ਟ੍ਰਿਬਿਊਨ ਨਿਊਜ਼ ਸਰਵਿਸ/ਜਗਜੀਤ ਸਿੱਧੂ
ਚੰਡੀਗੜ੍ਹ/ਤਲਵੰਡੀ ਸਾਬੋ, 8 ਮਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਉਹ ਪਾਰਟੀ ਅਤੇ ਪਾਰਟੀ ਤੋਂ ਬਾਹਰਲੇ ਹਰ ਇੱਕ ਬੰਦੇ ਨੂੰ ਬੇਨਤੀ ਕਰਦੇ ਹਨ ਕਿ ਇਸ ਵੇਲੇ ਸਿਆਸਤ ਲਾਂਭੇ ਰੱਖੋ ਅਤੇ ਜਾਨਾਂ ਬਚਾਉਣ ਲਈ ਇਕਜੁੱਟ ਹੋਵੋ। ਉਨ੍ਹਾਂ ਆਖਿਆ ਕਿ ਇਸ ਸਮੇਂ ਨਾ ਕੋਈ ਕਾਂਗਰਸੀ, ਨਾ ਅਕਾਲੀ, ਨਾ ‘ਆਪ’ ਅਤੇ ਨਾ ਭਾਜਪਾ ਅਤੇ ਨਾ ਹੀ ਕੋਈ ਕਾਮਰੇਡ ਹੈ। ਇਸ ਵੇਲੇ ਅਸੀਂ ਸਾਰੇ ਮਹਿਜ਼ ਮਨੁੱਖ ਹਾਂ। ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਸ ਅੰਧਕਾਰ ਵਿਚੋਂ ਬਾਹਰ ਆਉਣਾ ਤੇ ਇਸ ਨੂੰ ਹਰਾਉਣਾ ਚਾਹੀਦਾ ਹੈ।
ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਦੀਵਾਨ ਹਾਲ ਵਿੱਚ ਪੰਜਾਹ ਬਿਸਤਰਿਆਂ ਵਾਲਾ ਕਰੋਨਾ ਸਹਾਇਤਾ ਕੇਂਦਰ ਅਤੇ ਆਕਸੀਜਨ ਲੰਗਰ ਖੋਲ੍ਹਿਆ ਗਿਆ ਜਿਸ ਦਾ ਉਦਘਾਟਨ ਅੱਜ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ। ਸ੍ਰੀ ਬਾਦਲ ਨੇ ਕਰੋਨਾ ਦੇ ਵਧਦੇ ਪ੍ਰਭਾਵ ਦੌਰਾਨ ਕਰੋਨਾ ਮਰੀਜ਼ਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਬੀਬੀ ਜਗੀਰ ਕੌਰ ਨੇ ਦੱਸਿਆ ਕਿ ਗੁਰਦੁਆਰਾ ਆਲਮਗੀਰ ਸਾਹਿਬ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਇਹ ਦੂਜਾ ਕੇਂਦਰ ਖੋਲ੍ਹਿਆ ਗਿਆ ਹੈ। ਇਸ ਸੈਂਟਰ ਵਿੱਚ ਫਿਲਹਾਲ 50 ਬੈੱਡ ਲਗਾਏ ਗਏ ਹਨ ਅਤੇ ਆਕਸੀਜਨ ਦੀ ਘਾਟ ਨੂੰ ਦੂਰ ਕਰਨ ਲਈ ਰੂਸ ਤੋਂ ਮੰਗਵਾਈਆਂ 25 ਮਸ਼ੀਨਾਂ ਲਗਾਈਆਂ ਗਈਆਂ ਹਨ ਜੋ ਹਵਾ ਵਿੱਚੋਂ ਹੀ ਆਕਸੀਜਨ ਤਿਆਰ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਗੁਰੂ ਰਾਮਦਾਸ ਮੈਡੀਕਲ ਕਾਲਜ ਦੇ ਡਾਕਟਰ ਮਰੀਜ਼ਾਂ ਦਾ ਇਲਾਜ ਕਰਨਗੇ ਅਤੇ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਸਿਰਫ ਗੰਭੀਰ ਹੋਣ ਦੀ ਹਾਲਤ ਵਿੱਚ ਹੀ ਮਰੀਜ਼ ਨੂੰ ਇਸ ਸੈਂਟਰ ਤੋਂ ਰੈਫਰ ਕੀਤਾ ਜਾਵੇਗਾ ਤੇ ਮਰੀਜ਼ਾਂ ਨਾਲ ਆਉਣ ਵਾਲੇ ਪਰਿਵਾਰਕ ਮੈਂਬਰਾਂ ਦੀ ਰਿਹਾਇਸ਼ ਅਤੇ ਲੰਗਰ ਦਾ ਵੀ ਸਮੁੱਚਾ ਪ੍ਰਬੰਧ ਕੀਤਾ ਗਿਆ ਹੈ। ਅਕਾਲੀ ਦਲ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਨੇ ਹਲਕੇ ਵਿੱਚ ਸੈਂਟਰ ਖੋਲ੍ਹਣ ’ਤੇ ਧੰਨਵਾਦ ਕੀਤਾ। ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਦਰਸ਼ਨ ਸਿੰਘ ਕੋਟਫੱਤਾ ਹਾਜ਼ਰ ਸਨ।