ਪੱਤਰ ਪ੍ਰੇਰਕ
ਟੱਲੇਵਾਲ, 5 ਫਰਵਰੀ
ਪਿੰਡ ਚੀਮਾ ਵਿੱਚ ਚਚੇਰੀ ਭੈਣ ਨੂੰ ਛੇੜਣ ਵਾਲਿਆਂ ਤੋਂ ਮੁਆਫ਼ੀ ਮੰਗਾਉਣ ਦੀ ਰੰਜਿਸ਼ ਕਾਰਨ ਇੱਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ। ਇਸ ਸਬੰਧੀ ਪੁਲੀਸ ਚੌਕੀ ਪੱਖੋ-ਕੈਂਚੀਆਂ ਦੇ ਏਐੱਸਆਈ ਕਿਰਨਜੀਤ ਸਿੰਘ ਨੇ ਦੱਸਿਆ ਕਿ ਧਰਮਿੰਦਰ ਸਿੰਘ ਪੁੱਤਰ ਬਸੰਤ ਸਿੰਘ ਵਾਸੀ ਚੀਮਾ ਵੱਲੋਂ ਬਿਆਨ ਦਰਜ ਕਰਵਾਏ ਗਏ ਹਨ ਕਿ ਉਹ ਆਪਣੇ ਕੰਮ ਤੋਂ ਘਰ ਜਾ ਰਿਹਾ ਸੀ। ਪਿੰਡ ਦੇ ਬੱਸ ਅੱਡੇ ’ਤੇ ਪੁੱਜਣ ’ਤੇ ਹੈਪੀ ਸਿੰਘ, ਬੱਬੂ ਸਿੰਘ, ਕਰਮਜੀਤ ਸਿੰਘ ਅਤੇ 3 ਅਣਪਛਾਤੇ ਵਿਅਕਤੀ ਹੱਥਾਂ ਵਿੱਚ ਸੋਟੀਆਂ ਲੈ ਕੇ ਖੜੇ ਸਨ। ਉਨ੍ਹਾਂ ਨੇ ਘੇਰ ਕੇ ਉਸ ਦੀ(ਧਰਮਿੰਦਰ) ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੋਟਰਸਾਈਕਲ ਭੰਨ ਦਿੱਤਾ। ਇਸ ਤੋਂ ਬਾਅਦ ਉਸ ਦੇ ਚਾਚੇ ਦੇ ਲੜਕੇ ਸੰਦੀਪ ਸਿੰਘ ਨੇ ਰੌਲਾ ਪਾਇਆ ਅਤੇ ਮੁਲਜ਼ਮ ਮੌਕੇ ਤੋਂ ਹਥਿਆਰਾਂ ਸਮੇਤ ਭੱਜ ਗਏ। ਮੁਦੱਈ ਨੇ ਦੱਸਿਆ ਕਿ ਉਸ ਦੀ ਚਾਚੇ ਦੀ ਲੜਕੀ ਬਰਨਾਲਾ ’ਚ ਪੜ੍ਹਦੀ ਹੈ, ਜਿਸ ਨੂੰ ਹੈਪੀ ਸਿੰਘ ਨਾਮ ਦਾ ਮੁਲਜ਼ਮ ਛੇੜਦਾ ਸੀ। ਇਸ ਦਾ ਉਲਾਂਭਾ ਮੁਲਜ਼ਮ ਦੇ ਘਰ ਵਾਲਿਆਂ ਨੂੰ ਵੀ ਦਿੱਤਾ ਸੀ ਅਤੇ ਮੁਲਜ਼ਮ ਨੇ ਮੁਆਫ਼ੀ ਮੰਗ ਲਈ ਸੀ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਦੀ ਕੁੱਟਮਾਰ ਕੀਤੀ ਹੈ। ਏਐੱਸਆਈ ਕਿਰਨਜੀਤ ਸਿੰਘ ਨੇ ਦੱਸਿਆ ਕਿ ਮੁਦੱਈ ਦੇ ਬਿਆਨ ਦਰਜ ਕਰਕੇ ਇਨ੍ਹਾਂ ਮੁਲਜ਼ਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ।