ਪਰਮਜੀਤ ਸਿੰਘ
ਫਾਜ਼ਿਲਕਾ, 10 ਸਤੰਬਰ
ਫਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਰੇਲਵੇ ਪੁਲ ਨੇੜੇ ਇਕ ਟਰੱਕ ਚਾਲਕ ਨੇ ਬੱਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਸਵਾਰੀਆਂ ਵਾਲ-ਵਾਲ ਬੱਚ ਗਈਆਂ। ਹਾਲਾਂਕਿ ਇਸ ਹਾਦਸੇ ਵਿਚ ਬੱਸ ਨੁਕਸਾਨੀ ਗਈ। ਬੱਸ ਡਰਾਈਵਰ ਹਰਭਜਨ ਸਿੰਘ ਨੇ ਦੱਸਿਆ ਕਿ ਉਹ ਬੱਸ ਲੈ ਕੇ ਫਾਜ਼ਿਲਕਾ ਤੋਂ ਫਿਰੋਜ਼ਪੁਰ ਜਾ ਰਹੇ ਸਨ ਅਤੇ ਉਹ ਸਵਾਰੀਆਂ ਉਤਾਰ ਕੇ ਬੱਸ ਮੋੜ ਰਿਹਾ ਸੀ ਤਾਂ ਪਿੱਛੇ ਤੋਂ ਇਕ ਘੋੜਾ ਟਰਾਲੇ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਬੱਸ ਦਾ ਕਾਫ਼ੀ ਨੁਕਸਾਨ ਹੋਇਆ ਜਦਕਿ ਬੱਸ ’ਚ ਸਵਾਰ 50-60 ਸਵਾਰੀਆਂ ਵਾਲ-ਵਾਲ ਬੱਚ ਗਈਆਂ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਸ ਨੇ ਦੱਸਿਆ ਕਿ ਟਰੱਕ ਚਾਲਕ ਮੋਬਾਈਲ ’ਚ ਰੁੱਝਿਆ ਸੀ, ਜਿਸ ਕਰਕੇ ਇਹ ਹਾਦਸਾ ਹੋਇਆ ਹੈ। ਬੱਸ ਡਰਾਈਵਰ ਨੇ ਦੱਸਿਆ ਕਿ ਉਸ ਦੇ ਨੁਕਸਾਨ ਦੀ ਪੂਰਤੀ ਕਰਦਿਆਂ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉੱਧਰ ਟਰੱਕ ਚਾਲਕ ਦਾ ਕਹਿਣਾ ਹੈ ਕਿ ਬੱਸ ਚਾਲਕ ਵੱਲੋਂ ਅਚਾਨਕ ਬੱਸ ਮੋੜ ਦਿੱਤੀ ਗਈ ਜਿਸ ਕਾਰਨ ਇਹ ਹਾਦਸਾ ਹੋਇਆ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਟਰੱਕ ਚਾਲਕ ਦੇ ਕਾਗਜ਼ ਲੈ ਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।