ਪੱਤਰ ਪ੍ਰੇਰਕ
ਮਾਨਸਾ, 25 ਮਈ
ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਾਂਗਰਸ ਹਕੂਮਤ ਦੌਰਾਨ ਬਣੇ ਸਮਾਰਟ ਸਕੂਲ ਚੰਗੇ ਲੱਗਣ ਲੱਗੇ ਹਨ। ਪੰਜਾਬ ਭਰ ਦੇ ਪਿੰਡਾਂ ਤੇ ਸ਼ਹਿਰਾਂ ’ਚ ਹੁਣ ‘ਸਮਾਰਟ ਸਕੂਲ, ਸਮਾਰਟ ਸਿੱਖਿਆ’ ਦੇ ਵੱਡੇ ਹੋਰਡਿੰਗਾਂ ’ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਫੋਟੋ ਲਾ ਕੇ ਸਰਕਾਰੀ ਸਕੂਲਾਂ ਵਿੱਚ ਨਵੇਂ ਦਾਖਲਿਆਂ ਲਈ ਦੁਹਾਈ ਦਿੱਤੀ ਜਾਣ ਲੱਗੀ ਹੈ। ਜਦੋਂ ਕਿ ਕਾਂਗਰਸ ਹਕੂਮਤ ਦੌਰਾਨ ‘ਆਪ’ ਦੇ ਆਗੂ ਇਨ੍ਹਾਂ ਸਮਾਰਟ ਸਕੂਲਾਂ ਨੂੰ ਸਿਰਫ ਰੰਗ ਨਾਲ ਕੀਤੀ ਲਿਪਾ ਪੋਚੀ ਆਖ ਕੇ ਭੰਡ ਰਹੇ ਸਨ। ਉਧਰ ਰਾਜ ਦੀਆਂ ਅਧਿਆਪਕ ਜਥੇਬੰਦੀਆਂ ਨੇ ਮਾਨ ਸਰਕਾਰ ਵੱਲੋਂ ਸਿਰਫ 117 ਹਲਕਿਆਂ ਦੇ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਬਣਾਉਣ ਦੇ ਮਾਮਲੇ ਨੂੰ ਡਰਾਮਾ ਕਰਾਰ ਦਿੱਤਾ। ਆਗੂਆਂ ਨੇ ਕਿਹਾ ਕਿ ਸਿਰਫ ਸੋਹਣੀਆਂ ਇਮਾਰਤਾਂ ਨਾਲ ਸਮਾਰਟ ਸਿੱਖਿਆ ਨਹੀਂ ਦਿੱਤੀ ਜਾ ਸਕਦੀ। ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਦਿਗਵਿਜੈ ਪਾਲ ਸ਼ਰਮਾ ਨੇ ਹੈਰਾਨੀ ਜ਼ਾਹਿਰ ਕੀਤੀ ਹੈ ਕਿ ਆਜ਼ਾਦੀ ਦੇ ਲਗਪਗ 75 ਸਾਲਾਂ ਦੌਰਾਨ ਪੰਜਾਬ ਦੀਆਂ ਹਕੂਮਤਾਂ ਸਰਕਾਰੀ ਸਕੂਲਾਂ ਵਿੱਚ ਸਫਾਈ ਦਾ ਪ੍ਰਬੰਧ ਨਹੀਂ ਕਰ ਸਕੀਆਂ। ਈਟੀਟੀ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਜਗਸੀਰ ਸਹੋਤਾ ਨੇ ਕਿਹਾ ਕਿ ਝਾੜੂ ਵਾਲੀ ਸਰਕਾਰ ਵੀ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਫਾਈ ਦਾ ਕੋਈ ਪ੍ਰਬੰਧ ਨਾ ਕਰ ਸਕੀ ਤੇ ਅਧਿਆਪਕਾਂ ਦੀਆਂ ਕਈ ਅਸਾਮੀਆਂ ਖਾਲੀ ਪਈਆਂ ਹਨ।
ਮਮਦੋਟ ਦੇ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਦਾ ਭਵਿੱਖ ਧੁੰਦਲਾ
ਮਮਦੋਟ (ਜਸਵੰਤ ਸਿੰਘ ਥਿੰਦ): ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਮਦੋਟ ਵਿੱਚ ਅਧਿਆਪਕਾਂ ਅਤੇ ਕਮਰਿਆਂ ਦੀ ਘਾਟ ਕਾਰਨ ਵਿਦਿਆਰਥਣਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘ਆਪ’ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਪ੍ਰਾਈਵੇਟ ਸਕੂਲਾਂ ਤੋਂ ਵਧੀਆ ਬਣਾਉਣ ਦੇ ਕੀਤੇ ਜਾਂਦੇ ਦਾਅਵਿਆਂ ਦੀ ਫ਼ੂਕ ਨਿਕਲਦੀ ਨਜ਼ਰ ਆ ਰਹੀ ਹੈ। ਸਕੂਲ ਪ੍ਰਿੰਸੀਪਲ ਰੁਬੀਨਾ ਚੌਪੜਾ ਮੁਤਾਬਕ ਇਸ ਸਮੇਂ ਸਕੂਲ ਵਿਚ 1200 ਦੇ ਕਰੀਬ ਲੜਕੀਆਂ ਪੜ੍ਹਾਈ ਕਰ ਰਹੀਆਂ ਹਨ, ਜਿਨ੍ਹਾਂ ਨੂੰ ਬਿਠਾਉਣ ਵਾਸਤੇ 30 ਕਮਰਿਆਂ ਦੀ ਜ਼ਰੂਰਤ ਹੈ। ਜਾਣਕਾਰੀ ਮੁਤਾਬਕ ਲੜਕੀਆਂ ਦੇ ਇਸ ਸਕੂਲ ਨੂੰ ਭੀੜ ਵਾਲੇ ਹਿੱਸੇ ਵਿੱਚੋਂ ਕੱਢ ਕੇ ਕਰੋੜਾਂ ਰੁਪਏ ਦੀ ਲਾਗਤ ਨਾਲ ਪਿੰਡ ਜੋਧਪੁਰ ਦੇ ਨਜ਼ਦੀਕ ਬਣੀ ਨਵੀਂ ਇਮਾਰਤ ਵਿਚ 2017 ’ਚ ਸ਼ੁਰੂ ਕੀਤਾ ਗਿਆ ਸੀ। ਇਸ ਸਕੂਲ ਵਿੱਚ ਸਕੂਲ ਪ੍ਰਿੰਸੀਪਲ ਵਾਸਤੇ ਦਫ਼ਤਰ ਨਾ ਹੋਣ ਕਾਰਨ ਕਲਾਸਰੂਮ ਦੀ ਵੰਡ ਕਰਕੇ ਉਸ ਨੂੰ ਦਫ਼ਤਰ ਦਾ ਰੂਪ ਦਿੱਤਾ ਗਿਆ। ਇਸ ਤੋਂ ਇਲਾਵਾ ਸਕੂਲ ਲਾਇਬਰੇਰੀ ਤੋਂ ਵੀ ਵਾਂਝਾ ਹੈ। ਸਕੂਲ ਪ੍ਰਬੰਧਕਾਂ ਮੁਤਾਬਕ ਸਕੂਲ ਵਿਚ ਕੁੱਲ 12 ਲੈਕਚਰਾਰਾਂ ਦੀਆਂ ਆਸਾਮੀਆਂ ਵਿੱਚੋਂ ਸੱਤ ਖਾਲੀ ਹਨ। ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਕੂਲ ਵਿਚ ਲੈਕਚਰਾਰਾਂ ਦੀ ਘਾਟ ਤੁਰੰਤ ਪੂਰਾ ਕੀਤਾ ਜਾਵੇ।