ਮਾਨਸਾ :
ਪੰਜਾਬ ਸਰਕਾਰ ਦਾ ਪੀਆਰਟੀਸੀ ਅਤੇ ਰੋਡਵੇਜ਼ ਦੇ ਕਾਮਿਆਂ ਨਾਲ ਲਗਾਤਾਰ ਚਾਰ ਦਿਨਾਂ ਤੋਂ ਕੋਈ ਵੀ ਸਮਝੌਤਾ ਨਾ ਹੋਣ ਕਾਰਨ ਅੱਜ ਫਿਰ ਲੋਕਾਂ ਨੂੰ ਸਫਰ ਕਰਨ ਲਈ ਖੱਜਲ-ਖੁਆਰ ਹੋਣਾ ਪਿਆ। ਅੱਜ ਸਰਕਾਰੀ ਲਾਰੀਆਂ ਦੇ ਬੰਦ ਰਹਿਣ ਦੇ ਨਾਲ-ਨਾਲ ਹੜਤਾਲੀ ਕਾਮਿਆਂ ਵੱਲੋਂ ਚਾਰ ਘੰਟਿਆਂ ਲਈ ਬੰਦ ਕੀਤੇ ਬੱਸ ਅੱਡਿਆਂ ਕਾਰਨ ਵੀ ਪੈਪਸੂ ਕਾਰਪੋਰੇਸ਼ਨ ਦੀ ਸਭ ਤੋਂ ਵੱਧ ਪਿਆਰੀ ਸਵਾਰੀ ਨੂੰ ਪ੍ਰੇਸ਼ਾਨੀਆਂ ਦਾ ਸੰਤਾਪ ਝੱਲਣਾ ਪਿਆ। ਅੱਡਿਆਂ ’ਤੇ ਖੜ੍ਹੀਆਂ ਬਿਰਧ ਸਵਾਰੀਆਂ ਅਤੇ ਨਿਆਣਿਆਂ ਦਾ ਮਾੜਾ ਹਾਲ ਸੀ, ਇੱਕ ਸਰਕਾਰੀ ਬੱਸਾਂ ਨਾ ਆਈਆਂ, ਉਪਰੋਂ ਗਰਮੀ ਨੇ ਵੱਟ ਕੱਢੀ ਰੱਖੇ।
ਲੋਕਾਂ ਦੀ ਕਈ ਦਿਨਾਂ ਤੋਂ ਬਣੀ ਇਸ ਤਕਲੀਫ਼ ਲਈ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕੋਈ ਬਦਲਵਾਂ ਪ੍ਰਬੰਧ ਨਹੀਂ ਕੀਤਾ ਗਿਆ ਹੈ।