ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 28 ਅਗਸਤ
ਇੱਥੋਂ ਨੇੜਲੇ ਪਿੰਡ ਧੂੜਕੋਟ ਰਣਸੀਂਹ ਦੀਆਂ ਕਿਰਤੀ ਪਰਿਵਾਰਾਂ ਦੀਆਂ ਪਹਿਲਵਾਨ ਲੜਕੀਆਂ ਹੁਣ ਤੱਕ ਸੂਬਾ ਤੇ ਕੌਮੀ ਪੱਧਰ ਦੇ ਖੇਲੋ ਇੰਡੀਆ ਤੇ ਹੋਰ ਮੁਕਾਬਲਿਆਂ ਵਿੱਚ ਢਾਈ ਸੌ ਕਰੀਬ ਤਗਮੇ ਜਿੱਤ ਚੁੱਕੀਆਂ ਹਨ ਪਰ ਇਹ ਅਖਾੜਾ ਸਰਕਾਰੀ ਸਹੂਲਤਾਂ ਤੋਂ ਸੱਖਣਾ ਹੈ। ਕੁਸ਼ਤੀ ਅਖਾੜੇ ਦੇ ਪੁਰਾਣੇ ਕੋਚ ਹਰਭਜਨ ਭੱਜੀ ਪਹਿਲਵਾਨ ਨੰਗਲ ਦੇ ਵਿਦੇਸ਼ ਜਾਣ ਪਿੱਛੋਂ ਇੱਥੇ ਕੋਈ ਵੀ ਸਰਕਾਰੀ ਕੋਚ ਨਹੀਂ ਹੈ। ਇਨ੍ਹਾਂ ਖਿਡਾਰਨਾਂ ਲਈ ਸੰਤੁਲਤ ਪੌਸ਼ਟਿਕ ਖੁਰਾਕ ਦਾ ਵੀ ਕੋਈ ਪ੍ਰਬੰਧ ਨਹੀਂ ਹੈ। ਕੁਸ਼ਤੀ ਅਖਾੜਾ ਕਮੇਟੀ, ਕੁਸ਼ਤੀ ਪ੍ਰੇਮੀਆਂ ਅਤੇ ਪਹਿਲਵਾਨ ਲੜਕੀਆਂ ਦਾ ਸਤਿਕਾਰ ਤੇ ਮਾਣ ਕਰਨ ਵਾਲਿਆਂ ਵੱਲੋਂ ਮਿਲਦੇ ਸਹਿਯੋਗ ਨਾਲ ਹੀ ਖਿਡਾਰਨਾਂ ਲਈ ਖੁਰਾਕ ਮੁਹੱਈਆ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਕੁਝ ਸਮਾਂ ਪਹਿਲਾਂ ਸੀਨੀਅਰ ਤੇ ਜੂਨੀਅਰ ਸਟੇਟ ਚੈਂਪੀਅਨਸ਼ਿਪ ਵਿੱਚ ਇਸ ਕੁਸ਼ਤੀ ਅਖਾੜੇ ਦੀਆਂ ਲੜਕੀਆਂ ਜੋਤ, ਸਿਮਰਨ, ਰੁਪਿੰਦਰ ਤੇ ਕਿਰਨ ਨੇ ਚਾਰ ਸੋਨੇ ਅਤੇ ਇੱਕ ਚਾਂਦੀ ਦਾ ਤਮਗਾ ਜਿੱਤਿਆ ਸੀ। ਪਿੰਡ ਧੂੜਕੋਟ ਰਣਸੀਂਹ ਦੇ ਸੈਕੰਡਰੀ ਸਕੂਲ ਵਿੱਚ ਚੱਲ ਰਹੇ ਅਖਾੜੇ ਵਿੱਚ ਨਿਹਾਲ ਸਿੰਘ ਵਾਲਾ, ਰਣਸੀਂਹ, ਧੂੜਕੋਟ ਆਦਿ ਪਿੰਡਾਂ ਦੀਆਂ ਦਸ ਬਾਰਾਂ ਸਾਲ ਦੀਆਂ ਬੱਚੀਆਂ ਤੋਂ ਲੈ ਕੇ 72-75 ਕਿੱਲੋ ਵਜ਼ਨ ਦੀਆਂ ਪਹਿਲਵਾਨ ਕੁੜੀਆਂ ਵੀ ਕੁਸ਼ਤੀ ਦੇ ਗੁਰ ਸਿੱਖਦੀਆਂ ਹਨ। ਅਖਾੜਾ ਪ੍ਰਧਾਨ ਡਾ. ਹਰਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਇੱਥੇ ਨਿਹਾਲ ਸਿੰਘ ਵਾਲਾ ਤੇ ਨੇੜਲੇ ਪਿੰਡਾਂ ਦੀਆਂ ਕਿਰਤੀ ਮਜ਼ਦੂਰ ਘਰਾਂ ਦੀਆਂ ਲੜਕੀਆਂ ਪਹਿਲਵਾਨੀ ਦੇ ਗੁਰ ਸਿੱਖਦੀਆਂ ਹਨ। ਇਹ ਲੜਕੀਆਂ ਆਰਥਿਕ ਤੰਗੀ ਕਾਰਨ ਫਸਲੀ ਸੀਜ਼ਨਾਂ ਦੌੜਾਨ ਹਾੜੀ ਵੱਢਦੀਆਂ ਤੇ ਝੋਨਾ ਲਗਾਉਂਦੀਆਂ ਹਨ।
ਪ੍ਰਧਾਨ ਹਰਗੁਰਪਤਾਪ ਸਿੰਘ, ਸਰਪੰਚ ਪ੍ਰੀਤ ਇੰਦਰ ਪਾਲ ਸਿੰਘ ਮਿੰਟੂ, ਸਰਪੰਚ ਨਰਿੰਦਰ ਸਿੰਘ, ਸਕੱਤਰ ਸ਼ਿੰਦਰ ਸਿੰਘ, ਮਾ. ਰਵਿੰਦਰ ਸਿੰਘ, ਬਾਬਾ ਚਮਕੌਰ ਸਿੰਘ, ਡਾ. ਨਵਦੀਪ ਨੰਗਲ, ਸੋਨੀ ਪੰਚ ਨੇ ਮੰਗ ਕੀਤੀ ਕਿ ਕੁਸ਼ਤੀ ਅਖਾੜੇ ਨੂੰ ਕੁਸ਼ਤੀ ਖੇਡ ਵਿੰਗ ਬਣਾਇਆ ਜਾਵੇ ਤੇ ਖਿਡਾਰਨਾਂ ਲਈ ਰੋਜ਼ਾਨਾ ਖੁਰਾਕ ਦਾ ਪ੍ਰਬੰਧ ਕੀਤਾ ਜਾਵੇ। ਪਹਿਲਵਾਨ ਨਵਜੋਤ, ਕਿਰਨਦੀਪ, ਸਿਮਰਨ, ਰੁਪਿੰਦਰ ਆਦਿ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਖਿਡਾਰੀਆਂ ਨੂੰ ਸਹਿਯੋਗ ਸਹਾਇਤਾ ਕਰੇ ਤਾਂ ਓਲੰਪਿਕ ਆਦਿ ਖੇਡਾਂ ਵਿੱਚ ਤਮਗਿਆਂ ਦੀ ਝੜੀ ਲੱਗ ਸਕਦੀ ਹੈ। ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਖੇਡ ਮੰਤਰੀ ਨੂੰ ਮਿਲ ਕੇ ਅਖਾੜੇ ਦੀਆਂ ਲੋੜਾਂ ਬਾਰੇ ਦੱਸਿਆ ਹੈ ਤੇ ਜਲਦੀ ਹੀ ਪ੍ਰਬੰਧ ਕੀਤੇ ਜਾਣਗੇ।
ਕਿਸਾਨ ਆਗੂ ਵੱਲੋਂ ਅਖਾੜੇ ਦੀ ਵਿੱਤੀ ਮਦਦ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਆਗੂ ਹਰਜੀਵਨ ਸਿੰਘ ਖਹਿਰਾ ਨੇ ਪਹਿਲਵਾਨ ਲੜਕੀਆਂ ਦੀ ਪ੍ਰਾਪਤੀ ਤੋਂ ਖੁਸ਼ ਹੋ ਕੇ ਪੰਜ ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਹੈ। ਬਲਾਕ ਦੇ ਭਾਰਤੀ ਕਿਸਾਨ ਯੂਨੀਅਨ ਆਗੂ ਇੰਦਰਮੋਹਨ ਸਿੰਘ ਪੱਤੋ ਨੇ ਜੇਤੂ ਲੜਕੀਆਂ ਨੂੰ ਮੁਬਾਰਕਬਾਦ ਦਿੱਤੀ। ਕੁਸ਼ਤੀ ਅਖਾੜਾ ਦੇ ਪ੍ਰਧਾਨ ਡਾ. ਹਰਗੁਰਪ੍ਰਤਾਪ ਸਿੰਘ ਨੇ ਇਸ ਮਦਦ ਲਈ ਕਿਸਾਨ ਆਗੂਆਂ ਦਾ ਧੰਨਵਾਦ ਕੀਤਾ ਹੈ।