ਸੁੰਦਰ ਨਾਥ ਆਰੀਆ
ਅਬੋਹਰ, 1 ਜਨਵਰੀ
ਪੁਰਾਣੀ ਤਹਿਸੀਲ ਰੋਡ ’ਤੇ ਲੰਘੀ ਰਾਤ ਤਿੰਨ ਸ਼ੋਅਰੂਮਾਂ ’ਤੇ ਹੱਲਾ ਬੋਲਦਿਆਂ ਚੋਰਾਂ ਨੇ ਉੱਥੋਂ ਲੱਖਾਂ ਰੁਪਏ ਦਾ ਸਾਮਾਨ ਅਤੇ ਨਕਦੀ ਚੋਰੀ ਕਰ ਲਈ। ਤੜਕੇ ਸ਼ੋਅਰੂਮ ਮਾਲਕਾਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਚੋਰਾਂ ਨੇ ਇਸ ਰੋਡ ’ਤੇ ਨੁਮੈਰੋ ਯੂਨੋ ਸ਼ੋਅਰੂਮ, ਪਿਊਮਾ ਤੇ ਨਾਈਕ ਦੇ ਸ਼ੋਅਰੂਮ ਅਤੇ ਕਿਤਾਬਾਂ ਦੇ ਸਟੋਰ ’ਤੇ ਹੱਲਾ ਬੋਲਿਆ।
ਨੁਮੈਰੋ ਯੂਨੋ ਦੇ ਮਾਲਕ ਸੁਨੀਲ ਬੁਲੰਦੀ ਨੇ ਦੱਸਿਆ ਕਿ ਲੰਘੀ ਰਾਤ ਤਿੰਨ ਨਕਾਬਪੋਸ਼ ਨੇੜੇ ਦੀ ਇਕ ਹੋਰ ਦੁਕਾਨ ਤੋਂ ਲੱਕੜ ਦੀ ਪੌੜੀ ਲੈ ਕੇ ਉਸ ਦੇ ਸ਼ੋਅਰੂਮ ਦੀ ਤੀਜੀ ਮੰਜ਼ਲ ’ਚ ਵੜ ਗਏ ਅਤੇ ਉੱਥੇ ਲੱਗੇ ਗੇਟ ਦੇ ਜਿੰਦਰੇ ਭੰਨ ਕੇ ਗਰਾਊਂਡ ਫਲੋਰ ’ਤੇ ਬਣੇ ਸ਼ੋਅਰੂਮ ਵਿੱਚ ਵੜ ਗਏ। ਚੋਰਾਂ ਨੇ ਕੈਮਰੇ ਘੁਮਾ ਕੇ ਡੀ.ਵੀ.ਆਰ. ਪੁੱਟ ਦਿੱਤਾ। ਇਸ ਤੋਂ ਬਾਅਦ ਚੋਰਾਂ ਨੇ ਸ਼ੋਅਰੂਮ ਦਾ ਸਾਰਾ ਸਮਾਨ ਖਿਲਾਰ ਦਿੱਤਾ ਅਤੇ ਉੱਥੋਂ ਕਰੀਬ 90 ਹਜ਼ਾਰ ਦੀ ਨਕਦੀ ਤੇ ਕਰੀਬ 7 ਲੱਖ ਰੁਪਏ ਦਾ ਕੀਮਤੀ ਸਾਮਾਨ ਚੋਰੀ ਕਰਕੇ ਲੈ ਗਏ।
ਇਸੇ ਤਰ੍ਹਾਂ ਚੋਰਾਂ ਨੇ ਬਾਬੂ ਰਾਮ ਸਿੰਗਲਾ ਦੇ ਸ਼ੋਅਰੂਮ ਪਿਊਮਾ ਤੇ ਨਾਈਕ ਵਿੱਚ ਵੜ ਗਏ। ਸ਼ੋਅਰੂਮ ਮਾਲਕ ਗੌਰਵ ਸਿੰਗਲਾ ਨੇ ਦੱਸਿਆ ਕਿ ਕਰੀਬ 10 ਲੱਖ ਦਾ ਕੀਮਤੀ ਸਾਮਾਨ ਅਤੇ ਲੈਪਟੋਪ ਚੋਰੀ ਕਰ ਲਿਆ ਗਿਆ। ਇਸੇ ਤਰ੍ਹਾਂ ਚੋਰ ਕਿਤਾਬ ਮਹਿਲ ਤੋਂ ਕੀਮਤੀ ਤੋਹਫ਼ੇ ਅਤੇ ਹੋਰ ਸਾਮਾਨ ਚੋਰੀ ਕਰ ਕੇ ਲੈ ਗਏ। ਘਟਨਾ ਦੀ ਪਤਾ ਲੱਗਣ ’ਤੇ ਲੋਕਾਂ ਨੇ ਇਸ ਦੀ ਸੂਚਨਾ ਡੀ.ਐੱਸ.ਪੀ. ਸਣੇ ਪੁਲੀਸ ਪ੍ਰਸ਼ਾਸਨ ਨੂੰ ਦਿੱਤੀ। ਪੁਲੀਸ ਮੌਕੇ ’ਤੇ ਪੁੱਜ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।