
ਮਾਨਸਾ ਵਿੱਚ ਜੇਤੂ ਰੈਲੀ ਕੱਢਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਦੇ ਕਾਰਕੁਨ। -ਫੋਟੋ: ਸੁਰੇਸ਼
ਜੋਗਿੰਦਰ ਸਿੰਘ ਮਾਨ
ਮਾਨਸਾ, 25 ਮਈ
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਮਜ਼ਦੂਰ ਮੰਗਾਂ ਲਈ ਮਾਨਸਾ ਦੇ ਏਡੀਸੀ ਵਿਕਾਸ ਦਫ਼ਤਰ ਅੱਗੇ ਜਾਰੀ ਪੱਕੇ ਮਜ਼ਦੂਰ ਮੋਰਚੇ ਦੇ 300ਵੇਂ ਦਿਨ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਬੰਧਤ ਮਸਲਿਆਂ ਦੇ ਹੱਲ ਹੋਣ ਬਾਅਦ ਅੱਜ ਮੋਰਚਾ ਸਥਾਨ ’ਤੇ ਮਜ਼ਦੂਰ ਏਕਤਾ ਜੇਤੂ ਰੈਲੀ ਕਰਕੇ ਪੱਕਾ ਮੋਰਚਾ ਸਮਾਪਤ ਕਰ ਦਿੱਤਾ ਗਿਆ। ਇਸ ਸਮੇਂ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਤੋਂ ਲੈ ਕੇ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਕ ਤੱਕ ਮਾਰਚ ਕਰਦਿਆਂ ਜਥੇਬੰਦੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਦਲਿਤਾਂ ਮਜ਼ਦੂਰਾਂ ਦੀ ਸਮਾਜਿਕ ਏਕਤਾ ਲਹਿਰ ਖੜ੍ਹੀ ਕਰਕੇ ਸੰਘਰਸ਼ ਉਲੀਕਣ ਦਾ ਐਲਾਨ ਕੀਤਾ।
ਮਜ਼ਦੂਰ ਏਕਤਾ ਜੇਤੂ ਰੈਲੀ ਨੂੰ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਮਾਨਸਾ ਦੇ ਮਜ਼ਦੂਰਾਂ ਵੱਲੋਂ ਸਰਕਾਰ ਅਤੇ ਪ੍ਰਸ਼ਾਸਨ ਖਿਲਾਫ਼ ਪੱਕਾ ਮੋਰਚਾ ਲਾ ਕੇ ਜਿਥੇ ਅਫ਼ਸਰਸ਼ਾਹੀ ਵੱਲੋਂ ਦੱਬਿਆ ਨਰਮੇ ਦੀ ਮਾਰ ਦਾ ਕਰੋੜਾਂ ਰੁਪਏ ਕਢਵਾਕੇ 3152 ਰੁਪਏ ਜ਼ਿਲ੍ਹੇ ਦੇ ਖੇਤ ਮਜ਼ਦੂਰਾਂ ਦੇ ਖਾਤੇ ਪਵਾਉਣ ਅਤੇ 1072 ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਾਸ ਹੋਏ ਘਰਾਂ ਦੀ ਮੁਰੰਮਤ ਦਾ ਪ੍ਰਤੀ ਪਰਿਵਾਰ ਡੇਢ ਲੱਖ ਰੁਪਏ ਲਾਭਪਾਤਰੀਆਂ ਦੇ ਖਾਤੇ ਵਿੱਚ ਪਵਾਉਣ ਸਮੇਤ ਮਨਰੇਗਾ ਮਜ਼ਦੂਰਾਂ ਨੂੰ ਮਿਲਦੀ ਨਿਗੁਣੀ ਦਿਹਾੜੀ ਤੋਂ ਵਧਾ ਕੇ 300 ਰੁਪਏ ਦਿਹਾੜੀ ਮਜ਼ਦੂਰਾਂ ਨੂੰ ਦਿਵਾਉਣੀ ਆਦਿ ਮਜ਼ਦੂਰਾਂ ਦੇ ਪੱਕੇ ਮੋਰਚੇ ਦੀ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀ ਨੇ 10 ਮਹੀਨੇ ਜ਼ਿਲ੍ਹੇ ਪੱਧਰ ਦਾ ਮੋਰਚਾ ਲਾ ਕੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਜਿੱਤ ਪ੍ਰਾਪਤ ਕੀਤੀ ਹੈ। ਕਾਮਰੇਡ ਸਮਾਓ ਨੇ ਦੱਸਿਆ ਕਿ ਮਾਨਸਾ ਦੇ ਏਡੀਸੀ ਟੀ.ਬੈਨਿਥ ਨੇ ਆ ਕੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਮਨਰੇਗਾ ਸਮੇਤ ਪੇਂਡੂ ਵਿਕਾਸ ਨਾਲ ਸੰਬੰਧਿਤ ਮਸਲਿਆਂ ਦੇ ਉੱਤੇ ਕਿਸੇ ਵੀ ਕਿਸਮ ਦੀ ਮੁਸ਼ਕਿਲ ਨਹੀਂ ਆਉਣ ਨਹੀਂ ਦਿੱਤੀ ਜਾਵੇਗੀ ਅਤੇ ਕਿਸੇ ਵੀ ਪਿੰਡ ਅੰਦਰ ਮਨਰੇਗਾ ਮਜ਼ਦੂਰਾਂ ਦੀ ਦਿਹਾੜੀ ਘੱਟ ਨਹੀਂ ਪੈਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਾਸ ਹੋਏ ਘਰਾਂ ਦੀਆਂ ਰਹਿਦੀਆਂ ਕਿਸ਼ਤਾਂ ਵੀ ਜਲਦ ਜਾਰੀ ਕਰ ਦਿੱਤੀਆਂ ਜਾਣਗੀਆਂ, ਜਿਸ ਤੋਂ ਬਾਅਦ ਮਜ਼ਦੂਰ ਆਗੂਆਂ ਨੇ ਦਿਨ-ਰਾਤ ਦੇ ਪੱਕੇ ਮੋਰਚੇ ਨੂੰ ਸਮਾਪਿਤ ਕਰ ਦਿੱਤਾ। ਜਥੇਬੰਦੀ ਨੇ ਸਰਕਾਰ ਨੂੰ ਘੇਰਨ ਲਈ 7 ਜੂਨ ਨੂੰ ਮਜ਼ਦੂਰ ਜਥੇਬੰਦੀਆਂ ਦੇ ਮੋਰਚੇ ’ਚ ਸੰਗਰੂਰ ਪਹੁੰਚਣ ਦਾ ਸੱਦਾ ਦਿੱਤਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ