ਇਕਬਾਲ ਸਿੰਘ ਸ਼ਾਂਤ
ਲੰਬੀ, 6 ਜੂਨ
ਗਰੀਬ ਆਜੜੀ ਦੀਆਂ ਪੰਜ ਦੁਧਾਰੂ ਬੱਕਰੀਆਂ ਦੀ ਚੋਰੀ ਮਾਮਲੇ ਵਿੱਚ ਲੰਬੀ ਪੁਲੀਸ ਨਾ-ਸੁਣਵਾਈ ਅਤੇ ਗੈਰ-ਕਾਰਵਾਈ ਦੇ ਦੋਸ਼ਾਂ ’ਚ ਘਿਰ ਗਈ ਹੈ। ਪੀੜਤ ਆਜੜੀ ਨੇ ਇੱਕ ਜੂਨ ਦੀ ਦਰਖਾਸਤ ਦਿੱਤੀ ਹੋਈ ਹੈ। ਇਹ ਘਟਨਾ 30 ਮਈ 2020 ਦੀ ਰਾਤ ਨੂੰ ਵਾਪਰੀ ਸੀ। ਬੱਕਰੀਆਂ ਦੀ ਕੀਮਤ ਲਗਪਗ ਪੰਜਾਹ ਹਜ਼ਾਰ ਰੁਪਏ ਦੱਸੀ ਜਾਂਦੀ ਹੈ। ਦੋਸ਼ ਹੈ ਕਿ ਅੱਜ ਤੱਕ ਪੁਲਿਸ ਦਾ ਅਮਲਾ ਚੋਰੀ ਸਬੰਧੀ ਪੜਤਾਲ ਲਈ ਨਹੀਂ ਪੁੱਜਿਆ। ਹੈਰਾਨੀ ਦੀ ਗੱਲ ਹੈ ਕਿ ਪੀੜਤ ਆਜੜੀ ਵਿਜੈ ਸਿੰਘ ਨੇ ਬੱਕਰੀ ਚੋਰੀ ਕਰਨ ਵਾਲੇ ਵਿਅਕਤੀ ਦਾ ਨਾਂਅ, ਪਿੰਡ ਅਤੇ ਵਾਰਦਾਤ ਵਿੱਚ ਵਰਤੇ ਕੈਂਟਰ ਦਾ ਨੰਬਰ ਲੰਬੀ ਪੁਲੀਸ ਨੂੰ ਲਿਖਤੀ ਦਰਖਾਸਤ ਵਿੱਚ ਲਿਖ ਕੇ ਦਿੱਤਾ ਸੀ। ਪੀੜਤ ਆਜੜੀ ਨੇ ਲੰਬੀ ਪੁਲੀਸ ਵੱਲੋਂ ਸੁਣਵਾਈ ਨਾ ਹੋਣ ’ਤੇ ਐੱਸਐੱਸਪੀ ਸ੍ਰੀ ਮੁਕਤਸਰ ਸਾਹਿਬ ਨੂੰ ਦਰਖਾਸਤ ਭੇਜੀ ਹੈ। ਆਜੜੀ ਵਿਜੇ ਸਿੰਘ ਨੇ ਦੱਸਿਆ ਕਿ ਉਹ ਗਰੀਬ ਬੱਕਰੀਆਂ ਪਾਲ ਕੇ ਜ਼ਿੰਦਗੀ ਚਲਾਉਂਦਾ ਹੈ। ਕੁਝ ਦਿਨਾਂ ਤੋਂ ਉਸ ਕੋਲ ਮਹਿੰਦਰ ਸਿੰਘ ਵਾਸੀ ਪੂਹਲਾ ਅਤੇ ਉਸ ਦੇ ਸਾਲੇ ਦਾ ਲੜਕਾ ਵਾਸੀ ਆਧਨੀਆਂ ਉਸ ਤੋਂ ਬੱਕੀਆਂ ਲੈਣ ਲਈ ਗੇੜੇ ਮਾਰ ਰਹੇ ਸਨ। ਉਸ ਨੇ ਨਾਂਹ ਕਰ ਦਿੱਤੀ ਸੀ। ਵਿਜੇ ਸਿੰਘ ਨੇ ਦੋਸ਼ ਲਗਾਇਆ ਕਿ ਇਹ ਵਿਅਕਤੀ 30 ਜੂਨ ਦੀ ਰਾਤ ਨੂੰ ਕੈਂਟਰ ’ਤੇ ਉਸ ਦੀਆਂ ਪੰਜ ਦੁਧਾਰੂ ਬੱਕਰੀਆਂ ਚੋਰੀ ਕਰਕੇ ਲੈ ਗਏ। ਉਸ ਵੱਲੋਂ 1 ਜੂਨ ਨੂੰ ਦਰਖਾਸਤ ਦੇ ਬਾਅਦ ਲੰਬੀ ਪੁਲੀਸ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ। ਉਸ ਨੇ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਦੂਜੇ ਪਾਸੇ ਲੰਬੀ ਥਾਣਾ ਦੇ ਮੁਖੀ ਜਤਿੰਦਰ ਸਿੰਘ ਨੇ ਬੱਕਰੀ ਚੋਰੀ ਸੰਬੰਧੀ ਦਰਖਾਸਤ ਬਾਰੇ ਅਨਜਾਣਤਾ ਜਾਹਰ ਕਰਦਿਆਂ ਪੜਤਾਲ ਦਾ ਭਰੋਸਾ ਦਿੱਤਾ।