ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 23 ਸਤੰਬਰ
ਇਥੇ ਸਤੀਏ ਵਾਲਾ ਬਾਈਪਾਸ ਨੇੜੇ ਮੋਟਰਸਾਈਕਲ ਸਵਾਰ ਫੌਜ ਦੇ ਇੱਕ ਜਵਾਨ ਨੂੰ ਲੁੱਟਣ ਵਾਸਤੇ ਆਏ ਦੋ ਲੁਟੇਰਿਆਂ ਨੂੰ ਆਪਣੀ ਪਿਸਤੌਲ ਸੁੱਟ ਕੇ ਭੱਜਣਾ ਪਿਆ। ਫੌਜ ਦਾ ਇਹ ਜਵਾਨ ਮਨਜਿੰਦਰ ਸਿੰਘ ਵਾਸੀ ਪਿੰਡ ਮਾਣਾ ਸਿੰਘ ਵਾਲਾ ਛੁੱਟੀ ’ਤੇ ਆਇਆ ਹੋਇਆ ਹੈ। ਲੰਘੇ ਕੱਲ੍ਹ ਰਾਤ ਸਾਢੇ ਨੌਂ ਵਜੇ ਦੇ ਕਰੀਬ ਉਹ ਆਪਣੇ ਮੋਟਰਸਾਈਕਲ ’ਤੇ ਪਿੰਡ ਮੇਲਾ ਵੇਖ ਕੇ ਘਰ ਪਰਤ ਰਿਹਾ ਸੀ। ਜਦੋਂ ਉਹ ਸਤੀਏ ਵਾਲਾ ਬਾਈਪਾਸ ’ਤੇ ਬਣ ਰਹੇ ਨਵੇਂ ਮੈਰੇਜ ਪੈਲੇਸ ਦੇ ਨਜ਼ਦੀਕ ਪੁੱਜਾ ਤਾਂ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ। ਲੁਟੇਰੇ ਉਸ ਨਾਲ ਹੱਥੋਪਾਈ ਹੋ ਗਏ। ਮਨਜਿੰਦਰ ਨੇ ਵੀ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ। ਇਸ ਦੌਰਾਨ ਲੁਟੇਰਿਆਂ ਦਾ ਪਿਸਤੌਲ ਤੇ ਤਿੰਨ ਕਾਰਤੂਸ ਉਥੇ ਡਿੱਗ ਪਏ ਤੇ ਉਹ ਆਪਣਾ ਮੋਟਰਸਾਈਕਲ ਭਜਾ ਕੇ ਫ਼ਰਾਰ ਹੋ ਗਏ।