ਨਿੱਜੀ ਪੱਤਰ ਪੇ੍ਰਕ
ਫ਼ਿਰੋਜ਼ਪੁਰ, 3 ਅਗਸਤ
ਕਸਬਾ ਮਖੂ ਨੇੜਲੇ ਪਿੰਡ ਸ਼ਰਫ਼ ਅਲੀ ਸ਼ਾਹ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਇੱਕ ਨੌਜਵਾਨ ਦੀ ਮੌਤ ਹੋ ਗਈ। ਇਸ ਨੌਜਵਾਨ ਨੂੰ ਨਸ਼ਾ ਦੇਣ ਦੇ ਦੋਸ਼ ਹੇਠ ਪੁਲੀਸ ਨੇ ਉਸ ਦੇ ਤਿੰਨ ਦੋਸਤਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪਿੰਡ ਵਾਸੀ ਜਸਵੰਤ ਸਿੰਘ ਨੇ ਪੁਲੀਸ ਨੂੰ ਦੱਸਿਆ ਕਿ ਉਸ ਦਾ ਲੜਕਾ ਲਖਵਿੰਦਰ ਸਿੰਘ (18) ਤਿੰਨ ਸਾਲਾਂ ਤੋਂ ਨਸ਼ੇ ਦਾ ਆਦੀ ਸੀ। ਪਿੰਡ ਵਿੱਚੋਂ ਉਸ ਦੇ ਕੁਝ ਦੋਸਤ ਉਸ ਨੂੰ ਕਥਿਤ ਨਸ਼ਾ ਵੇਚਣ ਲਈ ਮਜਬੂਰ ਕਰਦੇ ਅਤੇ ਬਦਲੇ ਵਿੱਚ ਕਰਨ ਲਈ ਨਸ਼ਾ ਦਿੰਦੇ ਸਨ। ਮੰਗਲਵਾਰ ਨੂੰ ਪਿੰਡ ਵਾਸੀ ਰਾਜਕਰਨ ਸਿੰਘ ਅਤੇ ਦੀਪਾ, ਲਖਵਿੰਦਰ ਸਿੰਘ ਨੂੰ ਲੈ ਕੇ ਗਏ ਸਨ। ਦੇਰ ਸ਼ਾਮ ਤੱਕ ਲਖਵਿੰਦਰ ਦੇ ਵਾਪਸ ਨਾ ਆਉਣ ’ਤੇ ਉਸ ਨੇ ਰਾਜਕਰਨ ਦੇ ਘਰ ਜਾ ਕੇ ਲਖਵਿੰਦਰ ਬਾਰੇ ਪੁੱਛਿਆ ਪਰ ਉਸ ਨੇ ਕੋਈ ਤਸੱਲੀਬਖ਼ਸ਼ ਜਵਾਬ ਨਾ ਦਿੱਤਾ। ਦੇਰ ਸ਼ਾਮ ਲਖਵਿੰਦਰ ਦੀ ਲਾਸ਼ ਸੇਮ ਨਾਲੇ ਕੋਲੋਂ ਬਰਾਮਦ ਹੋ ਗਈ। ਜਸਵੰਤ ਸਿੰਘ ਨੇ ਪੁਲੀਸ ਨੂੰ ਆਪਣੇ ਬਿਆਨਾਂ ਵਿੱਚ ਕਿਹਾ ਕਿ ਉਸ ਦੇ ਲੜਕੇ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ ਅਤੇ ਉਸ ਨੂੰ ਨਸ਼ਾ ਰਾਜਕਰਨ, ਦੀਪਾ ਅਤੇ ਉਨ੍ਹਾਂ ਦੇ ਇੱਕ ਹੋਰ ਸਾਥੀ ਰਾਜ ਸਿੰਘ ਵਾਸੀ ਜੋਗੇ ਵਾਲਾ ਨੇ ਦਿੱਤਾ ਸੀ।
ਡੱਬਵਾਲੀ (ਪੱਤਰ ਪ੍ਰੇਰਕ): ਪਿੰਡ ਗੰਗਾ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਮਾਮਲੇ ਵਿੱਚ ਸਦਰ ਪੁਲੀਸ ਨੇ ਇੱਕ ਔਰਤ ਸਣੇ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਕੱਲ੍ਹ ਪਿੰਡ ਗੰਗਾ ਵਾਸੀ ਸੁਖਵਿੰਦਰ ਸਿੰਘ ਉਰਫ ਗੱਗੂ (23) ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਡੀਐੱਸਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਕਾਲਾ ਸਿੰਘ ਦੀ ਸ਼ਿਕਾਇਤ ’ਤੇ ਥਾਣਾ ਸਦਰ ਵਿੱਚ ਕਰੀਬ 10 ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਇਸ ਤਹਿਤ ਪੰਜ ਮੁਲਜ਼ਮਾਂ ਸੁਰਿੰਦਰ ਉਰਫ ਲਾਦੇਨ ਪੁੱਤਰ ਮਨੀ ਰਾਮ, ਸੁਖਪਾਲ ਉਰਫ ਲਾਲੀ ਪੁੱਤਰ ਗੁਰਮੇਲ ਸਿੰਘ, ਰਾਜਿੰਦਰ ਸਿੰਘ ਪੁੱਤਰ ਮਹਿਤਾ ਸਿੰਘ, ਜਸਵਿੰਦਰ ਕੌਰ ਪਤਨੀ ਤਰਸੇਮ ਸਿੰਘ ਅਤੇ ਇੱਕ ਨਾਬਾਲਗ ਵਾਸੀ ਗੰਗਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਾਬਾਲਗ ਕੋਲੋਂ ਹੈਰੋਇਨ ਬਰਾਮਦ ਹੋਣ ਉਪਰੰਤ ਉਸ ਖ਼ਿਲਾਫ਼ ਕੇਸ ਦਰਜ ਕਰ ਕੇ ਪੜਤਾਲ ਕੀਤੀ ਜਾ ਰਹੀ ਹੈ।