ਪੱਤਰ ਪ੍ਰੇਰਕ
ਫਤਹਿਗੜ੍ਹ ਪੰਜਤੂਰ, 1 ਸਤੰਬਰ
ਪਿੰਡ ਮਹਿਣਾ ਦੇ ਗੁਰਦੁਆਰਾ ਸ਼ਹੀਦ ਗੰਜ ਬਾਬਾ ਖੜਕ ਸਿੰਘ ਪੱਟੀ ਦੀ ਨਾਜਾਇਜ਼ ਕਬਜ਼ੇ ਹੇਠ ਆਈ ਜ਼ਮੀਨ ਨੂੰ ਹਲਕਾ ਵਿਧਾਇਕ ਦੇ ਯਤਨਾਂ ਸਦਕਾ ਮੁਕਤ ਕਰਵਾਇਆ ਗਿਆ ਹੈ। ਗੁਰਦੁਆਰੇ ਦੀ ਇਹ ਪੰਦਰਾਂ ਏਕੜ ਜ਼ਮੀਨ ਲੰਘੇ 30/35 ਸਾਲਾਂ ਤੋਂ ਨਾਜਾਇਜ਼ ਕਬਜ਼ੇ ਹੇਠ ਆਈ ਹੋਈ ਸੀ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਮੰਗ ਪੱਤਰ ਦੇ ਕੇ ਨਾਜਾਇਜ਼ ਕਬਜ਼ੇ ਹੇਠ ਆਈ ਜ਼ਮੀਨ ਨੂੰ ਕਬਜ਼ਾ ਮੁਕਤ ਕਰਾਉਣ ਦੀ ਬੇਨਤੀ ਕੀਤੀ ਸੀ। ਵਿਧਾਇਕ ਢੋਸ ਨੇ ਅਧਿਕਾਰੀਆਂ ਨੂੰ ਮੁੱਖ ਮੰਤਰੀ ਦੀ ਕਬਜ਼ਾ ਮੁਕਤ ਪੰਜਾਬ ਵਾਲੀ ਮੁਹਿੰਮ ਤਹਿਤ ਤੁਰੰਤ ਕਾਰਵਾਈ ਕਰਕੇ ਜ਼ਮੀਨ ਨੂੰ ਕਬਜ਼ਾ ਮੁਕਤ ਕਰਾਉਣ ਦੇ ਨਿਰਦੇਸ਼ ਦਿੱਤੇ ਸਨ। ਅੱਜ ਅਧਿਕਾਰੀਆਂ ਨੇ ਇਸ ਜ਼ਮੀਨ ਨੂੰ ਕਬਜ਼ਾ ਮੁਕਤ ਕਰਵਾ ਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੀ। ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਨੇ ਅੱਜ ਵਿਧਾਇਕ ਲਾਡੀ ਢੋਸ ਨੂੰ ਮਿਲ ਕੇ ਇਸ ਕਾਰਜ ਬਦਲੇ ਉਨ੍ਹਾਂ ਨੂੰ ਸਨਮਾਨਤ ਕੀਤਾ।
ਗੁਰਦੁਆਰਾ ਕਮੇਟੀ ਦੇ ਅਹੁਦੇਦਾਰ ਪ੍ਰਧਾਨ ਦਿਲਬਾਗ ਸਿੰਘ, ਵਾਈਸ ਪ੍ਰਧਾਨ ਸੁਰਜੀਤ ਸਿੰਘ, ਕਮੇਟੀ ਮੈਂਬਰ ਪ੍ਰੀਤਇੰਦਰ ਸਿੰਘ, ਸੈਕਟਰੀ ਰਣਜੀਤ ਸਿੰਘ ਵਿਧਾਇਕ ਲਾਡੀ ਢੋਸ ਦਾ ਧੰਨਵਾਦ ਕਰਨ ਵਿਧਾਇਕ ਦੇ ਦਫ਼ਤਰ ਪੁੱਜੇ ਸਨ, ਨੇ ਦੱਸਿਆ ਕਿ ਵਿਧਾਇਕ ਲਾਡੀ ਢੋਸ ਨੇ ਬਿਨਾਂ ਕਿਸੇ ਪੱਖਪਾਤ ਤੋਂ ਕਾਨੂੰਨੀ ਕਾਰਵਾਈ ’ਤੇ ਅਮਲ ਕਰਵਾਉਂਦਿਆਂ ਪ੍ਰਸ਼ਾਸਨ ਨੂੰ ਹਦਾਇਤਾਂ ਦਿੱਤੀਆਂ ਸਨ।