ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 11 ਜੂਨ
ਨੇੜਲੇ ਪਿੰਡ ਚੱਕ ਗਾਂਧਾ ਸਿੰਘ ਵਾਲਾ ’ਚ ਪੰਚਾਇਤ ਜ਼ਮੀਨ ਦੀ 18 ਕਿਲੇ ਜ਼ਮੀਨ ਹੈ ਜਿਸ ਵਿਚੋਂ ਕਰੀਬ 6 ਕਿਲੇ ਜ਼ਮੀਨ ਦਲਿਤ ਭਾਈਚਾਰੇ ਦੇ ਹਿੱਸੇ ਆਉਂਦੀ ਹੈ ਪਰ ਬੀਤੇ ਦਿਨੀਂ ਪੰਚਾਇਤ ਵੱਲੋਂ ਦਲਿਤ ਵਰਗ ਦੇ ਹਿੱਸੇ ਦੀ ਕੀਤੀ ਬੋਲੀ ਨੂੰ ਫਰਜ਼ੀ ਦੱਸਦਿਆਂ ਪੰਚਾਇਤੀ ਜ਼ਮੀਨ ਠੇਕੇ ’ਤੇ ਲੈਣ ਵਾਲੇ ਦਲਿਤ ਭਾਈਚਾਰੇ ਦੇ ਸਵਰਨ ਸਿੰਘ, ਨਛੱਤਰ ਸਿੰਘ, ਇਕਬਾਲ ਸਿੰਘ, ਜਗਰੂਪ ਸਿੰਘ, ਮਿੱਠਣ ਸਿੰਘ ਹੋਰਾਂ ਵੱਲੋਂ ਇਸ ਦੇ ਖ਼ਿਲਾਫ਼ ਸੰਘਰਸ਼ ਵਿੱਢਿਆ ਗਿਆ ਸੀ।
ਉਨ੍ਹਾਂ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਨੂੰ ਮੰਗ ਪੱਤਰ ਦਿੰਦਿਆਂ ਦੱਸਿਆ ਸੀ ਕਿ ਫਰਜ਼ੀ ਬੋਲੀ ਕਰਕੇ ਜਨਰਲ ਵਰਗ ਨੂੰ ਹੀ ਇਹ ਜ਼ਮੀਨ ਦੇ ਦਿੱਤੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਬੋਲੀ ਸਮੇਂ ਪਿੰਡ ਦੀ ਮਹਿਲਾ ਸਰਪੰਚ ਵੀ ਮੌਜੂਦ ਨਹੀਂ ਸੀ। ਉਨ੍ਹਾਂ ਦੱਸਿਆ ਕਿ ਇਸ ਵਾਰ 3 ਕਿੱਲੇ ਜ਼ਮੀਨ ਪਿੰਡ ਦੇ ਜਰਨਲ ਵਰਗ ਦੇ ਬੰਦਿਆਂ ਵੱਲੋਂ ਦਲਿਤਾਂ ਵਿੱਚੋਂ ਹੀ ਅੱਛਰ ਸਿੰਘ ਜੋ ਕਿ ਵਾਹੀ ਨਹੀਂ ਕਰਦਾ ਬਲਕਿ ਸੀਰੀ ਪਾਲੀ ਲੱਗਦਾ ਹੈ, ਦੇ ਨਾਮ ਡੰਮੀ ਬੋਲੀ ਤੁੜਵਾ ਦੇ ਜ਼ਮੀਨ ਨੂੰ ਜਨਰਲ ਵਰਗ ਵੱਲੋਂ ਹੀ ਆਪ ਵਾਹੁਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਦਲਿਤ ਭਾਈਚਾਰੇ ਦੇ ਇਸ ਵਿਰੋਧ ਦੇ ਚੱਲਦਿਆਂ ਪ੍ਰਸ਼ਾਸਨ ਨੂੰ ਡੰਮੀ ਬੋਲੀ ਰੱਦ ਕਰਨੀ ਪਈ ਤੇ ਅੱਜ ਦੁਬਾਰਾ ਹੋਈ ਬੋਲੀ ਦੌਰਾਨ ਦਲਿਤ ਭਾਈਚਾਰੇ ਨੇ ਏਕੇ ਸਦਕਾ 6 ਕਿੱਲੇ ਜ਼ਮੀਨ ਠੇਕੇ ’ਤੇ ਲੈਣ ’ਚ ਕਾਮਯਾਬੀ ਹਾਸਲ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਇਹ ਲੋਕ ਏਕੇ ਅਤੇ ਸੰਘਰਸ਼ ਦੀ ਜਿੱਤ ਹੋਈ ਹੈ। ਇਸ ਤੋਂ ਬਾਅਦ ਜ਼ਮੀਨ ਵਿੱਚ ਹੀ ਜੇਤੂ ਰੈਲੀ ਕੀਤੀ ਗਈ। ਜਲਦੀ ਹੀ ਪਿੰਡ ਪੱਧਰੀ ਪੇਂਡੂ ਮਜ਼ਦੂਰ ਯੂਨੀਅਨ ਦੀ ਕਮੇਟੀ ਬਣਾਈ ਜਾਵੇਗੀ।
ਇਸ ਮੌਕੇ ਜਗਜੀਤ ਨਾਬਰ, ਰਾਜਦੇਵ ਸਿੰਘ, ਨਾਇਬ ਸਿੰਘ, ਮੇਘ ਸਿੰਘ, ਤਰਸੇਮ ਦਾਸ, ਗੋਲਡੀ, ਸੁਖਜੀਤ ਸਿੰਘ, ਹਰਬੰਸ ਸਿੰਘ, ਲਵਪ੍ਰੀਤ ਸਿੰਘ ਅਤੇ ਰਵੀ ਸਿੰਘ ਆਦਿ ਤੋਂ ਇਲਾਵਾ ਹੋਰ ਵੀ ਲੋਕ ਮੌਜੂਦ ਸਨ।
ਕਲਿਆਣ ਸੁੱਖਾ ਪੰਚਾਇਤੀ ਜ਼ਮੀਨ ਦੀ ਬੋਲੀ ’ਚ ਗੜਬੜੀ ਦਾ ਦੋਸ਼
ਭਗਵਾਨ ਦਾਸ ਗਰਗ
ਨਥਾਣਾ, 11 ਜੂਨ
ਪਿੰਡ ਕਲਿਆਣ ਸੁੱਖਾ ਦੀ ਪੰਚਾਇਤ ਦੇ ਚਾਰ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ, ਪੰਚਾਇਤ ਮੰਤਰੀ, ਵਿੱਤ ਕਮਿਸ਼ਨਰ, ਡਾਇਰੈਕਟਰ ਪੰਚਾਇਤ, ਵਿਜੀਲੈਂਸ ਵਿਭਾਗ ਅਤੇ ਹੋਰਨਾਂ ਉੱਚ ਅਧਿਕਾਰੀਆਂ ਨੂੰ ਲਿਖਤੀ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਪਿੰਡ ਦੀ ਵਾਹੀਯੋਗ ਪੰਚਾਇਤੀ ਜ਼ਮੀਨ ਦੀ ਗ਼ਲਤ ਤਰੀਕੇ ਨਾਲ ਕਰਵਾਈ ਗਈ ਬੋਲੀ ਦੀ ਨਿਰਪੱਖ ਪੜਤਾਲ ਕਰਵਾ ਕੇ ਬੀਡੀਪੀਓ, ਪੰਚਾਇਤ ਅਫ਼ਸਰ, ਸੈਕਟਰੀ ਅਤੇ ਸਰਪੰਚ ਸਮੇਤ ਹੋਰਨਾਂ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।
ਪੰਚਾਇਤ ਮੈਂਬਰਾਂ ਹਰਦੀਪ ਸਿੰਘ, ਬਲਬਹਾਦਰ ਸਿੰਘ, ਚਰਨਜੀਤ ਕੌਰ ਅਤੇ ਕਰਮਜੀਤ ਕੌਰ ਨੇ ਦੱਸਿਆ ਕਿ ਕਲਿਆਣ ਸੁੱਖਾ ਦੀ ਪੰਚਾਇਤ ਕੋਲ ਸਾਢੇ 54 ਏਕੜ ਜ਼ਮੀਨ ਹੈ। ਇਸ ਵਿੱਚੋਂ 29 ਏਕੜ ਜਨਰਲ ਕੈਟਾਗਿਰੀ ਅਤੇ 16 ਏਕੜ ਐਸਸੀ ਕੈਟਾਗਿਰੀ ਨੂੰ ਬੋਲੀ ਰਾਹੀਂ ਠੇਕੇ ’ਤੇ ਦੇਣ ਲਈ ਰੱਖੀ ਗਈ ਹੈ। ਐਤਕੀਂ ਤਿੰਨ ਵਾਰ ਬੋਲੀ ਸਮੇਂ ਪੰਚਾਇਤ ਦਾ ਕੋਰਮ ਪੂਰਾ ਨਾ ਹੋਣ ਕਰਕੇ ਬੋਲੀ ਰੱਦ ਕੀਤੀ ਜਾਂਦੀ ਰਹੀ। ਲੰਘੀ 28 ਮਈ ਨੂੰ ਵੀ ਬੀਡੀਪੀਓ ਨਥਾਣਾ ਗਗਨਦੀਪ ਕੌਰ ਦੀ ਨਿਗਰਾਨੀ ਹੇਠ ਰੱਖੀ ਗਈ ਬੋਲੀ ਸਿਰੇ ਨਾ ਚੜ੍ਹ ਸਕੀ। ਉਕਤ ਪੰਚਾਂ ਨੇ ਦੋਸ਼ ਲਾਇਆ ਕਿ ਸਰਪੰਚ ਨੇ ਬੀਡੀਪੀਓ, ਪੰਚਾਇਤ ਅਫ਼ਸਰ, ਪੰਚਾਇਤ ਸਕੱਤਰ ਅਤੇ ਪਟਵਾਰੀ ਨਾਲ ਕਥਿਤ ਮਿਲੀਭੁਗਤ ਕਰਕੇ ਆਪਣੇ ਚਹੇਤਿਆਂ ਨੂੰ ਸਾਰੀ ਜ਼ਮੀਨ 8 ਲੱਖ ਰੁਪਏ ’ਚ ਬੋਲੀ ਕਰਕੇ ਦੇ ਦਿੱਤੀ ਹੈ। ਪੱਤਰ ਵਿੱਚ ਕਿਹਾ ਗਿਆ ਹੇ ਕਿ ਇਸ ਨਾਲ ਪੰਚਾਇਤ ਨੂੰ ਆਰਥਿਕ ਨੁਕਸਾਨ ਹੋਇਆ ਹੈ। ਪੰਚਾਂ ਨੇ ਮੰਗ ਕੀਤੀ ਹੈ ਕਿ ਕੌਡੀਆਂ ਦੇ ਭਾਅ ਠੇਕੇ ‘ਤੇ ਦਿੱਤੀ ਜਮੀਨ ਦੀ ਬੋਲੀ ਰੱਦ ਕੀਤੀ ਜਾਵੇ ਅਤੇ ਮਾਮਲੇ ਦੀ ਪੜਤਾਲ ਕਰਵਾ ਕੇ ਦੋਸ਼ੀਆਂ ਖਿਲਾਫ਼ ਸ਼ਖਤ ਕਾਰਵਾਈ ਕੀਤੀ ਜਾਵੇ। ਪੰਚਾਇਤ ਸਕੱਤਰ ਭੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਬੀ.ਡੀ.ਪੀ.ਓ. ਗਗਨਦੀਪ ਕੌਰ ਦੀ ਨਿਗਰਾਨੀ ਹੇਠ ਦੁਬਾਰਾ ਬੋਲੀ ਕੀਤੀ ਗਈ ਹੈ ਅਤੇ ਉਸ ਨੇ ਉਕਤ ਅਧਿਕਾਰੀ ਦੇ ਕਹਿਣ ‘ਤੇ ਇਸ ਦੀ ਲਿਖਤ ਕੀਤੀ ਹੈ। ਪੰਚਾਇਤ ਅਫ਼ਸਰ ਜਗਜੀਤ ਸਿੰਘ ਨੇ ਸੰਪਰਕ ਕਰਨ ‘ਤੇ ਕਿਹਾ ਕਿ ਨਿਯਮਾਂ ਮੁਤਾਬਿਕ ਇਹ ਬੋਲੀ ਨਹੀਂ ਹੋ ਸਕਦੀ ਅਤੇ ਪੰਚਾਇਤ ਸਕੱਤਰ ਦੀ ਜਵਾਬ ਤਲਬੀ ਕੀਤੀ ਗਈ ਹੈ।
ਬੀ.ਡੀ.ਪੀ.ਓ. ਗਗਨਦੀਪ ਕੌਰ ਨੇ ਵਾਰ ਵਾਰ ਕੀਤੇ ਜਾਣ ‘ਤੇ ਵੀ ਫੋਨ ਨਹੀਂ ਚੁੱਕਿਆ। ਇਸੇ ਦੌਰਾਨ ਪੰਚ ਹਰਦੀਪ ਸਿੰਘ ਨੇ ਇਨਸਾਫ਼ ਲੈਣ ਲਈ ਬਠਿੰਡਾ ਦੀ ਇੱਕ ਅਦਾਲਤ ‘ਚ ਵੀ ਸ਼ਿਕਾਇਤ ਦਰਜ ਕਰਵਾਈ ਹੈ। ਇਸ ਬਾਰੇ ਸਰਪੰਚ ਕੁਲਵਿੰਦਰ ਸਿੰਘ ਨੇ ਕਿਹਾ ਕਿ ਪੰਚਾਇਤ ਵਿਭਾਗ ਦੇ ਅਫ਼ਸਰਾਂ ਅਤੇ ਥਾਣਾ ਮੁਖੀ ਦੀ ਨਿਗਰਾਨੀ ਹੇਠ ਵੱਡੀ ਗਿਣਤੀ ਲੋਕਾਂ ਦੇ ਇਕੱਠ ’ਚ ਕਲਿਆਣ ਸੁੱਖਾ ’ਚ ਇਹ ਜ਼ਮੀਨ ਖੁੱਲ੍ਹੀ ਬੋਲੀ ਰਾਹੀਂ ਦਿੱਤੀ ਗਈ ਹੈ। ਕਈ ਵਾਰ ਬੋਲੀ ਰੱਦ ਹੋਣ ਕਾਰਨ ਨਰਮੇਂ ਦੀ ਬਿਜਾਈ ਪੱਛੜ ਰਹੀ ਸੀ। 29 ਮਈ ਦੀ ਬੋਲੀ ’ਚ ਜਨਰਲ ਕੈਟਾਗਿਰੀ ਦੇ ਸ਼ਮਸ਼ੇਰ ਸਿੰਘ, ਐੱਸਸੀ ਕੈਟਾਗਿਰੀ ਦੇ ਬੰਤ ਸਿੰਘ ਅਤੇ 9 ਏਕੜ ਸੰਦੀਪ ਸਿੰਘ ਦੇ ਨਾਂ ਬੋਲੀ ਟੁੱਟੀ ਹੈ। ਦੋਸ਼ਾਂ ਨੂੰ ਨਕਾਰਦਿਆਂ ਸਰਪੰਚ ਨੇ ਕਿਹਾ ਕਿ ਉਹ ਪੰਚਾਇਤ ਦਾ ਰਿਕਾਰਡ ਅਦਾਲਤ ਸਮੇਤ ਕਿਧਰੇ ਵੀ ਪੇਸ਼ ਕਰਨ ਨੂੰ ਤਿਆਰ ਹਨ।