ਜੋਗਿੰਦਰ ਸਿੰਘ ਮਾਨ
ਮਾਨਸਾ, 31 ਮਾਰਚ
ਮਾਨਸਾ ਪੁਲੀਸ ਵੱਲੋਂ ਬਿਨਾਂ ਮੰਨਜ਼ੂਰੀ ਅਣ-ਅਧਿਕਾਰਿਤ ਤੌਰ ’ਤੇ ਮਾਈਨਿੰਗ ਕਰਦੇ ਜਿਹੜੇ ਪੰਜ ਵਿਅਕਤੀਆਂ ਨੂੰ ਮੌਕੇ ’ਤੇ ਜਾ ਕੇ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸਦੇ ਵਿਰੋਧ ਵਿੱਚ ਹੁਣ ਅਗਲੇ ਦਿਨ ਹੀ ਸੰਯੁਕਤ ਕਿਸਾਨ ਮੋਰਚਾ ਮੈਦਾਨ ਵਿੱਚ ਉਤਰ ਆਇਆ ਹੈ। ਮੋਰਚੇ ਵੱਲੋਂ ਸੱਤ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਅੱਜ ਜ਼ਿਲ੍ਹਾ ਕਚਹਿਰੀਆਂ ਵਿੱਚ ਧਰਨਾ ਦੇ ਕੇ ਪੁਲੀਸ ਦੇ ਸੀਨੀਅਰ ਅਧਿਕਾਰੀਆਂ ਨੂੰ ਕਿਸਾਨਾਂ ਦੀ ਗ੍ਰਿਫ਼ਤਾਰੀ ਨੂੰ ਪੁਲੀਸ ਦੀ ਧੱਕੇਸ਼ਾਹੀ ਕਰਾਰ ਦਿੱਤਾ ਹੈ। ਜਥੇਬੰਦਕ ਆਗੂਆਂ ਨੇ ਧਰਨੇ ਦੌਰਾਨ ਅਧਿਕਾਰੀਆਂ ਨੂੰ ਮਿਲਕੇ ਦੱਸਿਆ ਹੈ ਕਿ ਕਿਸਾਨ ਆਪਣੇ ਖੇਤਾਂ ਨੂੰ ਉਪਜਾਊ ਬਣਾਉਣ ਵਾਸਤੇ ਉਚੀ-ਨੀਵੀਂ ਥਾਂ ਨੂੰ ਪੱਧਰ ਕਰ ਰਹੇ ਸਨ, ਨਾ ਕਿ ਉਥੋਂ ਮਿੱਟੀ ਨੂੰ ਚੁੱਕ ਕੇ ਵੇਚਿਆ ਜਾ ਰਿਹਾ ਸੀ। ਪੁਲੀਸ ਵੱਲੋਂ ਬੀਤੀ ਕੱਲ੍ਹ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਪਾਸੋਂ ਤਿੰਨ ਟਰੈਕਟਰ, ਦੋ ਟਰਾਲੀਆਂ, ਇੱਕ ਜੇ.ਸੀ.ਬੀ ਅਤੇ ਇਕ ਕੁਰਾਹੇ ਦੀ ਬਰਾਮਦਗੀ ਕਰਕੇ ਮਾਈਨਿੰਗ ਐਂਡ ਮਿਨਰਲ ਐਕਟ-1957 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਕਿਸਾਨ ਆਪਣੇ ਹੀ ਖੇਤ ਦਾ ਉਚਾ-ਨੀਵਾਂ ਪੱਧਰ ਇਕਸਾਰ ਕਰਕੇ ਖੇਤ ਦੀ ਭਾਰੀ ਅਤੇ ਰੇਤਲੀ ਮਿੱਟੀ ਨੂੰ ਮਿਲਾਕੇ ਉਪਜਾਊ ਬਣਾਉਣ ਦਾ ਉਪਰਾਲਾ ਕਰ ਰਹੇ ਸਨ, ਜਿਸ ਲਈ ਟਰੈਕਟਰ-ਟਰਾਲੀਆਂ ਅਤੇ ਜੇਬੀਸੀ ਦੀ ਵਰਤੋਂ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਜਦੋਂ ਇਨ੍ਹਾਂ ਸੰਦਾਂ ਨੂੰ ਫੜਕੇ ਖੇਤ ਵਿੱਚ ਕੰਮ ਕਰਦੇ ਪੰਜ ਕਿਸਾਨ ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਗਏ ਤਾਂ ਇਹ ਮਾਮਲਾ ਜਥੇਬੰਦੀਆਂ ਦੇ ਧਿਆਨ ਵਿੱਚ ਆਇਆ, ਜਿਸ ਤੋਂ ਬਾਅਦ ਜਥੇਬੰਦਕ ਧਿਰਾਂ ਨੇ ਕਿਸਾਨਾਂ ਦੇ ਹੱਕ ਵਿੱਚ ਖੜ੍ਹਨ ਦਾ ਨਿਰਣਾ ਲਿਆ ਗਿਆ। ਇਸੇ ਦੌਰਾਨ ਧਰਨਾਕਾਰੀ ਕਿਸਾਨਾਂ ਨਾਲ ਇਸ ਮਾਮਲੇ ਸਬੰਧੀ ਪੁਲੀਸ ਦੇ ਉੱਚ ਅਧਿਕਾਰੀਆਂ ਦੀ ਗੱਲਬਾਤ ਹੋਈ, ਜਿਸ ਵਿੱਚ ਕਿਸਾਨ ਆਗੂ ਉਗਰ ਸਿੰਘ, ਮੇਜਰ ਸਿੰਘ ਦੂਲੋਵਾਲ, ਕ੍ਰਿਸ਼ਨ ਚੌਹਾਨ, ਇਕਬਾਲ ਸਿੰਘ ਮਾਨਸਾ ਅਤੇ ਮਹਿੰਦਰ ਸਿੰਘ ਭੈਣੀਬਾਘਾ ਉਚੇਚੇ ਤੌਰ ’ਤੇ ਸ਼ਾਮਲ ਹੋਏ, ਜਿਨ੍ਹਾਂ ਨੇ ਕਿਸਾਨਾਂ ਦੀ ਖੇਤ ਪੱਧਰ ਕਰਨ ਵਾਲੀ ਅਸਲੀਅਤ ਅਧਿਕਾਰੀਆਂ ਦਾ ਨੋਟਿਸ ਵਿੱਚ ਲਿਆਂਦੀ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਪੂਰੇ ਮਾਮਲੇ ਦੀ ਪੜਤਾਲ ਕਰਕੇ ਇਨਸਾਫ਼ ਦੇਣ ਦਾ ਭਰੋਸਾ ਦਿੱਤਾ ਗਿਆ।