ਪੱਤਰ ਪ੍ਰੇਰਕ
ਮਾਨਸਾ/ਬੋਹਾ/ਬੁਢਲਾਡਾ, 23 ਮਈ
ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਉਪਰ ‘ਦੇਸ਼ਧ੍ਰੋਹੀ’ ਹੋਣ ਦੇ, ਜੋ ਦੋਸ਼ ਲਾਏ ਹਨ, ਉਸ ਤਹਿਤ ਉਨ੍ਹਾਂ ਦੀ ਪਾਰਟੀ ਭਾਜਪਾ ਨੂੰ ਪਿੰਡਾਂ ’ਚੋਂ ਵੋਟ ਮੰਗਣ ਦਾ ਕੋਈ ਹੱਕ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦਾ ਸਿੱਕਾ ਹੁਣ ਖ਼ਤਮ ਹੋਣ ਲੱਗਿਆ ਹੈ ਜਦਕਿ ਸੁਖਬੀਰ ਸਿੰਘ ਬਾਦਲ ਦੀ ਪਾਰਟੀ ਅਕਾਲੀ ਦਲ ਪਹਿਲਾਂ ਹੀ ਮਿਸ ਪਟਾਕੇ ਵਰਗੀ ਹੋਈ ਪਈ ਹੈ ਜਿਸ ਕਰਕੇ ਲੋਕਾਂ ਨੂੰ ਕਾਂਗਰਸ ਦੇ ਹੱਥ ਮਜ਼ਬੂਤ ਕਰਨ ਚਾਹੀਦੇ ਹਨ। ਉਨ੍ਹਾਂ ਇਹ ਹੋਕਾ ਅੱਜ ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਖੇਤਰ ਵਿੱਚ ਰੋਡ ਸ਼ੋਅ ਦੀਆਂ ਸ਼ੁਰੂਆਤ ਕਰਨ ਤੋਂ ਪਹਿਲਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਿੱਤਾ। ਇਸ ਰੋਡ ਸ਼ੋਅ ਦੌਰਾਨ ਸਾਬਕਾ ਕਾਂਗਰਸੀ ਮੰਤਰੀ ਗੋਬਿੰਦ ਮੇਘਵਾਲ ਅਤੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਤੇ ਡਾ. ਰਣਵੀਰ ਕੌਰ ਮੀਆਂ ਵੀ ਮੌਜੂਦ ਸਨ। ਜੀਤਮਹਿੰਦਰ ਸਿੱਧੂ ਨੇ ਕਿਹਾ ਕਿ ਕਾਂਗਰਸ ਦੀਆਂ ਮੁੱਖ ਵਿਰੋਧੀ ਪਾਰਟੀਆਂ ਭਾਜਪਾ, ਆਪ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਚੱਲਦਾ ਕਰਨ ਲਈ ਕਾਂਗਰਸੀ ਵਰਕਰ ਇੱਕਜੁਟ ਹੋ ਕੇ ਚੋਣ ਮੈਦਾਨ ਵਿੱਚ ਆਪ ਮੁਹਾਰੇ ਕੁੱਦ ਚੁੱਕੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਬਿਨਾਂ ਕਿਸੇ ਏਜੰਡੇ ਤੋਂ ਸਿਰਫ ਚੁਟਕਲਿਆਂ ਅਤੇ ਕਿੱਕਲੀਆਂ ਦੇ ਸਹਾਰੇ ਲੋਕਾਂ ਨੂੰ ਗੁਮਰਾਹ ਕਰਕੇ ਆਪਣੀਆਂ ਸਿਆਸੀ ਰੋਟੀ ਸੇਕ ਰਹੀਆਂ ਹਨ, ਪ੍ਰੰਤੂ ਪੰਜਾਬ ਦੇ ਸੁਝਵਾਨ ਵੋਟਰ ਇਨ੍ਹਾਂ ਤੋਂ ਭਲੀਭਾਂਤ ਜਾਣੂ ਹਨ ਅਤੇ ਇਨ੍ਹਾਂ ਨੂੰ ਮਨਸੂਬਿਆਂ ਵਿੱਚ ਕਦੇ ਵੀ ਕਾਮਯਾਬ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਦੇ ਜਖਮਾਂ ’ਤੇ ਮੱਲ੍ਹਮ ਲਾਉਣ ਦੀ ਬਜਾਏ ਲੂਣ ਛਿੜਕ ਰਹੀ ਹੈ ਜਿਸ ਤੋਂ ਪੰਜਾਬ ਦੀ ਜਵਾਨੀ ਅਤੇ ਕਿਰਸਾਨੀ ਦੀ ਖੁਸ਼ਹਾਲੀ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ। ਉਨ੍ਹਾਂ ਅਕਾਲੀ ਦਲ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਪਰਿਵਾਰਵਾਦ ਨੂੰ ਸ਼ਹਿ ਦਿੱਤੀ ਅਤੇ ਕੇਂਦਰ ਵਿੱਚ ਮੰਤਰੀ ਹੋਣ ਦੇ ਬਾਵਜੂਦ ਹਰਸਿਮਰਤ ਬਾਦਲ ਵੱਲੋਂ ਬਠਿੰਡਾ ਹਲਕੇ ਅੰਦਰ ਕੋਈ ਉਦਯੋਗ ਵਿਕਸਿਤ ਕਰਕੇ ਬੇਰੁਜ਼ਗਾਰਾਂ ਨੂੰ ਰੁਜਗਾਰ ਮੁਹੱਈਆਂ ਨਹੀਂ ਕਰਵਾਇਆ। ਇਸ ਮੌਕੇ ਕਰਮ ਸਿੰਘ ਚੌਹਾਨ, ਖੇਮ ਸਿੰਘ ਜਟਾਣਾ, ਤਰਜੀਤ ਸਿੰਘ ਚਹਿਲ ਅਤੇ ਹੋਰ ਕਾਂਗਰਸੀ ਆਗੂ ਮੌਜੂਦ ਸਨ।