂ ਥਾਣੇ ਵਿੱਚ ਗਏ ਤਾਂ ਕੀ ਬਾਹਰ ਖੜ੍ਹਿਆਂ ਵਿੱਚੋਂ ਤੈਨੂੰ ਕੋਈ ਜਾਣਦਾ ਸੀ, ਮੈਂ ਕਿਹਾ ਨਹੀਂ, ਤਾਂ ਉਨ੍ਹਾਂ ਕਿਹਾ ਕਿ ਤੇਰੇ ਵਿਰੋਧੀ ਥਾਣੇ ਵਿੱਚ ਸਨ, ਉਨ੍ਹਾਂ ਬਾਅਦ ਵਿੱਚ ਰੌਲਾ ਪਾ ਦਿੱਤਾ ਕਿ ਪੁਲੀਸ ਮੁਲਜ਼ਮਾਂ ਨਾਲ ਰਲੀ ਹੋਈ ਹੈ। 

ਸ਼ਾਮ ਨੂੰ ਫਿਰ ਯਾਰ ਸਿਰ ਜੋੜ ਕੇ ਬੈਠ ਗਏ ਸੀ ਕਿ ਮਸਲੇ ਦਾ ਹੱਲ ਕਿਵੇਂ ਕੱਢਿਆ ਜਾਵੇ। ਮਦਦਗੀਰਾਂ ਵਿੱਚ ਫਿਰ ਦੋ ਤਿੰਨ ਜਾਣੇ ਕੋਹਲੀ ਦੇ ਨਜ਼ਦੀਕੀ ਸਨ, ਉਹ ਕਹਿ ਰਹੇ ਸਨ ਕਿ ਯਾਰ ਬੰਦਾ ਏਨਾ ਮਾੜਾ ਨਹੀਂ, ਸਾਡਾ ਚਾਚਾ ਕਹਿਣ ਲੱਗਾ ਸੀ ਕਿ ਕਾਕਾ ਤੈਂ ਗੱਲ ਆਪੇ ਖਰਾਬ ਕਰ ਲਈ ਐ, ਲੰਬੀਆਂ ਸਲਾਹਾਂ ਤੋਂ ਬਾਅਦ ਦੋ ਕਾਰਾਂ ਵਿਗੜੇ ਮਾਮਲੇ ਨੂੰ ਹੋਰ ਉਲਝਣ ਤੋਂ ਬਚਾਉਣ ਲਈ ਥਾਣੇ ਵੱਲ ਸਿੱਧੀਆਂ ਹੋ ਗਈਆਂ। ਕੋਹਲੀ ਸਾਅਬ ਆਪਣੇ ਸਟੈਂਡ ਵਿੱਚ ਨਰਮੀ ਲਿਆ ਕੇ ਮੰਨ ਗੲ ਕਿ ਉਹ ਤੌਣੀ ਨਹੀਂ ਲਾਉਣਗੇ ਪਰ ਮਾਮਲੇ ਨੂੰ ਰਫਾ ਦਫਾ ਕਰਨ ਦੇ ਮੂਡ ਵਿੱਚ ਵੀ ਨਹੀਂ ਸਨ, ਉਹ ‘ਬੰਦੇ‘ ਨੂੰ ਦੇਖਣਾ ਜ਼ਰੂਰ ਚਾਹੁੰਦੇ ਸੀ। 

ਦੂਜੀ ਰਾਤ ਮੈਂ ਵੱਡੇ ਬਾਈ ਦੇ ਘਰ ਹੀ ਸੁੱਤਾ ਸੀ, ਰਾਤ ਨੂੰ ਸੁਪਨੇ ਵਿੱਚ ਪੁਲੀਸ ਫੜਨ ਪੈ ਗਈ ਸੀ। ਅਗਲੇ ਦਿਨ ਫਿਰ ਮੈਨੂੰ ਕੋਹਲੀ ਸਾਅਬ ਅੱਗੇ ਪੇਸ਼ ਕੀਤਾ ਗਿਆ। ਮੇਰੇ ਹਮਾਇਤੀ ਕੁਰਸੀਆਂ ਉੱਤੇ ਬੈਠੇ ਸਨ ਪਰ ਮੈਨੂੰ ਕੁਰਸੀ ਨਹੀਂ ਦਿੱਤੀ ਸੀ। ਮੈਂ ਨੀਵੀਂ ਪਾਈ ਖੜ੍ਹਾ ਸੀ, ਮੇਰੇ ਕੋਲ ਕੋਹਲੀ ਦੇ ਸਵਾਲਾਂ ਦਾ ਜਵਾਬ ਨਹੀਂ ਸਨ। ਉਨ੍ਹਾਂ ਨੂੰ ਸ਼ਾਇਦ ਮੇਰੇ ਅਪਰਾਧ ਦਾ ਨਹੀਂ ਸਗੋਂ ਥਾਣੇ ਵਿੱਚ ਹੋਈ ਥਾਣੇਦਾਰ ਦੀ ਹੇਠੀ ਦਾ ਵਧੇਰੇ ਹਿਰਖ ਸੀ। ਤਜਰਬੇਕਾਰਾਂ ਨੇ ਮਾਮਲਾ ਹੱਲ ਕਰਵਾ ਦਿੱਤਾ ਸੀ। 

ਅਸੀਂ ਫਿਰ ਕਾਰਾਂ ਯੂਨੀਵਰਸਿਅਟੀ ਨੂੰ ਪਾ ਦਿੱਤੀਆਂ ਸਨ। ਕੋਹਲੀ ਸਾਅਬ ਨਾਲ ਇਹ ਪਹਿਲਾ ਵਾਹ ਸੀ। ਫਿਰ ਉਹ ਨਜ਼ਦੀਕੀ ਹੋ ਗਏ ਸਨ ਤੇ ਕਈ ਗੱਲਾਂ ਵਿੱਚ ਸਮਝਾਉਂਦੇ, ‘ਯਾਰ ਆਪਾਂ ਚੰਗੇ ਘਰਾਂ ਵਿੱਚ ਜੰਮੇ ਪਲੇ ਆਂ। ਕੀ ਰੱਖਿਆ ਲੜਾਈਆਂ-ਭੜਾਈਆਂ ’ਚ, ਤੁਹਾਡੇ ਕੋਲੋਂ ਮਾਂ ਪਿਓ ਦੇ ਪੈਸਿਆਂ ਦੇ ਸਿਰ ਉੱਤੇ ਯੂਨੀਵਰਸਿਟੀ ਵਿੱਚ ਐਸ਼ ਵੀ ਨਹੀਂ ਹੁੰਦੀ। ਵਧੀਕੀ ਨੇ ਫਿਰ ਵਾਧਾ ਤਾਂ ਕਰਨਾ ਹੀ ਹੋਇਆ। ਕਿਸੇ ਨੂੰ ਦੁੱਖ ਦੇ ਕੇ ਆਪਾਂ ਕਿਵੇਂ ਸੁਖੀ ਰਹਿ ਲਾਵਾਂਗੇ ਮਾਈ ਡੀਅਰ ਕਮਲ।’ ਸਮਝ ਆ ਗਈ ਸੀ ਕਿ ਪੜ੍ਹੋ ਲਿਖੋ-ਐਸ਼ ਕਰੋ ਮਿੱਤਰੋ ਪਰ ਦਿਲ ਕਿਸੇ ਦਾ ਦਿਖਾਇਓ ਨਾ। ਮੇਰੇ ਵਿਆਹ ਤੋਂ ਬਾਅਦ ਉਹ ਹੋਰ ਵੀ ਨਜ਼ਦੀਕੀ ਹੋ ਗਏ, ਉਹ ਮੇਰੇ ਵਿਆਹ ਵਿੱਚ ਸ਼ਾਮਲ ਸਨ, ਉਹ ਗੋਗੀ ਤੇ ਲਾਲੀ ਵੀਰ ਨਾਲ ਪੀਪੀਐਸ ਨਾਭੇ ਪੜ੍ਹੇ ਸਨ ਤੇ ਲਾਲੀ ਵੀਰ ਦੇ ਬੈਚਮੇਟ ਵੀ ਸਨ। ਉਨ੍ਹਾਂ ਨੇ ਆਪਣੇ ਫਰਜ਼ਾਂ ਨੂੰ ਕਿੰਨੀ ਨਿਸ਼ਠਾ ਤੇ ਸ਼ਿੱਦਤ ਨਾਲ ਨਾਲ ਨਿਭਾਇਆ, ਇਹ ਤਾਂ ਉਨ੍ਹਾਂ ਦੀ ਸ਼ਹੀਦੀ ਬਾਅਦ ਹੀ ਪਤਾ ਲੱਗਾ ਕਿ ਉਹ ਸੱਚ ਮੁੱਖ ਹੀ ਇਨਸਾਫ਼ਪਸੰਦ ਤੇ ਫਰਜ਼ਸਨਾਸ਼ ਅਫਸਰ ਸਨ। ਉਹ ਹਮੇਸ਼ਾ ਆਪਣੇ ਸਨੇਹੀਆਂ ਦੇ ਚੇਤਿਆਂ ਦੀ ਚੰਗੇਰ ਵਿੱਚ ਬਣੇ ਰਹਿਣਗੇ। 

ਸੰਪਰਕ: 97819-78123

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨਾਂ ਤੇ ਸਰਕਾਰ ਵਿਚਾਲੇ ਮੀਟਿੰਗ ਮੁੜ ਬੇਸਿੱਟਾ

ਕਿਸਾਨਾਂ ਤੇ ਸਰਕਾਰ ਵਿਚਾਲੇ ਮੀਟਿੰਗ ਮੁੜ ਬੇਸਿੱਟਾ

* ਸਰਕਾਰ ਖੇਤੀ ਕਾਨੂੰਨਾਂ ’ਚ ਕੁਝ ਤਬਦੀਲੀ ਕਰਨ ਲਈ ਰਾਜ਼ੀ; ਅਗਲੇ ਗੇੜ ਦੀ...

ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਿਨਾਂ ਕੁਝ ਵੀ ਮਨਜ਼ੂਰ ਨਹੀਂ: ਬੀਕੇਯੂ ਉਗਰਾਹਾਂ

ਖੇਤੀ ਕਾਨੂੰਨਾਂ ਦੀ ਵਾਪਸੀ ਤੋਂ ਬਿਨਾਂ ਕੁਝ ਵੀ ਮਨਜ਼ੂਰ ਨਹੀਂ: ਬੀਕੇਯੂ ਉਗਰਾਹਾਂ

ਹਰਿਆਣਾ ਦੀਆਂ ਕਿਸਾਨ ਔਰਤਾਂ ਨੇ ਵੀ ਹਕੂਮਤ ਨੂੰ ਵੰਗਾਰਿਆ; ਮੋਦੀ ਹਕੂਮਤ ...

ਗਲਵਾਨ ਘਾਟੀ ’ਚ ਵਾਪਰੀ ਘਟਨਾ ਚੀਨ ਦੀ ਯੋਜ

ਗਲਵਾਨ ਘਾਟੀ ’ਚ ਵਾਪਰੀ ਘਟਨਾ ਚੀਨ ਦੀ ਯੋਜ

ਭਾਰਤ ਨੇ ਅਮਰੀਕੀ ਕਮਿਸ਼ਨ ਦੀ ਰਿਪੋਰਟ ਦੇ ਆਧਾਰ ’ਤੇ ਕੀਤਾ ਦਾਅਵਾ; ਦੋਵਾਂ...

ਸ਼ਹਿਰ

View All