ਜਸਵੰਤ ਜੱਸ
ਫ਼ਰੀਦਕੋਟ, 8 ਅਗਸਤ
ਕਿਰਤੀ ਕਿਸਾਨ ਯੂਨੀਅਨ ਨੇ ਪੰਜਾਬ ਦੇ ਪਾਣੀਆਂ ਲਈ ਵਿੱਢੇ ਸੰਘਰਸ਼ ਨੂੰ ਅੱਗੇ ਤੋਰਦਿਆਂ ਅੱਜ ਫ਼ਰੀਦਕੋਟ ਵਿੱਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਦੇ ਘਰ ਵੱਲ ਮੋਟਰਸਾਈਕਲ ਮਾਰਚ ਕੱਢ ਕੇ ਯਾਦ ਪੱਤਰ ਦਿੱਤਾ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਬਲਾਕ ਪ੍ਰਧਾਨ ਰਾਜਿੰਦਰ ਕਿੰਗਰਾ, ਜ਼ਿਲ੍ਹਾ ਆਗੂ ਗੁਰਮੀਤ ਸਿੰਘ, ਜਗਦੀਪ ਸਿੰਘ ਬਰਾੜ, ਗੁਰਜੀਤ ਸਿੰਘ ਬਰਾੜ, ਬਲਵਿੰਦਰ ਸਿੰਘ, ਜਸਕਰਨ ਸਿੰਘ ਸੰਗਰਾਹੂਰ, ਬਲਵਿੰਦਰ ਸਿੰਘ ਡੋਡ ਅਤੇ ਹਰਭਜਨ ਸਿੰਘ ਡੋਡ ਨੇ ਕਿਹਾ ਕਿ ਪੰਜਾਬ ਵਿੱਚ ਪਾਣੀ ਦਾ ਗੰਭੀਰ ਸੰਕਟ ਆ ਚੁੱਕਾ ਹੈ ਪਰ ਸੂਬਾ ਸਰਕਾਰ ਇਸ ਬਾਰੇ ਗੰਭੀਰ ਨਹੀਂ ਅਤੇ ਨਾ ਹੀ ਪਾਣੀਆਂ ਦੇ ਮਸਲੇ ‘ਤੇ ਸੰਘਰਸ਼ ਕਰ ਰਹੇ ਲੋਕਾਂ ਨਾਲ ਗੱਲ ਕਰਨੀ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਦਰਿਆਈ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਮੁਤਾਬਕ ਹੱਲ ਕਰਾਉਣ, ਸਾਰੀ ਜ਼ਮੀਨ ਤੱਕ ਨਹਿਰੀ ਪਾਣੀ ਪਹੁੰਚਾਉਣ, ਡੈਮ ਸੇਫਟੀ ਐਕਟ ਰੱਦ ਕਰਾਉਣ, ਹਰੇ ਇਨਕਲਾਬ ਦੇ ਪਾਣੀ ਬਰਬਾਦ ਕਰਨ ਵਾਲੇ ਖੇਤੀ ਮਾਡਲ ਦੇ ਬਦਲਾਅ, ਰੀਚਾਰਜ ਪੁਆਇੰਟ ਬਣਵਾ ਕੇ ਬਾਰਿਸ਼ ਤੇ ਵਾਧੂ ਨਹਿਰੀ ਪਾਣੀ ਧਰਤੀ ਹੇਠ ਰੀਚਾਰਜ ਦਾ ਪ੍ਰਬੰਧ ਕਰਨ ਤੇ ਇੰਡਸਟਰੀ ਦੁਆਰਾ ਪਾਣੀਆਂ ‘ਚ ਘੋਲੇ ਜਾ ਰਹੇ ਜ਼ਹਿਰੀਲੇ ਮਾਦੇ ਨੂੰ ਰੁਕਵਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਆਗੂ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਸਰਕਾਰਾਂ ਦੀਆਂ ਵਧੀਕੀਆਂ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ।
ਬਰਨਾਲਾ (ਪਰਸ਼ੋਤਮ ਬੱਲੀ): ਪਾਣੀਆਂ ਦੇ ਮੁੱਦੇ ’ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਸੱਦੇ ਤਹਿਤ ਅੱਜ ਕਿਸਾਨਾਂ ਨੇ ਮੋਟਰਸਾਈਕਲ ਮਾਰਚ ਕੱਢਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਸਥਾਨਕ ਰਿਹਾਇਸ਼ ’ਤੇ ਪੁੱਜ ਕੇ ਮੰਗ ਪੱਤਰ ਸੌਂਪਿਆ। ਕਿਰਤੀ ਕਿਸਾਨ ਯੂਨੀਅਨ ਦੇ ਕਾਫ਼ਲਾ ਦੇ ਆਗੂ ਮਲਕੀਤ ਸਿੰਘ ਬਡਬਰ ਤੇ ਸੁਖਪਾਲ ਸਿੰਘ ਨੇ ਦੱਸਿਆ ਕਿ ਮੰਗ ਪੱਤਰ ਮੰਤਰੀ ਦੇ ਪੀਏ ਰੋਹਿਤ ਸ਼ਰਮਾ ਨੇ ਪ੍ਰਾਪਤ ਕੀਤਾ। ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਬਿਜਲੀ ਸੋਧ ਐਕਟ 2022 ਦੀ ਵੀ ਨਿਖੇਧੀ ਕੀਤੀ ਅਤੇ ਇਸ ਨੂੰ ਫੌਰੀ ਰੱਦ ਕਰਨ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਆਗੂ ਸ਼ੀਸਪਾਲ ਸਿੰਘ, ਗੋਬਿੰਦ ਸਿੰਘ ਤੇ ਬੰਟੂ ਸਿੰਘ ਆਦਿ ਵੀ ਮੌਜੂਦ ਸਨ।