ਚੰਦਰ ਪ੍ਰਕਾਸ਼ ਕਾਲੜਾ
ਜਲਾਲਾਬਾਦ, 25 ਫਰਵਰੀ
ਸ਼ਹਿਰ ਦੇ ਜਨਤਾ ਭਵਨ ਨਜ਼ਦੀਕ ਟਰਾਲੀ ਸਾਈਡ ਕਰਨ ਨੂੰ ਲੈ ਕੇ ਬੀਤੇ ਦਿਨੀ ਵਿਅਕਤੀ ਨਾਲ ਹੋਈ ਕੁੱਟਮਾਰ ਤੋਂ ਬਾਅਦ ਪੁਲੀਸ ਵਲੋਂ ਅੱਜ ਹਰਕਤ ਦਿਖਾਉਣ ’ਤੇ ਹੱਡਾਰੋੜੀ ਵਾਲਿਆਂ ਨੇ ਥਾਣਾ ਸਿਟੀ ਦੇ ਬਾਹਰ ਪਸ਼ੂਆਂ ਦੇ ਕੰਕਾਲਾਂ ਦੇ ਢੇਰ ਲਗਾ ਦਿੱਤੇ ਅਤੇ ਥਾਣਾ ਸਿਟੀ ਮੁੂਹਰੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਹੱਡਾਰੋੜੀ ਦਾ ਕੰਮ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਉਹ ਗਲੀ ’ਚ ਜਾ ਰਹੇ ਸੀ ਅਤੇ ਕੰਮ-ਕਾਜ ਦੌਰਾਨ ਟ੍ਰਾਲੀ ਸਾਈਡ ’ਤੇ ਕਰਨ ਲਈ ਦਬਾਅ ਬਣਾਇਆ ਤੇ ਨਾ ਕਰਨ ਦੀ ਸੂਰਤ ’ਚ ਜਾਤੀਸੂਚਕ ਅਪਸ਼ਬਦ ਬੋਲੇ ਗਏ ਜਿਸ ਦੇ ਵਿਰੋਧ ’ਚ ਉਨ੍ਹਾਂ ਨੇ ਅੱਜ ਥਾਣਾ ਸਿਟੀ ਮੁੂਹਰੇ ਪਸ਼ੂਆਂ ਦੇ ਪਿੰਜਰ ਸੁੱਟੇ।
ਉਧਰ ਕੁੱਟਮਾਰ ਦਾ ਸ਼ਿਕਾਰ ਹੋਏ ਪ੍ਰੇਮ ਕੁਮਾਰ ਵਾਸੀ ਗੁਰੂਹਰਸਹਾਏ ਨੇ ਦੱਸਿਆ ਕਿ ਬੀਤੇ ਸੋਮਵਾਰ ਨੂੰ ਉਹ ਕਿਸੇ ਵਿਅਕਤੀ ਨੂੰ ਮਿਲਣ ਲਈ ਜਨਤਾ ਭਵਨ ਨਜ਼ਦੀਕ ਜਾ ਰਿਹਾ ਸੀ ਕਿ ਇਸੇ ਤਰ੍ਹਾਂ ਜਦ ਉਹ ਸਾਈਡ ’ਤੇ ਮੋਟਰਸਾਈਕਲ ’ਤੇ ਖੜ੍ਹਾਂ ਹੋ ਗੱਲ ਕਰ ਰਿਹਾ ਸੀ ਤਾਂ ਟਰੈਕਟਰ-ਟ੍ਰਾਲੀ ’ਤੇ ਸਵਾਰ ਤਿੰਨ ਵਿਅਕਤੀਆਂ ਨੇ ਉਸ ਉਪਰ ਟਰੈਕਟਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਜਦ ਉਸ ਨੇ ਵਿਰੋਧ ਕੀਤਾ ਤਾਂ ਤਿੰਨਾਂ ਵਿਅਕਤੀਆਂ ਨੇ ਕੁੱਝ ਹੋਰ ਸਾਥੀਆਂ ਨੂੰ ਬੁਲਾ ਕੇ ਉਸ ਨਾਲ ਕੁੱਟਮਾਰ ਕੀਤੀ ਅਤੇ ਜ਼ਖਮੀ ਕਰਨ ਤੋਂ ਬਾਅਦ ਉਸ ਦੀ ਜੇਬ ’ਚ ਪਰਸ ਵੀ ਖੋਹ ਕੇ ਲੈ ਗਏ ਜਿਸ ’ਚ 15 ਹਜ਼ਾਰ 200 ਰੁਪਏ ਸਨ। ਉਸ ਨੇ ਦੱਸਿਆ ਕਿ ਜ਼ਖਮੀ ਹਾਲਤ ’ਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਉਧਰ ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਸਿਟੀ ਦੇ ਏਐਸਆਈ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪ੍ਰੇਮ ਕੁਮਾਰ ਵਾਸੀ ਗੁਰੂਹਰਸਹਾਏ ਵਲੋਂ ਕੁੱਟਮਾਰ ਸਬੰਧੀ ਸ਼ਿਕਾਇਤ ਦਿੱਤੀ ਗਈ ਸੀ ਇਸ ਸਬੰਧੀ ਅੱਜ ਪੁਲੀਸ ਵਲੋਂ ਸਬੰਧਤ ਲੋਕਾਂ ਨੂੰ ਬੁਲਾਇਆ ਗਿਆ ਸੀ ਪਰ ਮਾਮਲਾ ਸੁਲਝਾਉਣ ਦੀ ਬਜਾਏ ਇਨ੍ਹਾਂ ਨੇ ਥਾਣੇ ਮੁੂਹਰੇ ਹੀ ਹੱਡਾਰੋੜੀ ਸੁੱਟ ਦਿੱਤੀ। ਜੇਕਰ ਨੇੜਲੇ ਭਵਿੱਖ ’ਚ ਇਨ੍ਹਾਂ ਦਾ ਆਪਸੀ ਵਿਵਾਦ ਨਹੀਂ ਸੁਲਝਦਾ ਤਾਂ ਪੁਲੀਸ ਵਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।