ਜਸਵੰਤ ਜੱਸ
ਫ਼ਰੀਦਕੋਟ, 27 ਜੁਲਾਈ
ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਖੇਤੀ-ਮਾਹਿਰਾਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਨਰਮੇ ਦੀ ਫਸਲ ਦਾ ਸਰਵੇਖਣ ਕੀਤਾ ਗਿਆ। ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਨਿਰੀਖਣ ਟੀਮ ਵਿੱਚ ਖੇਤੀਬਾੜੀ ਅਫ਼ਸਰ ਡਾ. ਜਗਸੀਰ ਸਿੰਘ, ਡਾ. ਸੁਰਜੀਤ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਰੁਪਿੰਦਰ ਸਿੰਘ ਗਿੱਲ, ਡਾ. ਸਤਬੀਰ ਸਿੰਘ, ਡਾ. ਨਿਸ਼ਾਨ ਸਿੰਘ, ਖੁਸ਼ਵੰਤ ਸਿੰਘ ਸ਼ਾਮਿਲ ਸਨ ਜਿੰਨ੍ਹਾਂ ਨੇ ਫਰੀਦਕੋਟ ਜਿ਼ਲ੍ਹੇ ਦੇ ਪਿੰਡਾਂ ਟਹਿਣਾ, ਨਰਾਇਣਗੜ੍ਹ, ਜਲਾਲੇਆਣਾ, ਦੁਆਰੇਆਣਾ, ਵਾੜਾ-ਦਰਾਕਾ, ਖਾਰਾ, ਚੰਦਭਾਨ ਆਦਿ ਵਿੱਚ ਨਰਮੇ ਖੇਤਾਂ ਦਾ ਸਰਵੇਖਣ ਕੀਤਾ ਗਿਆ। ਡਾ. ਸੁਰਜੀਤ ਸਿੰਘ ਨੇ ਦੱਸਿਆ ਕਿ ਬਹੁਤੇ ਖੇਤਾਂ ਵਿੱਚ ਚਿੱਟੀ ਮੱਖੀ ਦਾ ਹਮਲਾ ਈ.ਟੀ.ਐਲ. ਪੱਧਰ ਤੋਂ ਜ਼ਿਆਦਾ ਪਾਇਆ ਗਿਆ ਜਿਸ ਤੋਂ ਬਚਾਅ ਲਈ ਕਿਸਾਨਾਂ ਨੂੰ ਸਫੀਨਾ, ਪੋਲੋ ਤੇ 5 ਦਿਨ ਬਾਅਦ ਲੈਨੋ ਦਵਾਈ ਦੀ ਸਪਰੇਅ ਕਰਨ ਦੀ ਸਲਾਹ ਦਿਤੀ ਗਈ। ਇਸ ਸਬੰਧੀ ਕਿਸਾਨਾਂ ਨੂੰ ਇਹ ਸਪਰੇਅ ਸ਼ਾਮ ਨੂੰ 150 ਲਿਟਰ ਪਾਣੀ ਪ੍ਰਤੀ ਏਕੜ ਵਰਤਣ ਅਤੇ ਗੈਰ ਸਿਫਾਰਸ਼ ਮੋਨੋਕਰੋਟੋਫਾਸ ਵਰਗੀਆਂ ਦਵਾਈਆਂ ਦੀ ਨਰਮੇ ’ਤੇ ਸਪਰੇਅ ਨਾ ਕਰਨ ਦੀ ਸਲਾਹ ਦਿੱਤੀ ਗਈ। ਅਗੇਤੇ ਬੀਜੇ ਨਰਮੇ ਉਪਰ 13:0:45 (ਪੋਟਾਸ਼ੀਅਮ ਨਾਈਟਰੇਟ 2x) ਦੀ ਸਿਫਾਰਸ਼ ਕੀਤੀ ਗਈ ਅਤੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਬਾਰੇ ਵੀ ਸੁਚੇਤ ਰਹਿਣ ਲਈ ਕਿਹਾ ਗਿਆ। ਮੁੱਖ ਖੇਤੀਬਾੜੀ ਅਫਸਰ ਵੱਲੋਂ ਕਿਸਾਨ ਵੀਰਾਂ ਨੂੰ ਨਰਮੇ ਨੂੰ ਵਾਹੁਣ ਤੋਂ ਪਹਿਲਾਂ ਮਹਿਕਮੇ ਨਾਲ ਸੰਪਰਕ ਕਰਨ ਲਈ ਕਿਹਾ ਗਿਆ। ਉਨ੍ਹਾਂ ਕਿਸਾਨਾਂ ਅਤੇ ਦਵਾਈ ਵਿਕਰੇਤਾਵਾਂ ਨੂੰ ਸਿਫਾਰਸ਼ ਕੀਤੀਆਂ ਦਵਾਈਆਂ ਹੀ ਵਰਤਣ ਦੀ ਅਪੀਲ ਕੀਤੀ ਅਤੇ ਗੈਰ ਮਿਆਰੀ ਤੇ ਘਟੀਆ ਕਿਸਮ ਦੀਆਂ ਦਵਾਈਆਂ ਦੀ ਵਰਤੋਂ ਸਾਹਮਣੇ ਆਉਣ ’ਤੇ ਸਖ਼ਤ ਕਾਰਵਾਈ ਦੀ ਤਾੜਣਾ ਕੀਤੀ।
ਸਰਦੂਲਗੜ੍ਹ (ਬਲਜੀਤ ਸਿੰਘ): ਨਰਮੇ ਦੀ ਫਸਲ ’ਤੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਹੋਏ ਹਮਲੇ ਨੂੰ ਵੇਖਦਿਆਂ ਬਲਾਕ ਖੇਤੀਬਾੜੀ ਅਫਸਰ ਝੁਨੀਰ ਡਾ. ਸੁਰੇਸ਼ ਕੁਮਾਰ ਵੱਲੋਂ ਆਪਣੀ ਟੀਮ ਸਮੇਤ ਪਿੰਡ ਕੋਟ ਧਰਮੂ, ਭੰਮੇ ਕਲਾਂ, ਭੰਮੇ ਖੁਰਦ, ਰਾਮਾਨੰਦੀ ਅਤੇ ਦਸੌਧੀਆ ਆਦਿ ਪਿੰਡਾਂ ਦਾ ਦੌਰਾ ਕਰਕੇ ਨਰਮੇ ਦੀ ਫ਼ਸਲ ਦਾ ਸਰਵੇਖਣ ਕੀਤਾ ਗਿਆ| ਬਲਾਕ ਅਫਸਰ ਨੇ ਦੱਸਿਆ ਕਿ ਨਰਮੇ ਦੀ ਫਸਲ ’ਤੇ ਚਿੱਟੀ ਮੱਖੀ ਦਾ ਹਮਲਾ ਗੁਲਾਬੀ ਸੁੰਡੀ ਨਾਲੋਂ ਵੱਧ ਨਜ਼ਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡ ਦਸੌਧੀਆ ਵਿਖੇ ਗੁਲਾਬੀ ਸੁੰਡੀ ਵੱਧ ਪਾਈ ਗਈ ਹੈ ਤੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਗਈ ਕਿ ਖੇਤੀਬਾੜੀ ਵਿਭਾਗ ਦੀ ਸਿਫਾਰਿਸ਼ ਮੁਤਾਬਕ ਹੀ ਸਪਰੇਅ ਕੀਤੀ ਜਾਵੇ ਅਤੇ ਇੱਕ ਤੋਂ ਵੱਧ ਸਪਰੇਆਂ ਨੂੰ ਮਿਲਾ ਕੇ ਛਿੜਕਾਅ ਨਾ ਕੀਤਾ ਜਾਵੇ| ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ ਦਾ ਲਗਾਤਾਰ ਨਿਰੀਖਣ ਕਰਦੇ ਰਹਿਣ ਤੇ ਖੇਤੀਬਾੜੀ ਵਿਭਾਗ ਦੀ ਸਿਫਾਰਿਸ਼ ਮੁਤਾਬਕ ਹੀ ਲੋੜ ਪੈਣ ’ਤੇ ਸਪਰੇਅ ਕੀਤੀ ਜਾਵੇ| ਚਿੱਟੀ ਮੱਖੀ ਦੇ ਹਮਲੇ ਨੂੰ ਰੋਕਣ ਲਈ ਸਫੀਨਾ 400 ਮਿ ਲੀ, ਉਲਾਲਾ 80 ਗ੍ਰਾਮ, ਜਾਂ ਓਸ਼ੀਨ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾਵੇ|
ਇਸੇ ਦੌਰਾਨ ਨਰਮੇ ਦੀ ਫ਼ਸਲ ਤੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦਾ ਹਮਲਾ ਤੇਜ਼ ਹੋ ਗਿਆ ਹੈ। ਕਿਸਾਨਾਂ ਵੱਲੋਂ ਪਿਛਲੇ ਸਾਲ ਹੋਈ ਨਰਮੇ ਦੀ ਤਬਾਹੀ ਨੂੰ ਵੇਖਦਿਆਂ ਕਿਸਾਨ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦੇ ਡਰ ਕਾਰਨ ਆਪਣੀ ਨਰਮੇ ਦੀ ਫਸਲ ਨੂੰ ਖੇਤਾਂ ਵਿੱਚ ਹੀ ਵਾਹੁਣ ਲੱਗ ਪਏ ਹਨ। ਇਸ ਲੜੀ ਤਹਿਤ ਹੀ ਪਿੰਡ ਭੱਲਣਵਾੜਾ ਦੇ ਕਿਸਾਨ ਵੀਰ ਸਿੰਘ ਨੇ 3 ਏਕੜ, ਪਿੰਡ ਅਹਾਲੂਪੁਰ ਦੇ ਕਿਸਾਨ ਰਾਜਿੰਦਰ ਸਿੰਘ ਨੇ ਸਾਢੇ ਤਿੰਨ ਏਕੜ, ਪਿੰਡ ਭੂੰਦੜ ਦੇ ਕਿਸਾਨ ਲਾਭ ਸਿੰਘ ਨੇ ਢਾਈ ਏਕੜ ਅਤੇ ਪਿੰਡ ਪੇਰੋ ਦੇ ਕਿਸਾਨ ਬੋਘਾ ਸਿੰਘ ਨੇ 5 ਏਕੜ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਤੋਂ ਤੰਗ ਆ ਕੇ ਵਾਹ ਦਿੱਤੀ। ਭਾਰਤੀ ਕਿਸਾਨ ਯੂਨੀਅਨ ਮਾਲਵਾ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਅਤੇ ਭਾਰਤੀ ਕਿਸਾਨ ਯੂਨੀਅਨ ਮਾਨਸਾ ਦੇ ਆਗੂ ਪ੍ਰਧਾਨ ਜਗਪਾਲ ਸਿੰਘ, ਪ੍ਰਗਟ ਸਿੰਘ ਆਦਿ ਨੇ ਕਿਹਾ ਕਿ ਸਬੰਧਤ ਮਹਿਕਮਾ ਖੇਤਾਂ ’ਚ ਜਾ ਕੇ ਸਿਰਫ਼ ਖਾਨਾਪੂਰਤੀ ਕਰ ਰਿਹਾ ਹੈ।
ਸਰਕਾਰ ਨੁਕਸਾਨੀ ਫਸਲ ਦਾ ਤੁਰੰਤ ਮੁਆਵਜ਼ਾ ਦੇਵੇ: ਕਿਸਾਨ ਯੂਨੀਅਨ
ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਕੋਟਲੀ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ, ਗਿੱਦੜਬਾਹਾ ਬਲਾਕ ਦੇ ਪ੍ਰਧਾਨ ਗੁਰਮੀਤ ਸਿੰਘ ਬਿੱਟੂ ਮੱਲਣ, ਇਕਾਈ ਪ੍ਰਧਾਨ ਬਿੱਕਰ ਸਿੰਘ ਭਲਾਈਆਣਾ ਨੇ ਆਪ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਅਤੇ ਆਮ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਬਣਨ ਤੇ ਜੇਕਰ ਕਿਸਾਨਾਂ ਦੀ ਫਸਲ ਹੜ੍ਹਾਂ, ਭਾਰੀ ਬਾਰਸ਼ਾਂ ਜਾਂ ਕੁਦਰਤੀ ਆਫਤਾਂ ਨਾਲ ਮਾਰੀ ਜਾਏਗੀ ਤਾਂ ਗਿਰਦਾਵਰੀ ਤੋਂ ਪਹਿਲਾਂ ਕਿਸਾਨਾਂ ਦੇ ਖਾਤੇ ਵਿੱਚ ਜ਼ਮੀਨ ਦੇ ਠੇਕੇ ਦਾ ਅੱਧਾ ਮੁਆਵਜ਼ਾ ਪਾ ਦਿੱਤਾ ਜਾਵੇਗਾ। ਕਰਜ਼ਾਈ ਮਜ਼ਦੂਰ ਕਿਸਾਨ ਤਾਂ ਪਹਿਲਾਂ ਹੀ ਖੁਦਕਸ਼ੀਆਂ ਕਰ ਰਹੇ ਹਨ ਪਰ ਸਰਕਾਰ ਨੇ ਪਿਛਲੇ ਦਿਨਾਂ ’ਚ ਭਾਰੀ ਬਾਰਸ਼ਾਂ ਕਾਰਨ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਝੋਨਾ, ਮੱਕੀ ਮੂੰਗੀ, ਨਰਮਾ ਹਰਾ ਚਾਰਾ, ਸਬਜ਼ੀਆਂ ਪਾਣੀ ਨਾਲ ਖ਼ਰਾਬ ਹੋਈਆਂ ਪਰ ਸਰਕਾਰ ਨੇ ਅਜੇ ਤਕ ਮੁਆਵਜ਼ਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਗ਼ਰੀਬ ਪਰਿਵਾਰਾਂ ਦੇ ਘਰ ਢਹਿ ਗਏ ਸਨ ਅਜੇ ਤੱਕ ਨਾ ਉਸ ਦਾ ਵੀ ਮੁਆਵਜ਼ਾ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਮਾਲਵਾ ਪੱਟੀ ਵਿੱਚ ਗੁਲਾਬੀ ਸੁੰਡੀ ਦੇ ਪ੍ਰਕੋਪ ਕਾਰਨ ਕਿਸਾਨ ਅੱਜ ਆਪਣੀ ਨਰਮੇ ਦੀ ਫ਼ਸਲ ਵਾਹੁਣ ਲਈ ਮਜਬੂਰ ਹਨ ਪਰ ਸਰਕਾਰ ਨੇ ਕਿਸਾਨਾਂ ਦੀ ਕੋਈ ਸਾਰ ਨਹੀਂ ਲਈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਮੁਆਵਜ਼ਾ ਤੁਰੰਤ ਜਾਰੀ ਕਰੇ। ਨਕਲੀ ਬੀਜਾਂ, ਰੇਹਾਂ, ਸਪਰੇਆਂ ਵੇਚਣ ਵਾਲਿਆਂ ’ਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਦੀ ਸੰਪਤੀ ਜ਼ਬਤ ਕੀਤੀ ਜਾਵੇ ਨਹੀਂ ਤਾਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ।