
ਹਾਦਸੇ ’ਚ ਬੁਰੀ ਤਰ੍ਹਾਂ ਨੁਕਸਾਨੀ ਗਈ ਏ.ਐਸ.ਆਈ. ਦੀ ਮਾਰੂਤੀ ਕਾਰ।
ਜਸਵੰਤ ਜੱਸ
ਫ਼ਰੀਦਕੋਟ, 5 ਦਸੰਬਰ
ਇੱਥੇ ਹਰਿੰਦਰਾ ਨਗਰ ਵਿੱਚ ਫਰੀਦਕੋਟ ਕੋਟਕਪੂਰਾ ਰੋਡ ’ਤੇ ਸੜਕ ਦੇ ਪਾਸੇ ਖੜ੍ਹੀ ਇੱਕ ਕਾਰ ਵਿੱਚ ਮਗਰੋਂ ਆ ਰਹੀ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਇੱਕ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਕਾਰ ਵਿੱਚ ਸਵਾਰ ਦੋ ਜਣੇ ਗੰਭੀਰ ਜ਼ਖ਼ਮੀ ਹੋ ਗਏ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਮੰਗਤ ਰਾਏ ਵਾਸੀ ਕੋਟਕਪੂਰਾ ਫਰੀਦਕੋਟ ਆਪਣੀ ਭੈਣ ਨੂੰ ਮਿਲਣ ਲਈ ਆਇਆ ਸੀ ਤੇ ਉਨ੍ਹਾਂ ਨੇ ਹਰਿੰਦਰਾ ਨਗਰ ਵਿੱਚ ਆਪਣੀ ਕਾਰ ਨੰ. (ਪੀਬੀ04ਐਲ 4872) ਨੂੰ ਸੜਕ ਦੇ ਪਾਸੇ ਲਾ ਦਿੱਤੀ ਤੇ ਕਾਰ ਵਿੱਚ ਬੈਠ ਕੇ ਹੋਟਲ ਤੋਂ ਮੰਗਵਾਏ ਖਾਣੇ ਦਾ ਇੰਤਜ਼ਾਰ ਕਰਨ ਲੱਗ ਪਏ। ਇਸੇ ਦੌਰਾਨ ਕੋਟਕਪੂਰਾ ਦੀ ਤਰਫੋਂ ਤੇਜ ਰਫ਼ਤਾਰ ਆਈ ਕਾਰ (ਪੀਬੀ77 0066) ਨੇ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਰਕੇ ਖੜ੍ਹੀ ਹੋਈ ਕਾਰ ਵਿੱਚ ਬੈਠੀ ਰਾਖੀ (43) ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਇਸ ਹਾਦਸੇ ’ਚ ਰਾਖੀ ਦੀ ਬੇਟੀ ਅਕਸ਼ਿਤਾ (19), ਬੇਟੇ ਅਕਸ਼ੈ (15) ਅਤੇ ਪਤੀ ਸ਼ਕਤੀ ਅਹੂਜਾ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਸਿਟੀ ਪੁਲੀਸ ਫਰੀਦਕੋਟ ਨੇ ਕਸੂਰਵਾਰ ਡਰਾਈਵਰ ਬਲਰਾਜ ਸਿੰਘ ਖ਼ਿਲਾਫ਼ ਧਾਰਾ 304-ਏ, 279, 337, 338 ਤਹਿਤ ਕੇਸ ਦਰਜ ਕਰ ਲਿਆ ਹੈ।
ਮੋਗਾ (ਨਿੱਜੀ ਪੱਤਰ ਪ੍ਰੇਰਕ) ਇਥੇ ਥਾਣਾ ਧਰਮਕੋਟ ਅਧੀਨ ਨਸੀਰੇਵਾਲਾ-ਕੋਟ ਮਹੁਮੰਦ ਖਾਂ ਸੜਕ ਉੱਤੇ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦੀ ਮੌਤ ਤੇ ਦੋ ਗੰਭੀਰ ਜ਼ਖ਼ਮੀ ਹੋ ਗਏ। ਗੰਭੀਰ ਜਖ਼ਮੀਆਂ ’ਚੋਂ ਇੱਕ ਨੂੰ ਲੁਧਿਆਣਾ ਡੀਐੱਮ ਸੀ ਤੇ ਦੂਜਾ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਤੇ ਹਸਪਤਾਲ ਫ਼ਰੀਦਕੋਟ ਰੈਫ਼ਰ ਕੀਤਾ ਗਿਆ ਹੈ।
ਪੁਲੀਸ ਚੌਕੀ ਇੰਚਾਰਜ ਏਐੱਸਆਈ ਰਘੁਵਿੰਦਰ ਪ੍ਰਸਾਦ ਨੇ ਦੱਸਿਆ ਕਿ ਪਿੰਡ ਨਸੀਰੇ ਵਾਲਾ ਦਾ ਰਹਿਣ ਵਾਲਾ 15 ਸਾਲਾ ਧਰਮਪ੍ਰੀਤ ਸਿੰਘ ਆਪਣੇ ਦੋਸਤਾਂ ਹਰਪ੍ਰੀਤ ਸਿੰਘ ਤੇ ਸੁਖਪ੍ਰੀਤ ਸਿੰਘ ਨਾਲ ਪਿੰਡ ’ਚ ਧਾਰਮਿਕ ਸਮਾਗਮ ’ਚ ਗਿਆ ਹੋਇਆ ਸੀ। ਸੋਮਵਾਰ ਤਿੰਨੋਂ ਮੋਟਰਸਾਈਕਲ ’ਤੇ ਪਿੰਡ ਨਸੀਰੇਵਾਲਾ ਨੂੰ ਪਰਤ ਰਹੇ ਸਨ। ਧੁੰਦ ਹੋਣ ਕਾਰਨ ਸੜਕ ਹਾਦਸਾ ਵਾਪਰ ਗਿਆ।
ਬੱਸ ਦੀ ਕਾਰ ਨਾਲ ਟੱਕਰ ’ਚ ਏਐੱਸਆਈ ਤੇ ਪੁੱਤਰ ਜ਼ਖ਼ਮੀ
ਲੰਬੀ (ਪੱਤਰ ਪ੍ਰੇਰਕ) ਅੱਜ ਸਵੇਰੇ ਧੁੰਦ ਕਾਰਨ ਡੱਬਵਾਲੀ-ਮਲੋਟ ਜਰਨੈਲੀ ਸੜਕ ’ਤੇ ਪੰਜਾਬ ਰੋਡਵੇਜ਼ ਦੀ ਬੱਸ ਤੇ ਕਾਰ ਵਿੱਚ ਆਹਮੋ-ਸਾਹਮਣੇ ਦੀ ਟੱਕਰ ਵਿੱਚ ਪੰਜਾਬ ਪੁਲੀਸ ਦਾ ਏ.ਐਸ.ਆਈ. ਤੇ ਉਸਦਾ ਨੌਜਵਾਨ ਪੁੱਤਰ ਜਖ਼ਮੀ ਹੋ ਗਏ। ਏ.ਐਸ.ਆਈ. ਦੀ ਬਾਂਹ ਤੇ ਲੱਤ ’ਤੇ ਕਈ ਜਗ੍ਹਾ ਫਰੈਕਚਰ ਆਏ ਹਨ। ਅੱਜ ਸਵੇਰੇ ਕੰਦੂਖੇੜਾ ਇੰਟਰਸਟੇਟ ਨਾਕੇ ਦੇ ਇੰਚਾਰਜ਼ ਏ.ਐੱਸ.ਆਈ. ਗੁਰਮੀਤ ਸਿੰਘ ਵਾਸੀ ਖੁੱਡੀਆਂ ਗੁਲਾਬ ਸਿੰਘ ਆਪਣੇ ਵਿਭਾਗੀ ਕੰਮ ਲਈ ਕਾਰ ਵਿੱਚ ਮਲੋਟ ਜਾ ਰਿਹਾ ਸੀ। ਉਸਦੇ ਨਾਲ ਉਸਦਾ 25 ਸਾਲਾ ਲੜਕਾ ਨਵਜੋਤ ਸਿੰਘ ਵੀ ਮਲੋਟ ਜਾਣ ਲਈ ਕਾਰ ਵਿੱਚ ਸਵਾਰ ਹੋ ਗਿਆ ਸੀ। ਰਾਹ ਵਿੱਚ ਕਾਫ਼ੀ ਧੁੰਦ ਸੀ। ਜਦੋਂ ਉਹ ਡੱਬਵਾਲੀ-ਮਲੋਟ ਜਰਨੈਲੀ ਸੜਕ ’ਤੇ ਸ਼ਾਹੀ ਪੈਲੇਸ ਦੇ ਨੇੜੇ ਪੁੱਜੇ ਤਾਂ ਸਾਹਮਣਿਓਂ ਆਉਂਦੀ ਪੰਜਾਬ ਰੋਡਵੇਜ਼ ਦੀ ਬੱਸ ਨੇ ਉਨ੍ਹਾਂ ਦੀ ਮਾਰੂਤੀ ਕਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਏ.ਐੱਸ.ਆਈ. ਗੁਰਮੀਤ ਸਿੰਘ ਅਤੇ ਉਸਦਾ ਲੜਕਾ ਨਵਜੋਤ ਸਿੰਘ ਜ਼ਖ਼ਮੀ ਹੋ ਗਏ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਸੂਚਨਾ ਮਿਲਣ ’ਤੇ ਪਿੰਡ ਖੁੱਡੀਆਂ ਤੋਂ ਉਸਦੇ ਭਰਾ ਸਬ ਇੰਸਪੈਕਟਰ ਬਲਜੀਤ ਸਿੰੰਘ ਤੇ ਹੋਰ ਪਰਿਵਾਰਕ ਮੈਂਬਰ ਮੌਕੇ ’ਤੇ ਪੁੱਜ ਗਏ ਤੇ ਉਨ੍ਹਾਂ ਦੋਵਾਂ ਨੂੰ ਜ਼ਖ਼ਮੀ ਹਾਲਤ ਵਿੱਚ ਸਰਕਾਰੀ ਸਿਵਲ ਹਸਪਤਾਲ ਪਹੁੰਚਾਇਆ। ਜਿੱਥੋਂ ਏ.ਐੱਸ.ਆਈ ਗੁਰਮੀਤ ਸਿੰਘ ਨੂੰ ਹਾਲਤ ਗੰਭੀਰ ਹੋਣ ਕਾਰਨ ਬਠਿੰਡਾ ਦੇ ਨਿੱਜੀ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ।
ਸੜਕ ਹਾਦਸਿਆਂ ਵਿੱਚ ਬੱਚੇ ਸਣੇ ਦੋ ਹਲਾਕ
ਸਿਰਸਾ (ਨਿੱਜੀ ਪੱਤਰ ਪ੍ਰੇਰਕ) ਇੱਥੇ ਦੋ ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਇਕ ਤਿੰਨ ਸਾਲਾ ਬੱਚੇ ਸਮੇਤ ਦੋ ਜਣਿਆਂ ਦੀ ਮੌਤ ਹੋ ਗਈ ਹੈ। ਪੁਲੀਸ ਨੇ ਪੀੜਤ ਪਰਿਵਾਰਾਂ ਦੀ ਸ਼ਿਕਾਇਤ ’ਤੇ ਅਣਪਛਾਤੇ ਵਾਹਨ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਡਿੰਗ ਮੋੜ ਵਾਸੀ ਹਰਪ੍ਰੀਤ ਸਿੰਘ ਬੀਤੇ ਕੱਲ੍ਹ ਸੜਕ ’ਤੇ ਪੈਦਲ ਕਿਸੇ ਕੰਮ ਜਾ ਰਿਹਾ ਸੀ ਤਾਂ ਰਾਹ ’ਚ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਫੇਟ ਮਾਰ ਦਿੱਤੀ ਤੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਹਸਪਤਾਲ ਪਹੁੰਚਾਇਆ ਤੇ ਉਥੇ ਹਾਲਤ ਜ਼ਿਆਦਾ ਖ਼ਰਾਬ ਹੋਣ ਕਾਰਨ ਉਸ ਨੂੰ ਹਿਸਾਰ ਰੈਫਰ ਕਰ ਦਿੱਤਾ। ਹਿਸਾਰ ਵਿੱਚ ਇਲਾਜ ਦੌਰਾਨ ਹਰਪ੍ਰੀਤ ਸਿੰਘ ਨੇ ਦਮ ਤੋੜ ਦਿੱਤਾ। ਇਸੇ ਤਰ੍ਹਾਂ ਪਿੰਡ ਮਾਖੋਸਰਾਣੀ ’ਚ ਇਕ ਤਿੰਨ ਸਾਲਾ ਬੱਚਾ ਇਕ ਪਿੱਕਅਪ ਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਦਰੜਿਆ ਗਿਆ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ