ਦਵਿੰਦਰ ਮੋਹਨ ਬੇਦੀ
ਗਿੱਦੜਬਾਹਾ, 11 ਫਰਵਰੀ
ਪੰਜਾਬ ਦਾ ਖਜ਼ਾਨਾ ਖਾਲੀ ਨਹੀਂ ਹੋ ਸਕਦਾ। ਇਸ ਨੂੰ ਭਰਨ ਲਈ ਮਿਹਨਤ ਅਤੇ ਇਮਾਨਦਾਰੀ ਨਾਲ ਕੰਮ ਕੀਤਾ ਜਾਣਾ ਅਤੇ ਮਜ਼ਬੂਤ ਇੱਛਾਸ਼ਕਤੀ ਜ਼ਰੂਰੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗਿੱਦੜਬਾਹਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਦਾ ਜਿਹੜਾ ਵੀ ਮਹਿਕਮਾ ਸਭ ਤੋਂ ਘਾਟੇ ਵਾਲਾ ਜਾਪਦਾ ਹੈ, ਉਸ ਦੀ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਜਾਵੇ। ਉਹ ਉਸ ਨੂੰ ਮੁਨਾਫ਼ੇ ਵਿੱਚ ਲੈ ਆਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖਾਲੀ ਖ਼ਜਾਨੇ ਨੂੰ ਭਰਨ ਲਈ ਮਜ਼ਬੂਤ ਇੱਛਾਸ਼ਕਤੀ ਦੀ ਲੋੜ ਹੈ ਅਤੇ ਉਹ ਇਹ ਕੰਮ ਬਾਖੂਬੀ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਭਾਵੇਂ ਉਨ੍ਹਾਂ ਨੂੰ ਕੰਮ ਕਰਨ ਲਈ ਸਿਰਫ਼ 111 ਦਿਨ ਦਾ ਹੀ ਸਮਾਂ ਮਿਲਿਆ ਪਰ ਉਨ੍ਹਾਂ ਇੰਨੇ ਸਮੇਂ ਵਿੱਚ ਹੀ ਬਿਹਤਰ ਕੰਮ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨ ਲਈ ਸਿੱਖਿਆ ਅਤੇ ਸਿਹਤ ਸਹੂਲਤਾਂ ਵੱਲ ਵਧੇਰੇ ਧਿਆਨ ਦੇਣ ਦੀ ਜ਼ਰੂਰਤ ਹੈ ਅਤੇ ਸਰਕਾਰ ਬਣਨ ’ਤੇ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਅਹਿਮ ਫੈਸਲੇ ਲਏ ਜਾਣਗੇ।
ਉਨ੍ਹਾਂ ਸਿੱਖਿਆ ਦੇ ਖੇਤਰ ਵਿੱਚ ਕੈਬਨਿਟ ਮੰਤਰੀ ਪ੍ਰਗਟ ਸਿੰਘ ਵੱਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇ ਉਨ੍ਹਾਂ ਨੂੰ ਕੰਮ ਕਰਨ ਲਈ ਪੂਰੇ 5 ਸਾਲ ਮਿਲਣਗੇ ਤਾਂ ਉਹ ਪੰਜਾਬ ਦੀ ਕਾਇਆਕਲਪ ਕਰ ਦੇਣਗੇ।
ਕਾਂਗੜ ਨੂੰ ਲੱਡੂਆਂ ਨਾਲ ਤੋਲਿਆ
ਭਾਈਰੂਪਾ(ਅਵਤਾਰ ਸਿੰਘ ਧਾਲੀਵਾਲ): ਸਾਬਕਾ ਵਜ਼ੀਰ ਅਤੇ ਕਾਂਗਰਸ ਉਮੀਦਵਾਰ ਗੁਰਪ੍ਰੀਤ ਸਿੰਘ ਕਾਂਗੜ ਨੇ ਭਾਈਰੂਪਾ ਦੀ ਡਾਕਟਰ ਅੰਬੇਦਕਰ ਨਗਰ ਧਰਮਸ਼ਾਲਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਅਤੇ ਉਹ ਖੁਦ ਕਿਸਾਨਾਂ ਦੇ ਸੱਚੇ ਹਮਦਰਦ ਹਨ। ਇਸੇ ਕਰਕੇ ਉਨ੍ਹਾਂ ਨੇ ਮਾਲ ਮੰਤਰੀ ਹੋਣ ਦੇ ਬਾਵਜੂਦ ਫੂਲ ਹਲਕੇ ਅੰਦਰ ਨਵੇਂ 18 ਮੋਘੇ ਲਗਵਾਉਣ ਵਿਚ ਸਫ਼ਲਤਾ ਹਾਸਲ ਕੀਤੀ। ਇਸ ਨਾਲ ਹਲਕੇ ਦੀ 27 ਹਜ਼ਾਰ ਏਕੜ ਜ਼ਮੀਨ ਨੂੰ ਨਹਿਰੀ ਪਾਣੀ ਦੀ ਦਾਤ ਮਿਲਣ ਲੱਗੀ ਹੈ, ਜਦਕਿ ਪਹਿਲਾਂ ਮਜਬੂਰੀ ਵਿਚ ਕਿਸਾਨ ਡੂੰਘੇ ਬੋਰਾਂ ’ਤੇ ਹਜ਼ਾਰਾਂ ਰੁਪਏ ਖਰਚ ਕਰਕੇ ਧਰਤੀ ਹੇਠਲਾ ਮਾੜਾ ਪਾਣੀ ਆਪਣੀਆਂ ਫ਼ਸਲਾਂ ਨੂੰ ਲਾਉਣ ਲਈ ਮਜਬੂਰ ਸੀ। ਹੁਣ ਪਾਣੀ ਦਾ ਖਰਚਾ ਵੀ ਖ਼ਤਮ ਹੋ ਜਾਵੇਗਾ ਪਿੰਡ ਹਰਨਾਮ ਸਿੰਘ ਵਾਲਾ ਅਤੇ ਪਿੰਡ ਸੇਲਬਰਾਹ ਵਿੱਚ ਕਾਂਗੜ ਨੂੰ ਲੱਡੂਆਂ ਨਾਲ ਵੀ ਤੋਲਿਆ ਗਿਆ।
ਬੀਬੀ ਰਜਿੰਦਰ ਮੀਮਸਾ ਨੇ ਚਰਨਜੀਤ ਸਿੰਘ ਚੰਨੀ ਲਈ ਵੋਟਾਂ ਮੰਗੀਆਂ
ਤਪਾ ਮੰਡੀ(ਪੱਤਰ ਪ੍ਰੇਰਕ): ਸੀਨੀਅਰ ਮਹਿਲਾ ਕਾਂਗਰਸੀ ਆਗੂ ਬੀਬੀ ਰਜਿੰਦਰ ਕੌਰ ਮੀਮਸਾ ਨੇ ਅੱਜ ਬਾਗ ਕਲੋਨੀ ’ਚ ਕਾਂਗਰਸੀ ਵਰਕਰਾਂ ਨਾਲ ਘਰ-ਘਰ ਜਾਕੇ ਚਰਨਜੀਤ ਚੰਨੀ ਲਈ ਵੋਟਾਂ ਮੰਗੀਆਂ। ਬੀਬੀ ਮੀਮਸਾ ਨੇ ਮੁੱਖ ਮੰਤਰੀ ਚੰਨੀ ਦੇ 111 ਦਿਨਾਂ ਦੇ ਕਾਰਜਕਾਲ ਦੌਰਾਨ ਕੀਤੇ ਵਿਕਾਸ ਕਾਰਜ ਗਿਣਾਏ।ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਦੀ ਸਭ ਤੋਂ ਵੱਡੀ ਪ੍ਰਾਪਤੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਪਾਣੀ ਦੇ ਬਿਲ ਮੁਆਫ ਕਰਨੇ ਅਤੇ ‘ਮੇਰਾ ਘਰ-ਮੇਰੇ ਨਾਮ’ ਸਕੀਮ ਹੈ। ਇਸ ਮੌਕੇ ਉਨ੍ਹਾਂ ਨਾਲ ਜਰਨੈਲ ਸਿੰਘ ਮੀਮਸਾ, ਕੌਂਸਲਰ ਧਰਮਪਾਲ ਸ਼ਰਮਾ, ਸੁਰੇਸ਼ ਚੰਦੇਲ, ਨਿਰੰਜਨ ਸਿੰਘ ਢਿੱਲੋ, ਸੁਖਪਾਲ ਸ਼ਰਮਾ, ਪਵਨ ਕੁਮਾਰ ਭੂਤ ਤੋਂ ਇਲਾਵਾ ਔਰਤਾਂ ਵੀ ਸਨ।