ਪਰਸ਼ੋਤਮ ਬੱਲੀ
ਬਰਨਾਲਾ, 14 ਦਸੰਬਰ
ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਟਰੇਡ ਯੂਨੀਅਨਾਂ ਵੱਲੋਂ ਅੱਜ ਭੱਠਾ ਅਤੇ ਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਰੈਲੀ ਕਰਕੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਦਿੱਤਾ ਗਿਆ। ਰੈਲੀ ਨੂੰ ਸੰਬੋਧਨ ਕਰਦਿਆਂ ਲਬਿਰੇਸ਼ਨ ਦੇ ਸੂਬਾਈ ਆਗੂ ਗੁਰਪ੍ਰੀਤ ਰੂੜੇਕੇ, ਟਰੇਡ ਯੂਨੀਅਨ ਏਟਕ ਦੇ ਖੁਸ਼ੀਆ ਸਿੰਘ ਬਰਨਾਲਾ ਅਤੇ ਸੀਟੂ ਪੰਜਾਬ ਦੇ ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਮਜ਼ਦੂਰ ਵਰਗ ਦੀ ਹਰ ਖੇਤਰ ਵਿੱਚ ਅੰਨ੍ਹੇਵਾਹ ਲੁੱਟ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਭੱਠਿਆਂ ’ਤੇ ਦਹਾਕਿਆਂ ਤੋਂ ਕੰਮ ਕਰਦੇ ਸੈਂਕੜੇ ਮਜ਼ਦੂਰ ਆਪਣਾ ਘਰ ਤੱਕ ਨਹੀਂ ਬਣਾ ਸਕੇ ਜਦੋਂਕਿ ਆਪਣੇ ਹੱਥਾਂ ਨਾਲ ਪੱਥੀਆਂ ਇੱਟਾਂ ਨਾਲ ਹੋਰਨਾਂ ਦੇ ਵੱਡੇ-ਵੱਡੇ ਮਹਿਲ, ਸਕੂਲ, ਕਾਲਜ ਤੇ ਉੱਚੀਆਂ ਇਮਾਰਤਾਂ ਖੜ੍ਹੀਆਂ ਕਰ ਦਿੰਦੇ ਹਨ ਤੇ ਭੱਠਾ ਮਾਲਕਾਂ ਵੱਲੋਂ ਮਜ਼ਦੂਰਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਨਹੀਂ ਦਿੱਤਾ ਜਾਂਦਾ ਤੇ ਨਾ ਹੀ ਕੰਮ ਵਾਲੀਆਂ ਥਾਵਾਂ ’ਤੇ ਸਾਫ਼ ਪੀਣ ਵਾਲੇ ਪਾਣੀ ਸਮੇਤ ਹੋਰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਨਿਯਮਾਂ ਅਨੁਸਾਰ ਬਣਦੀਆਂ ਸਹੂਲਤਾਂ ਯਕੀਨੀ ਬਣਾਉਣ ਲਈ ਭੱਠਾਂ ਮਾਲਕਾਂ ਨੂੰ ਸਖ਼ਤ ਹਦਾਇਤਾਂ ਦੇਣ ਲਈ ਜ਼ਿਲ੍ਹਾ ਅਧਿਕਾਰੀਆਂ ਤੋਂ ਵੀ ਮੰਗ ਕੀਤੀ। ਚੰਨੀ ਸਰਕਾਰ ਦੇ ਦਾਅਵਿਆਂ ’ਤੇ ਕਿੰਤੂ ਕਰਦਿਆਂ ਕਿਹਾ ਕਿ ਚੰਨੀ ਸਰਕਾਰ ਵੱਲੋਂ ਕੀਤੇ ਗਏ ਐਲਾਨ ਕਿ ਮਜ਼ਦੂਰਾਂ ਨੂੰ 5-5 ਮਰਲਿਆਂ ਦੇ ਪਲਾਟ ਦੇਣ, ਲਾਲ ਲਕੀਰ ਵਾਲੇ ਘਰਾਂ ਦੀ ਰਜਿਸਟਰੀਆਂ ਕਰਵਾਉਣ ਤੇ ਘਰ ਬਣਾਉਣ ਲਈ ਗਰਾਂਟਾਂ ਦੇਣ ਆਦਿ ਬਾਰੇ ਵਾਅਦੇ-ਦਾਅਵੇ ਅਮਲ ਵਿੱਚ ਲਾਗੂ ਨਹੀਂ ਹੋ ਰਹੇ। ਆਗੂਆਂ ਨੇ ਲਾਲ ਝੰਡੇ ਵਾਲੀਆ ਪਾਰਟੀਆਂ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।