ਪੱਤਰ ਪ੍ਰੇਰਕ
ਗਿੱਦੜਬਾਹਾ, 9 ਅਗਸਤ
ਇਥੇ ਟੈਕਨੀਕਲ ਅਤੇ ਮਕੈਨੀਕਲ ਐਂਪਲਾਈਜ਼ ਯੂਨੀਅਨ ਦੀ ਮੀਟਿੰਗ ਵਾਟਰ ਵਰਕਸ ਗਿੱਦੜਬਾਹਾ ’ਚ ਬਲਾਕ ਪ੍ਰਧਾਨ ਰਾਮਜੀ ਸਿੰਘ ਭਲਾਈਆਣਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੂਬਾ ਜਨਰਲ ਸਕੱਤਰ ਪਵਨ ਮੌਂਗਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਕਿਹਾ ਕਿ ਵਾਟਰ ਸਪਲਾਈ ਸਕੀਮ ਮੇਨ ਸ਼ਹਿਰ ਗਿੱਦੜਬਾਹਾ ਅਤੇ ਸ਼ਹਿਰ ਗਿੱਦੜਬਾਹਾ ਦੇ ਵੱਖ-ਵੱਖ ਸੀਵਰੇਜ ਪਲਾਂਟਾਂ ’ਤੇ ਕੰਮ ਕਰਦੇ ਰੈਗੂਲਰ ਅਤੇ ਆਊਟ ਸੋਰਸਿੰਗ ਕਰਮਚਾਰੀਆਂ ਦੀ ਮਹੀਨਾ 06/2022 ਅਤੇ 07/2022 ਦੀ ਤਨਖਾਹ ਅੱਜ ਤੱਕ ਨਹੀਂ ਦਿੱਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਜਥੇਬੰਦੀ ਦੇ ਵਰਕਰਾਂ ਵੱਲੋਂ ਜੋ ਰੈਵੇਨਿਊ ਇਕੱਠਾ ਕੀਤਾ ਜਾਂਦਾ ਹੈ, ਉਨ੍ਹਾਂ ਪੈਸਿਆਂ ਨਾਲ ਤਨਖਾਹਾਂ ਦੇਣ ਦੀ ਬਜਾਏ ਸਬੰਧਤ ਜੇਈ ਅਤੇ ‘ਆਪ’ ਵੱਲੋਂ ਹੋਰ ਅਦਾਇਗੀਆਂ ਧੜਾਧੜ ਕੀਤੀਆਂ ਜਾ ਰਹੀਆਂ ਹਨ, ਜਦੋਂ ਕਿ ਪਹਿਲ ਦੇ ਆਧਾਰ ’ਤੇ ਤਨਖਾਹਾਂ ਦੀ ਅਦਾਇਗੀ ਕਰਨੀ ਬਣਦੀ ਹੈ। ਸੋ ਜਥੇਬੰਦੀ ਨੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਹੈ ਕਿ ਜੇਕਰ ਮਿਤੀ 15 ਅਗਸਤ ਤੱਕ ਮਹੀਨਾ ਜੂਨ ਅਤੇ ਜੁਲਾਈ ਤੱਕ ਦੀਆਂ ਤਨਖਾਹਾਂ ਦੀ ਅਦਾਇਗੀ ਨਾ ਕੀਤੀ ਗਈ ਤਾਂ ਮਿਤੀ 16 ਤੋਂ 19 ਅਗਸਤ ਤੱਕ ਰੋਜ਼ਾਨਾ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਮੇਨ ਵਾਟਰ ਵਰਕਸ ਗਿੱਦੜਬਾਹਾ ਵਿੱਚ ਰੋਸ ਧਰਨਾ ਦਿੱਤਾ ਜਾਵੇਗਾ।