ਨਿੱਜੀ ਪੱਤਰ ਪ੍ਰੇਰਕ
ਮਲੋਟ, 17 ਸਤੰਬਰ
ਲੰਘੇ ਸਮੇਂ ਵਿੱਚ ਆਮ ਆਦਮੀ ਪਾਰਟੀ ਦੇ ਮੁਅੱਤਲ ਕੀਤੇ ਸ਼ਹਿਰੀ ਬਲਾਕ ਪ੍ਰਧਾਨ ਰਾਜੀਵ ਕੁਮਾਰ ਉੱਪਲ, ਜਨਰਲ ਸਕੱਤਰ ਸਾਹਿਲ ਕੁਮਾਰ ਮੋਂਗਾ ਅਤੇ ਗੁਰਮੇਲ ਸਿੰਘ ਸਰਾਂ ਸਮੇਤ ਦਰਜਨ ਹੋਰ ਸਥਾਨਕ ਮੈਂਬਰਾਂ ਨੇ ਮੀਟਿੰਗ ਦੌਰਾਨ ‘ਆਪ’ ਦੇ ਚੋਣ ਮੈਨੀਫੈਸਟੋ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਹਨ। ਇਸ ਮੌਕੇ ਉਨ੍ਹਾਂ ਕਾਲੀਆਂ ਝੰਡੀਆਂ ਚੁੱਕਣ ਦੀ ਗੱਲ ਵੀ ਆਖੀ ਹੈ। ਰਾਜੀਵ ਕੁਮਾਰ ਉੱਪਲ ਨੇ ਇਹ ਮਸਲਾ ਆਪਣੇ ਫੇਸਬੁੱਕ ਅਕਾਊਂਂਟ ’ਤੇ ਜੱਗ-ਜਾਹਰ ਕਰਨ ਦੇ ਨਾਲ-ਨਾਲ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਤੇ ਹੋਰਨਾਂ ਨੂੰ ਵੀ ਟੈਗ ਕੀਤਾ ਹੈ। ਜ਼ਿਕਰਯੋਗ ਹੈ ਕਿ ਲੰਘੇ ਸਮੇਂ ਵਿੱਚ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਇਨ੍ਹਾਂ ਆਗੂਆਂ ਨੂੰ ਪਾਰਟੀ ‘ਚੋ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਪਿਛਲੇ ਦਿਨੀਂ ਇਨ੍ਹਾਂ ਆਗੂਆਂ ’ਤੇ ਡਿੱਪੂ ਹੋਲਡਰ ਨਾਲ ਹੋਈ ਤਲਖ਼ੀ ਉਪਰੰਤ ਥਾਣਾ ਸਿਟੀ ਮਲੋਟ ਵਿੱਚ ਪੁਲੀਸ ਕੇਸ ਵੀ ਦਰਜ ਕੀਤਾ ਗਿਆ ਸੀ। ਉਧਰ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਚੋਣ ਮਨੋਰਥ ਪੱਤਰ ਵਿਚ ਕੀਤਾ ਹਰ ਵਾਅਦਾ ਪੂਰਾ ਕਰਨ ਲਈ ਯਤਨਸ਼ੀਲ ਹੈ। ਆਉਣ ਵਾਲੇ ਸਮੇਂ ਵਿੱਚ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।