ਬਲਜੀਤ ਸਿੰਘ
ਸਰਦੂਲਗੜ੍ਹ, 11 ਅਕਤੂਬਰ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਕਮੇਟੀ ਸਰਦੂਲਗੜ੍ਹ ਵੱਲੋਂ ਕਿਸਾਨ ਜਥੇਬੰਦੀਆਂ ਦੀ ਹਮਾਇਤ ਨਾਲ ਪੰਜਾਬ ਸਰਕਾਰ ਵੱਲੋਂ ਲਾਏ ਜਾ ਰਹੇ ਚਿੱਪ ਵਾਲੇ ਮੀਟਰਾਂ ਦਾ ਵਿਰੋਧ ਕੀਤਾ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੂਬਾ ਕਮੇਟੀ ਮੈਂਬਰ ਸਾਥੀ ਬੰਸੀ ਲਾਲ ਨੇ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਮੁਫ਼ਤ ਬਿਜਲੀ ਦੇਣ ਦਾ ਵਾਅਦੇ ਕਰ ਰਹੀ ਹੈ ਪਰ ਦੂਜੇ ਪਾਸੇ ਇਹ ਚਿੱਪ ਵਾਲੇ ਮੀਟਰ ਲਗਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮੀਟਰਾਂ ਨੂੰ ਮੋਬਾਈਲ ਫੋਨ ਦੀ ਤਰ੍ਹਾਂ ਰੀਚਾਰਜ ਕਰਨਾ ਪਵੇਗਾ। ਇਸ ਹਿਸਾਬ ਨਾਲ ਗ਼ਰੀਬ ਅਤੇ ਮੱਧ ਵਰਗ ਬਿਜਲੀ ਸਪਲਾਈ ਤੋਂ ਵਾਂਝਾ ਰਹਿ ਜਾਵੇਗਾ। ਇਸ ਮੌਕੇ ਇਕ ਪ੍ਰਾਈਵੇਟ ਕੰਪਨੀ ਵੱਲੋਂ ਲਗਾਏ ਜਾ ਰਹੇ ਮੀਟਰਾਂ ਦਾ ਵਿਰੋਧ ਕਰਦੇ ਹੋਏ ਇਹ ਮੀਟਰ ਲਾਹ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਰਕਾਰਾਂ ਆਮ ਲੋਕਾਂ ਦੀ ਲੁੱਟ ਦਾ ਰਾਹ ਪੱਧਰਾ ਕਰ ਕੇ ਕਾਰਪੋਰੇਟ ਕੰਪਨੀਆਂ ਦੇ ਮੁਨਾਫ਼ੇ ਦਾ ਪ੍ਰਬੰਧ ਕਰ ਰਹੀਆਂ ਹਨ। ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਇਸ ਸਮੇਂ ਨੌਜਵਾਨ ਸਭਾ ਦੇ ਮਨਪ੍ਰੀਤ ਸਿੰਘ ਅਤੇ ਕਿਸਾਨ ਆਗੂ ਮਲੂਕ ਸਿੰਘ ਨੇ ਕਿਹਾ ਕਿ ਭਲਕੇ 12 ਅਕਤੂਬਰ ਤੋਂ ਐਸਡੀਐਮ ਦਫ਼ਤਰ ਸਾਹਮਣੇ ਸ਼ਹਿਰ ਵਿਚ ਗੰਦੇ ਪਾਣੀ ਦੀ ਸਪਲਾਈ ਦੇ ਵਿਰੋਧ ਵਿਚ ਅਤੇ ਸ਼ਹੀਦ ਊਧਮ ਸਿੰਘ ਧਰਮਸ਼ਾਲਾ ਉੱਪਰ ਕੀਤੇ ਸਰਕਾਰੀ ਅਦਾਰੇ ਵੱਲੋਂ ਨਾਜਾਇਜ਼ ਕਬਜ਼ੇ ਨੂੰ ਹਟਵਾਉਣ ਲਈ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਮੌਕੇ ਅੰਮ੍ਰਿਤ ਸਿੰਘ, ਮਨਪ੍ਰੀਤ ਸਿੰਘ, ਦਵਿੰਦਰ ਸਿੰਘ, ਰਾਮ ਕ੍ਰਿਸ਼ਨ ਅਤੇ ਰਵਿੰਦਰ ਸਿੰਘ ਹਾਜ਼ਰ ਸਨ।