ਬਰਨਾਲਾ: ਜ਼ਿਲ੍ਹਾ ਬਰਨਾਲਾ ਦੇ ਤਿੰਨ ਖਿਡਾਰੀਆਂ ਨੇ ਕਿੱਕ ਬਾਕਸਿੰਗ ਮੁਕਾਬਲੇ ਵਾਕੋ ਇੰਡੀਆ ਨੈਸ਼ਨਲ ਸੀਨੀਅਰਜ਼ ਅਤੇ ਮਾਸਟਰਜ਼ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਚਾਂਦੀ ਅਤੇ ਕਾਂਸੀ ਦੇ ਤਗ਼ਮੇ ਜਿੱਤੇ। ਜ਼ਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ ਅਤੇ ਕਿੱਕ ਬਾਕਸਿੰਗ ਦੇ ਕੋਚ ਜਸਪ੍ਰੀਤ ਸਿੰਘ ਢੀਂਡਸਾ ਨੇ ਦੱਸਿਆ ਕਿ ਪ੍ਰਤੀਯੋਗਤਾ ਚੇੱਨਈ ਵਿੱਚ 18 ਤੋਂ 22 ਅਗਸਤ ਤੱਕ ਕਰਵਾਈ ਗਈ। ਖਿਡਾਰੀ ਆਕਾਸ਼ਦੀਪ ਸਿੰਘ (ਵਾਸੀ ਪਿੰਡ ਬਡਬਰ) ਨੇ 91 ਕਿਲੋ ਵਰਗ ਵਿਚ ਕਾਂਸੀ ਤਗ਼ਮਾ ਹਾਸਲ ਕੀਤਾ। ਗੁਰਪ੍ਰੀਤ ਸਿੰਘ (ਵਾਸੀ ਧਨੇਰ ਬਸਤੀ, ਬਰਨਾਲਾ ਸ਼ਹਿਰ) ਨੇ 54 ਕਿਲੋ ਵਰਗ ਵਿੱਚ ਚਾਂਦੀ ਦਾ ਤਗ਼ਮਾ ਹਾਸਲ ਕੀਤਾ ਅਤੇ ਖਿਡਾਰੀ ਸੁਖਬੀਰ ਕੌਰ (ਵਾਸੀ ਧਨੌਲਾ) ਨੇ 70 ਕਿਲੋ ਵਰਗ ਵਿੱਚ ਕਾਂਸੀ ਤਗ਼ਮਾ ਹਾਸਲ ਕੀਤਾ। -ਖੇਤਰੀ ਪ੍ਰਤੀਨਿਧ