ਪੱਤਰ ਪ੍ਰੇਰਕ
ਭੁੱਚੋ ਮੰਡੀ, 20 ਜੂਨ
ਭੁੱਚੋ ਕੈਂਚੀਆਂ ਨਜ਼ਦੀਕ ਅੱਜ ਸਵੇਰੇ ਛੇ ਵਜੇ ਬੁਰਜ ਕਾਹਨ ਸਿੰਘ ਵਾਲਾ ਮਾਈਨਰ ਵਿੱਚ 15 ਫੁੱਟ ਚੌੜਾ ਪਾੜ ਪੈਣ ਕਾਰਨ ਲਗਪਗ 20 ਏਕੜ ਜ਼ਮੀਨ ਵਿੱਚ ਪਾਣੀ ਭਰ ਗਿਆ। ਇਸ ਨਾਲ ਪਿੰਡ ਭੁੱਚੋ ਕਲਾਂ ਦੇ ਕੁਲਵੰਤ ਸਿੰਘ ਸ਼ੇਰਗਿੱਲ ਦਾ ਤਿੰਨ ਏਕੜ ਝੋਨਾ ਡੁੱਬ ਗਿਆ ਅਤੇ ਹੋਰ ਦੋ ਏਕੜ ਜ਼ਮੀਨ ਪਾਣੀ ਨਾਲ ਭਰ ਗਈ। ਇਸ ਤੋਂ ਇਲਾਵਾ ਭੁੱਚੋ ਕਲਾਂ ਦੇ ਅਮਰੀਕ ਸਿੰਘ ਦੀ ਪੰਜ ਏਕੜ, ਮੇਲਾ ਸਿੰਘ ਦੀ ਛੇ ਏਕੜ ਅਤੇ ਹੋਰਨਾਂ ਦੀ ਚਾਰ ਏਕੜ ਜ਼ਮੀਨ ਵਿੱਚ ਪਾਣੀ ਭਰਨ ਕਾਰਨ ਝੋਨੇ ਦੀ ਬਿਜਾਈ ਦਾ ਕੰਮ ਪਛੜ ਗਿਆ। ਦੱਸਣਯੋਗ ਹੈ ਕਿ ਇਹ ਪਹਿਲਾਂ ਰਜਵਾਹਾ ਕੱਚਾ ਸੀ। ਕਿਸਾਨਾਂ ਦੀ ਮੰਗ ਤੋਂ ਬਾਅਦ ਨਹਿਰੀ ਵਿਭਾਗ ਨੇ ਇਸ ਨੂੰ ਚਾਰ ਮਹੀਨੇ ਪਹਿਲਾਂ ਹੀ ਪੱਕਾ ਕੀਤਾ ਸੀ ਅਤੇ ਪੱਕਾ ਕਰਨ ਤੋਂ ਬਾਅਦ ਪਹਿਲੀ ਵਾਰ ਇਸ ਵਿੱਚ ਪਾਣੀ ਛੱਡਿਆ ਸੀ। ਸੂਚਨਾ ਮਿਲਦਿਆਂ ਹੀ ਨਹਿਰੀ ਵਿਭਾਗ ਦੇ ਮੁਲਾਜ਼ਮਾਂ ਨੇ ਜੇਸੀਬੀ ਮਸ਼ੀਨ ਦੀ ਮਦਦ ਨਾਲ ਪਾੜ ਪੂਰਿਆ।