ਪੱਤਰ ਪ੍ਰੇਰਕ
ਮਾਨਸਾ, 21 ਸਤੰਬਰ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੀ ਧਰਤੀ ਹੇਠਲਾ ਪਾਣੀ ਹੁਣ ਜ਼ਹਿਰੀਲਾ ਹੋ ਕੇ ਬਿਮਾਰੀਆਂ ਫੈਲਾਅ ਰਿਹਾ ਹੈ, ਜਿਸ ਨਾਲ ਮਾਨਵ ਜਾਤੀ ਤੋਂ ਇਲਾਵਾ ਪਸ਼ੂ ਧਨ ਵੀ ਇਸ ਦੀ ਲਪੇਟ ਵਿੱਚ ਆ ਗਿਆ ਹੈ ਅਤੇ ਖੇਤੀਬਾੜੀ ਵੀ ਜ਼ਹਿਰੀਲੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਅਦਾਲਤਾਂ ਦੇ ਹੁਕਮ ਹਨ ਕਿ ਦੂਸ਼ਿਤ ਪਾਣੀ ਕਾਰਨ ਧਰਤੀ ਹੇਠਲਾ ਪਾਣੀ ਜ਼ਹਿਰੀਲਾ ਹੋਣ ਲਈ ਸਬੰਧਤ ਅਧਿਕਾਰੀਆਂ, ਕਮੇਟੀਆਂ ਅਤੇ ਸਰਕਾਰਾਂ ਨੂੰ ਜੁਰਮਾਨੇ ਕੀਤੇ ਜਾ ਸਕਦੇ ਹਨ, ਪਰ ਪੰਜਾਬ ਦਾ ਮੌਜੂਦਾ ਪ੍ਰਬੰਧ ਅਜਿਹਾ ਹੋ ਗਿਆ ਹੈ ਕਿ ਇਸ ਜ਼ਹਿਰੀਲੇਪਣ ਲਈ ਸਾਰੇ ਹੀ ਕਸੂਰਵਾਰ ਹੋਣ ਲੱਗੇ ਹਨ। ਉਹ ਅੱਜ ਇੱਥੇ ਬਾਬਾ ਭਾਈ ਗੁਰਦਾਸ ਟੋਬੇ ਦੀ ਮਾੜੀ ਹਾਲਤ ਦਾ ਜਾਇਜ਼ਾ ਲੈਣ ਤੋਂ ਬਾਅਦ ਚਿੰਤਾ ਪ੍ਰਗਟ ਕਰਦੇ ਹੋਏ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ।
ਉਨ੍ਹਾਂ ਡੇਰਾ ਬਾਬਾ ਭਾਈ ਗੁਰਦਾਸ ਦੇ ਮੁਖੀ ਸੰਤ ਅੰਮ੍ਰਿਤ ਮੁਨੀ ਨੂੰ ਸੱਦਾ ਭੇਜ ਕੇ ਸੱਦਿਆ ਅਤੇ ਮੰਗ ਕੀਤੀ ਕਿ ਉਹ ਟੋਬੇ ਦੀ ਹਾਲਤ ਅਤੇ ਮਾਨਸਾ ਜ਼ਿਲ੍ਹੇ ਦਾ ਪਾਣੀ ਗੰਧਲਾ ਤੇ ਜ਼ਹਿਰੀਲਾ ਹੋਣ ਦੀ ਸੂਚਨਾ ਸਰਕਾਰ ਤੱਕ ਪਹੁੰਚਾਉਣ। ਸੰਤ ਸੀਚੇਵਾਲ ਨੇ ਕਿਹਾ ਕਿ ਸਿਰਫ ਮਾਨਸਾ ਦੇ ਟੋਬੇ ਦੀ ਹੀ ਹਾਲਤ ਮਾੜੀ ਨਹੀਂ ਹੈ, ਸਗੋਂ ਪੰਜਾਬ ਦੇ ਬਹੁਤੇ ਟੋਬਿਆਂ ਦੀ ਹਾਲਤ ਬੇਹੱਦ ਮਾੜੀ ਹੋਈ ਪਈ ਹੈ ਅਤੇ ਲੋਕ ਇਨ੍ਹਾਂ ਉੱਪਰ ਨਾ ਆਪਣੇ ਪਸ਼ੂ ਲਿਜਾਂਦੇ ਹਨ ਅਤੇ ਨਾ ਹੀ ਇਨ੍ਹਾਂ ਦਾ ਪਾਣੀ ਮਨੁੱਖਾਂ ਲਈ ਵਰਤੋਂ ਵਿੱਚ ਆਉਣਯੋਗ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਟੋਬਿਆਂ ਲਈ ਕਦੇ ਕੋਈ ਹਕੂਮਤ ਗੰਭੀਰ ਨਹੀਂ ਹੋਈ ਹੈ।
ਸੰਤ ਸੀਚੇਵਾਲ ਨੇ ਕਿਹਾ ਕਿ ਟੋਬਿਆਂ, ਛੱਪੜਾਂ ਤੇ ਡਰੇਨਾਂ ਆਦਿ ਦਾ ਜ਼ਹਿਰੀਲਾ ਹੋ ਰਿਹਾ ਪਾਣੀ ਟਰੀਟ ਕਰ ਕੇ ਖੇਤੀ ਲਈ ਵਰਤਿਆ ਜਾ ਸਕਦਾ ਹੈ ਅਤੇ ਇਹ ਪਾਣੀ ਖੇਤੀ ਵਾਸਤੇ ਵਰਦਾਨ ਸਿੱਧ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਹੁਣ ਹਾਲਤ ਇਹ ਹੋ ਗਈ ਹੈ ਕਿ ਅੱਜ ਧਰਤੀ ਹੇਠਲਾ ਪਾਣੀ ਵੀ ਜ਼ਹਿਰੀਲਾ, ਗੰਧਲਾ ਹੋ ਗਿਆ ਹੈ ਤੇ ਪੀਣਯੋਗ ਨਹੀਂ ਰਿਹਾ ਹੈ ਅਤੇ ਜਮੀਨਾਂ ਨੂੰ ਵੀ ਬਿਮਾਰੀਆਂ ਹੋਣ ਲੱਗੀਆਂ ਹਨ, ਜਦੋਂ ਕਿ ਕਈ ਥਾਵਾਂ ’ਤੇ ਧਰਤੀ ਨੂੰ ਵੀ ਕੈਂਸਰ ਹੋ ਚੁੱਕਾ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਜ਼ਹਿਰੀਲੇ ਅਤੇ ਦੂਸ਼ਿਤ ਹੋ ਚੁੱਕੇ ਪਾਣੀ ਦਾ ਮੁੱਦਾ ਪੰਜਾਬ ਸਰਕਾਰ ਕੋਲ ਅਤੇ ਰਾਜ ਸਭਾ ਵਿੱਚ ਚੁੱਕਣਗੇ। ਜੇਕਰ ਸਰਕਾਰਾਂ ਨੇ ਇਸ ਲਈ ਵਿਸ਼ੇਸ਼ ਬਜਟ ਨਿਰਧਾਰਤ ਨਾ ਕੀਤਾ ਤਾਂ ਪੰਜਾਬ ਦੇ ਲੋਕ ਦੂਸ਼ਿਤ ਪਾਣੀ ਤੋਂ ਹੋਰ ਸਿੱਟੇ ਭੁਗਤਣਗੇ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਉਹ ਮਾਨਸਾ ਦੇ ਇਸ ਸਦੀ ਤੋਂ ਵੱਧ ਪੁਰਾਣੇ ਟੋਬੇ ਦੀ ਰਿਪੋਰਟ ਬਣਾ ਕੇ ਭੇਜਣ। ਇਸ ਮੌਕੇ ਸੰਤ ਬਲਬੀਰ ਸਿੰਘ ਨੂੰ ਸ਼ਹਿਰ ਵਾਸੀਆਂ ਨੇ ਅੰਮ੍ਰਿਤ ਮੁਨੀ ਦੀ ਅਗਵਾਈ ਵਿੱਚ ਟੋਬੇ ਸਬੰਧੀ ਮੰਗ ਪੱਤਰ ਵੀ ਸੌਂਪਿਆ।