ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 18 ਸਤੰਬਰ
ਮੌਜਗੜ੍ਹ ਹੈੱਡ ’ਤੇ ਮਾਮੇ ਦੇ ਪੁੱਤਾਂ ਨਾਲ ਅੱਜ ਨਹਾਉਣ ਗਏ ਸਿਰਸਾ ਵਾਸੀ 18 ਸਾਲਾਂ ਦੇ ਨੌਜਵਾਨ ਗੌਰਵ ਦੀ ਨਹਿਰ ’ਚ ਡੁੱਬਣ ਕਾਰਨ ਮੌਤ ਹੋ ਗਈ। ਘਟਨਾ ਅੱਜ ਬਾਅਦ ਦੁਪਿਹਰ ਦੀ ਦੱਸੀ ਗਈ ਹੈ। ਵੇਰਵਿਆਂ ਅਨੁਸਾਰ ਗੌਰਵ ਪੁੱਤਰ ਮੁਨਸ਼ੀ ਰਾਮ ਵਾਸੀ ਸੰਜੈ ਕਾਲੋਨੀ (ਸਿਰਸਾ) ਅੱਜਕੱਲ੍ਹ ਡੱਬਵਾਲੀ ਦੇ ਵਾਰਡ 6 ਵਿੱਚ ਕਬੀਰ ਬਸਤੀ ਵਿੱਚ ਆਪਣੇ ਨਾਨਕੇ ਪਰਿਵਾਰ ਕੋਲ ਆਇਆ ਹੋਇਆ ਸੀ। ਥਾਣਾ ਸਦਰ ਦੇ ਏਐੱਸਆਈ ਨੇ ਕਿਹਾ ਕਿ ਅੱਜ ਗੌਰਵ ਆਪਣੇ ਦੇ ਮਾਮੇ ਦੇ ਲੜਕੇ ਰਾਕੇਸ਼ ਅਤੇ ਰਿਤਿਕ ਦੇ ਨਾਲ ਮੌਜਗੜ੍ਹ ਹੈੱਡ ’ਤੇ ਨਹਾਉਣ ਚਲਾ ਗਿਆ। ਉਨ੍ਹਾਂ ਕਿਹਾ ਕਿ ਗੌਰਵ ਨੂੰ ਤੈਰਨਾ ਨਹੀਂ ਆਉਂਦਾ ਸੀ ਅਤੇ ਨਹਿਰ ’ਚ ਨਹਾਉਂਦੇ ਸਮੇਂ ਉਹ ਡੁੱਬ ਗਿਆ। ਸਦਰ ਪੁਲੀਸ ਨੇ ਲਾਸ਼ ਨਹਿਰ ਵਿੱਚੋਂ ਕਢਵਾ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤੀ ਹੈ। ਪੁਲੀਸ ਅਨੁਸਾਰ ਵਾਰਸਾਂ ਦੇ ਬਿਆਨਾਂ ’ਤੇ ਆਗਾਮੀ ਕਾਰਵਾਈ ਕੀਤੀ ਜਾਵੇਗੀ। ਨੌਜਵਾਨ ਦੀ ਮੌਤ ਸਬੰਧੀ ਵਾਪਰੀ ਘਟਨਾ ਕਾਰਨ ਇਲਾਕੇ ਵਿੱਚ ਗਮ ਦਾ ਮਾਹੌਲ ਹੈ। ਇਲਾਕਾ ਵਾਸੀ ਤੇ ਰਿਸ਼ਤੇਦਾਰ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ।