ਪੱਤਰ ਪ੍ਰੇਰਕ
ਫਤਹਿਗੜ੍ਹ ਪੰਜਤੂਰ, 29 ਮਾਰਚ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਬੀਬੀਆਂ ਦੀ ਵਿਸ਼ਾਲ ਕਨਵੈਨਸ਼ਨ ਇੱਥੋਂ ਨਜ਼ਦੀਕੀ ਪਿੰਡ ਦੌਲੇਵਾਲਾ ਮਾਇਰ ਵਿੱਚ ਬਾਬਾ ਤੁਲਸੀਦਾਸ ਝੁੱਗੀ ਵਾਲਾ ਦੇ ਗੁਰਦੁਆਰੇ ਦੇ ਦੀਵਾਨ ਹਾਲ ਵਿੱਚ ਹੋਈ। ਇੱਕਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਹਰਬੰਸ ਸਿੰਘ, ਜਗਜੀਤ ਸਿੰਘ ਖੋਸਾ, ਗੁਰਦੇਵ ਸਿੰਘ,ਸਾਰਜ ਸਿੰਘ ਬਹਿਰਾਮ ਕੇ, ਨੇ ਦਿੱਲੀ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਬੀਬੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇ ਆਧੁਨਿਕ ਤੇ ਸਰਮਾਏਦਾਰੀ ਕਾਰਪੋਰੇਟ ਪ੍ਰਬੰਧ ਵਿੱਚ ਔਰਤਾਂ ਨੂੰ ਵਿਕਾਊ ਚੀਜ਼ ਬਣਾ ਦਿੱਤਾ ਗਿਆ ਹੈ,ਹਰ ਇਕ ਅਦਾਰੇ ਵਿੱਚ ਪੰਜਾਹ ਫ਼ੀਸਦੀ ਔਰਤਾਂ ਲਈ ਸੀਟਾਂ ਰਾਖਵੀਆਂ ਰੱਖੀਆਂ ਜਾਣ ਤੇ ਦਾਜ ਦਹੇਜ ਦੀ ਪ੍ਰਥਾ ਖਤਮ ਕੀਤੀ ਜਾਵੇ। ਕਿਸਾਨ ਆਗੂਆਂ ਨੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਕਰਕੇ ਕਾਰਪੋਰੇਟ ਕੰਪਨੀਆਂ ਦੇ ਹਵਾਲੇ ਕਰਨ ਵਾਲੀ ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਸੰਘਰਸ਼ਾਂ ਨੂੰ ਤੇਜ਼ ਕਰਨ ਤੇ ਆਰ ਪਾਰ ਦੀ ਜੰਗ ਵਿੱਢਣ ਲਈ ਜੱਥੇਬੰਦੀ ਦਾ ਵਚਨ ਦੁਹਰਾਇਆ। ਕਇਸ ਮੌਕੇ ਰਮਨਦੀਪ ਕੌਰ ਮਰਖਾਈ, ਵੀਰਪਾਲ ਕੌਰ ਖੋਸਾ, ਪਰਮਜੀਤ ਸਿੰਘ ਲੋਹਗੜ੍ਹ, ਸੁਖਦੇਵ ਸਿੰਘ ਤਲਵੰਡੀ ਭੰਗੇਰੀਆ ਹਾਜ਼ਰ ਸਨ।