ਪੱਤਰ ਪ੍ਰੇਰਕ
ਮੰਡੀ ਘੁਬਾਇਆ 31 ਅਕਤੂਬਰ
ਗੁਰੂ ਰਾਮਦਾਸ ਬੀਐੱਡ ਕਾਲਜ ਮੰਨੇਵਾਲਾ ਵਿੱਚ 63ਵਾਂ ਜ਼ੋਨਲ ਯੁਵਕ ਮੇਲਾ ਕਰਵਾਇਆ ਗਿਆ, ਜਿਸ ਵਿੱਚ ਜ਼ੋਨ-ਸੀ ਦੇ 20 ਕਾਲਜਾਂ ਨੇ ਹਿੱਸਾ ਲਿਆ। ਡੀਏਵੀ ਕਾਲਜ ਆਫ ਐਜੂਕੇਸ਼ਨ ਅਬੋਹਰ ਵੱਲੋਂ ਓਵਰਆਲ ਟਰਾਫੀ ’ਤੇ ਕਬਜ਼ਾ ਕੀਤਾ ਗਿਆ। ਫੈਸਟੀਵਲ ਵਿੱਚ ਗਿੱਧਾ, ਭੰਗੜਾ ਲੋਕ ਗੀਤ, ਝੂਮਰ, ਨਾਟਕ ਅਤੇ ਭੰਡਾਂ ਦੀਆਂ ਪੇਸ਼ਕਾਰੀਆਂ ਆਦਿ ਖਿੱਚ ਦਾ ਕੇਂਦਰ ਰਹੀਆਂ। ਗੁਰੂ ਰਾਮਦਾਸ ਕਾਲਜ ਦੀ ਪ੍ਰਿੰਸੀਪਲ ਸਰਬਜੀਤ ਕੌਰ ਨੇ ਉਹ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਬਿਹਤਰ ਮੌਕਾ ਦੇ ਰਹੇ ਹਨ। ਦੂਸਰੇ ਦਿਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾ. ਨਿਰਮਲ ਸਿੰਘ ਜੌੜਾ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਪੜ੍ਹਾਈ ਦੇ ਨਾਲ -ਨਾਲ ਸਾਹਿਤਕ ਗਤੀਵਿਧੀਆਂ ਵੀ ਬਹੁਤ ਜ਼ਰੂਰੀ ਹਨ। ਇਸ ਮੌਕੇ ਮੁੱਖ ਮਹਿਮਾਨ ਐੱਸਐੱਸਪੀ ਭੁਪਿੰਦਰ ਸਿੰਘ ਸਿੱਧੂ ਨੇ ਪਹਿਲੇ ਸਥਾਨ ’ਤੇ ਆਏ ਡੀਏਵੀ ਕਾਲਜ ਆਫ ਐਜੂਕੇਸ਼ਨ ਅਬੋਹਰ, ਦੂਸਰੇ ਸਥਾਨ ’ਤੇ ਦੇਵ ਸਮਾਜ ਕਾਲਜ ਆਫ ਐਜੂਕੇਸ਼ਨ ਫਿਰੋਜ਼ਪੁਰ ਅਤੇ ਤੀਸਰੇ ਸਥਾਨ ਦਸਮੇਸ਼ ਗਰਲਜ਼ ਕਾਲਜ ਆਫ ਐਜੂਕੇਸ਼ਨ ਬਾਦਲ ਨੂੰ ਜੇਤੂ ਟਰਾਫੀਆਂ ਦੇ ਨਾਲ ਸਨਮਾਨਤ ਕੀਤਾ।
ਅਬੋਹਰ (ਪੱਤਰ ਪ੍ਰੇਰਕ): ਡੀਏਵੀ ਕਾਲਜ ਆਫ਼ ਐਜੂਕੇਸ਼ਨ ਨੇ 56 ਐਵਾਰਡਾਂ ਨਾਲ ਅੰਕ ਸੂਚੀ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਓਵਰਆਲ ਟਰਾਫੀ ’ਤੇ ਕਬਜ਼ਾ ਕੀਤਾ ਹੈ। ਜ਼ਿਕਰਯੋਗ ਹੈ ਕਿ ਕਾਲਜ ਨੂੰ ਕਹਾਣੀ, ਪੇਂਟਿੰਗ, ਭਜਨ, ਸਮੂਹ ਗੀਤ, ਗ਼ਜ਼ਲ, ਹੱਥ ਲਿਖਤ (ਅੰਗਰੇਜ਼ੀ), ਲੇਖ, ਸਥਾਪਨਾ, ਕਲੇ ਮਾਡਲਿੰਗ, ਫੋਟੋਗ੍ਰਾਫ਼ੀ, ਕੋਲਾਜ-ਮੇਕਿੰਗ, ਕਵਿਤਾ ਪਾਠ, ਮੁਹਾਵਰੇ, ਸਕਿੱਟ ਵਿਚ ਸਥਾਨ ਪ੍ਰਾਪਤ ਹੋਏ ਹਨ। ਕਾਰਜਕਾਰੀ ਪ੍ਰਿੰਸੀਪਲ ਡਾ. ਵਿਜੈ ਗਰੋਵਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।