ਜੋਗਿੰਦਰ ਸਿੰਘ ਮਾਨ
ਮਾਨਸਾ, 16 ਸਤੰਬਰ
ਬੇਸ਼ੱਕ ਪੰਜਾਬ ਸਰਕਾਰ ਵੱਲੋਂ ਲੰਪੀ ਸਕਿਨ ਕਾਰਨ ਬੰਦ ਕੀਤੀਆਂ ਪਸ਼ੂ ਮੰਡੀਆਂ ਅਜੇ ਖੋਲ੍ਹੀਆਂ ਨਹੀਂ ਹਨ, ਪਰ ਇਸ ਦੇ ਬਾਵਜੂਦ ਅੱਜ ਇੱਥੇ ਰਮਦਿੱਤੇ ਵਾਲਾ ਚੌਕ ਵਿੱਚ ਮਾਨਸਾ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦੇ ਵਪਾਰੀਆਂ ਨੇ ਸਰਕਾਰ ਵੱਲੋਂ ਬੰਦ ਕੀਤੀ ਗਈ ਮੰਡੀ ਮੁੜ ਸ਼ੁਰੂ ਕੀਤੀ। ਇਸ ਪਸ਼ੂ ਮੰਡੀ ਦੀ ਪੰਜਾਬ ਕਿਸਾਨ ਯੂਨੀਅਨ ਵੱਲੋਂ ਪੂਰਨ ਤੌਰ ’ਤੇ ਹਿਮਾਇਤ ਕੀਤੀ ਗਈ। ਇਹ ਪਸ਼ੂ ਮੰਡੀ, ਪਸ਼ੂ ਪਾਲਣ ਵਿਭਾਗ ਦੇ ਜ਼ਿਲ੍ਹਾ ਪੱਧਰੀ ਦਫ਼ਤਰ ਦੇ ਐਨ ਨੇੜੇ ਲਾਈ ਗਈ। ਇਸ ਨੂੰ ਰੋਕਣ ਲਈ ਕੋਈ ਅਧਿਕਾਰੀ ਅਤੇ ਨਾ ਹੀ ਪੁਲੀਸ ਵਾਲੇ ਅੱਗੇ ਆਏ ਹਨ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਆਗੂਆਂ ਕਿਹਾ ਕਿ ਗਾਵਾਂ ਵਿੱਚ ਫੈਲੀ ‘ਲੰਪੀ ਸਕਿਨ’ ਬਿਮਾਰੀ ਦੀ ਓਟ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਬੰਦ ਕੀਤੀਆਂ ਮੰਡੀਆਂ ਨਾਲ ਕਿਸਾਨਾਂ, ਪਸ਼ੂ ਵਪਾਰ ਕਰ ਰਹੇ ਪੰਜਾਬੀਆਂ ਦਾ ਨੁਕਸਾਨ ਹੋਇਆ ਹੈ ਜਦੋਂਕਿ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਮੰਡੀਆਂ ਲੱਗ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਪਸ਼ੂ ਮੰਡੀਆਂ ਬੰਦ ਕਰਨ ਦੀ ਬਜਾਇ, ਸਰਕਾਰ ਪੀੜਤ ਪਸ਼ੂਆਂ ਦੇ ਇਲਾਜ ਲਈ ਵੈਕਸੀਨ ਮੁਹੱਈਆ ਕਰਵਾਏ ਅਤੇ ਰੋਗੀ ਪਸ਼ੂਆਂ ਨੂੰ ਕਿਸੇ ਇੱਕ ਜਗ੍ਹਾ ਰੱਖਣ ਦਾ ਬੰਦੋਬਸਤ ਕਰੇ।
ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਜੰਟ ਸਿੰਘ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਦੇ ਪਸ਼ੂ ਇਸ ਬਿਮਾਰੀ ਦੀ ਭੇਟ ਚੜ੍ਹ ਗਏ ਹਨ, ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਮੰਡੀਆਂ ਬੰਦ ਕਰਨਾ ਗ਼ਲਤ ਫੈਸਲਾ ਹੈ, ਜਿਸ ਨੂੰ ਮਿਹਨਤੀ ਵਰਗ ਬਰਦਾਸ਼ਿਤ ਨਹੀਂ ਕਰੇਗਾ।