ਸੁੰਦਰ ਨਾਥ ਆਰੀਆ
ਅਬੋਹਰ, 11 ਨਵੰਬਰ
ਸੀਆਈਏ ਸਟਾਫ ਨੇ ਮੋਟਰਸਾਈਕਲ ਚੋਰੀ ਕਰਨ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਇਨ੍ਹਾਂ ਮੁਲਜ਼ਮਾਂ ਖ਼ਿਲਾਫ ਨਗਰ ਥਾਣਾ-1 ਵਿੱਚ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਏ ਗਏ ਹਨ।
ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸੰਦੀਪ ਸਿੰਘ ਨੇ ਦੱਸਿਆ ਕਿ ਸੀਆਈਏ-2 ਫਾਜ਼ਿਲਕਾ ਦੇ ਸਹਾਇਕ ਥਾਣੇਦਾਰ ਸੱਜਨ ਸਿੰਘ ਨੇ ਬੀਤੀ ਰਾਤ ਗੁਪਤ ਸੂਚਨਾ ਦੇ ਆਧਾਰ ’ਤੇ ਮਲੋਟ ਰੋਡ ਟੀ-ਪੁਆਇੰਟ ’ਤੇ ਨਾਕਾਬੰਦੀ ਕਰਕੇ ਮੋਟਰਸਾਈਕਲ ਚੋਰੀ ਅਤੇ ਲੁੱਟ-ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲੀਸ ਮੁਤਾਬਕ ਇਹ ਗਰੋਹ ਸ਼ਹਿਰ ਤੋਂ ਮੋਟਰਸਾਈਕਲ ਚੋਰੀ ਕਰ ਕੇ ਅਤੇ ਲੋਕਾਂ ਤੋਂ ਮੋਬਾਈਲ ਫੋਨ ਖੋਹਣ ਦੀਆਂ ਵਾਰਦਾਤਾਂ ਨੂੰ ਕਥਿਤ ਤੌਰ ’ਤੇ ਅੰਜਾਮ ਦਿੰਦਾ ਸੀ। ਪੁਲੀਸ ਨੇ ਇਨ੍ਹਾਂ ਦੇ ਕਬਜ਼ੇ ਵਿੱਚੋਂ 5 ਮੋਟਰਸਾਈਕਲ, ਇਕ ਐਕਟਿਵਾ, 8 ਮੋਬਾਈਲ ਫੋਨ ਤੇ ਇਕ ਦੇਸੀ ਕੱਟਾ ਬਰਾਮਦ ਕੀਤਾ ਹੈ। ਪੁਲੀਸ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ ਉਰਫ ਲੱਭੂ ਵਾਸੀ ਸੀਡ ਫਾਰਮ ਅਤੇ ਰਾਹੁਲ ਕੁਮਾਰ ਉਰਫ ਗੋਲਡੀ ਵਾਸੀ ਈਦਗਾਹ ਬਸਤੀ ਅਬੋਹਰ ਅਤੇ ਕਾਲੂ ਵਾਸੀ ਸੀਡ ਫਾਰਮ ਵੱਜੋਂ ਕੀਤੀ ਗਈ ਹੈ।