ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 15 ਅਪਰੈਲ
ਅਮਨ ਨਾਲ ਸਮਾਪਤ ਹੋਏ ਵਿਸਾਖੀ ਮੇਲੇ ਤੋਂ ਬਾਅਦ ਅੱਜ ਤਖ਼ਤ ਸਾਹਿਬ ਦੀ ਪੁਰਾਣੀ ਡਿਊਢੀ ਕੋਲ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਏ ਕੁੱਝ ਲੋਕਾਂ ਨੇ ਦੁਕਾਨਦਾਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦਾ ਹੱਥ ਵੱਢ ਦਿੱਤਾ। ਗੰਭੀਰ ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਬਠਿੰਡਾ ਦੇ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਅਤਿੰਦਰਪਾਲ ਸਿੰਘ (35) ਪੁੱਤਰ ਇੰਦਰਜੀਤ ਸਿੰਘ ਵਾਸੀ ਧਨੌਲਾ ਨੇ ਆਪਣੇ ਸਾਥੀਆਂ ਨਾਲ ਤਖ਼ਤ ਸਾਹਿਬ ਦੀ ਪੁਰਾਣੀ ਡਿਊਢੀ ਦੇ ਬਾਹਰ ਆਪਣੀ ਦੁਕਾਨ ਲਗਾਈ ਹੋਈ ਹੈ। ਅੱਜ ਇੱਕ ਨੌਜਵਾਨ, ਜਿਸ ਨੇ ਨਿਹੰਗ ਸਿੰਘਾਂ ਵਾਲਾ ਬਾਣਾ ਪਾਇਆ ਹੋਇਆ ਸੀ, ਉਨ੍ਹਾਂ ਦੀ ਦੁਕਾਨ ’ਤੇ ਆਇਆ ਤੇ ਕਥਿਤ ਤੌਰ ’ਤੇ ਸਾਮਾਨ ਚੋਰੀ ਕਰਕੇ ਭੱਜ ਨਿਕਲਿਆ। ਇਸ ਬਾਰੇ ਪਤਾ ਲੱਗਣ ’ਤੇ ਦੁਕਾਨਦਾਰਾਂ ਨੇ ਪਿੱਛਾ ਕਰਕੇ ਉਸ ਨੂੰ ਫੜ ਲਿਆ। ਉਨ੍ਹਾਂ ਨੇ ਉਸ ਤੋਂ ਸਾਮਾਨ ਵਾਪਸ ਲੈ ਲਿਆ ਤੇ ਕੁੱਟਮਾਰ ਕਰ ਕੇ ਛੱਡ ਦਿੱਤਾ। ਕੁਝ ਸਮੇਂ ਬਾਅਦ ਉਹ ਨੌਜਵਾਨ ਆਪਣੇ ਹੋਰ ਸਾਥੀਆਂ ਨਾਲ ਆਇਆ। ਇਹ ਨੌਜਵਾਨ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਸਨ ਤੇ ਕਿਰਪਾਨਾਂ ਵਰਗੇ ਤੇਜ਼ ਹਥਿਆਰਾਂ ਨਾਲ ਲੈੱਸ ਸਨ।
ਇਹ ਨੌਜਵਾਨ ਮੁੜ ਉਸੇ ਦੁਕਾਨ ’ਤੇ ਆ ਧਮਕੇ ਤੇ ਦੁਕਾਨਦਾਰ ’ਤੇ ਹਮਲਾ ਕਰਕੇ ਉਸ ਦੇ ਸੱਜੇ ਹੱਥ ਦੀ ਹੱਡੀ ਵੱਢ ਦਿੱਤੀ। ਹਮਲਾ ਕਰਨ ਬਾਅਦ ਹਮਲਾਵਰ ਫ਼ਰਾਰ ਹੋ ਗਏ ਅਤੇ ਜ਼ਖ਼ਮੀ ਵਿਅਕਤੀ ਨੂੰ ਉਸ ਦੇ ਸਾਥੀਆਂ ਅਤੇ ਬਾਕੀ ਦੁਕਾਨਦਾਰਾਂ ਨੇ ਪਹਿਲਾਂ ਸਥਾਨਕ ਸਿਵਲ ਹਸਪਤਾਲ ਲਿਆਂਦਾ ਪਰ ਗੰਭੀਰ ਜ਼ਖ਼ਮੀ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਮੁੱਢਲੀ ਸਹਾਇਤਾ ਦੇ ਕੇ ਇਲਾਜ ਲਈ ਬਠਿੰਡਾ ਦੇ ਵੱਡੇ ਹਸਪਤਾਲ ਰੈਫਰ ਕਰ ਦਿੱਤਾ।