ਜੋਗਿੰਦਰ ਸਿੰਘ ਮਾਨ
ਮਾਨਸਾ, 23 ਜੁਲਾਈ
ਪਹਾੜੀ ਖੇਤਰਾਂ ਅਤੇ ਪੰਜਾਬ ਵਿੱਚ ਹੋ ਰਹੀ ਭਾਰੀ ਬਾਰਿਸ਼ ਕਾਰਨ ਮਾਨਸਾ ਜ਼ਿਲ੍ਹੇ ਵਿੱਚ ਘੱਗਰ ਦਰਿਆ ਸਮੇਤ ਸਾਰੀਆਂ ਡਰੇਨਾਂ ਤੇ ਬਰਸਾਤੀ ਨਾਲਿਆਂ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਿੰਡਾਂ ਦੇ ਲੋਕ ਚਿੰਤਾ ਵਿੱਚ ਡੁੱਬ ਗਏ ਹਨ। ਪ੍ਰਸ਼ਾਸਨ ਵੱਲੋਂ ਪਾਣੀ ਦੇ ਵਧਦੇ ਪੱਧਰ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਘੱਗਰ ਕਾਰਨ ਜ਼ਿਲ੍ਹਾ ਮਾਨਸਾ ਵਿੱਚ ਅਕਸਰ ਹੜ੍ਹਾਂ ਦੀ ਮਾਰ ਹੇਠ 39 ਪਿੰਡ ਆਉਂਦੇ ਹਨ।
ਅੱਜ ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਦੇ ਨਿਰਦੇਸ਼ਾਂ ਤੋਂ ਬਾਅਦ ਉਪ ਮੰਡਲ ਮੈਜਿਸਟਰੇਟ ਬੁਢਲਾਡਾ ਹਰਪ੍ਰੀਤ ਸਿੰਘ ਨੇ ਚਾਂਦਪੁਰਾ ਬੰਨ੍ਹ ਅਤੇ ਸਰਦੂਲਗੜ੍ਹ ਦੇ ਐਸਡੀਐਮ ਮਨੀਸ਼ਾ ਰਾਣਾ ਨੇ ਘੱਗਰ ਦਰਿਆ ਨੇੜਲੀਆਂ ਥਾਵਾਂ ਦਾ ਦੌਰਾ ਕਰਕੇ ਪਾਣੀ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਦੌਰਾਨ ਉੱਥੇ ਮੌਜੂਦ ਕੁਝ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਫਿਲਹਾਲ ਚਾਂਦਪੁਰਾ ਵਿੱਚ ਘੱਗਰ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਕਰੀਬ 8 ਫੁੱਟ ਹੇਠਾਂ ਚੱਲ ਰਿਹਾ ਹੈ, ਪਰ ਫਿਰ ਵੀ ਜੇਕਰ ਆਉਣ ਵਾਲੇ ਦਿਨਾਂ ਵਿੱਚ ਜ਼ਿਆਦਾ ਬਰਸਾਤਾਂ ਪੈਂਦੀਆਂ ਹਨ ਤਾਂ ਵੀ ਜ਼ਿਲ੍ਹਾ ਪ੍ਰਸ਼ਾਸਨ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਇਸੇ ਦੌਰਾਨ ਐਸ.ਡੀ.ਐਮ ਹਰਪ੍ਰੀਤ ਸਿੰਘ ਨੇ ਚਾਂਦਪੁਰਾ ਹੈਡ ਵਰਕਸ ਵਿੱਚ ਘੱਗਰ ਵਿੱਚ ਪਾਣੀ ਦੀ ਸਥਿਤੀ ਦਾ ਜਾਇਜ਼ਾ ਲਿਆ, ਜਿਸ ਦੌਰਾਨ ਕੁਝ ਥਾਵਾਂ ’ਤੇ ਜਲਬੂਟੀ ਫਸੀ ਹੋਣ ਦਾ ਤੁਰੰਤ ਨੋਟਿਸ ਲੈਂਦਿਆਂ ਐਸਡੀਓ ਡਰੇਨੇਜ਼ ਨੂੰ ਤੁਰੰਤ ਢੁੱਕਵੀਂ ਕਾਰਵਾਈ ਕਰਦਿਆਂ ਜਲਬੂਟੀ ਨੂੰ ਬਾਹਰ ਕਢਵਾਇਆ ਗਿਆ। ਉਨ੍ਹਾਂ ਵੱਲੋਂ ਚਾਂਦਪੁਰਾ ਬੰਨ੍ਹ ਢੁੱਕਵੀਆਂ ਥਾਵਾਂ ’ਤੇ ਤੁਰੰਤ ਮਿੱਟੀ ਪਾਉਣ ਦੀ ਹਦਾਇਤ ਕੀਤੀ ਗਈ।
ਉਨ੍ਹਾਂ ਸਬੰਧਤ ਐਸ.ਐਚ.ਓ ਨੂੰ ਹਦਾਇਤ ਕੀਤੀ ਕਿ ਚਾਂਦਪੁਰਾ ਸਮੇਤ ਹੋਰ ਨੇੜਲੇ ਪਿੰਡਾਂ ਵਿੱਚ ਗ੍ਰਾਮ ਪੰਚਾਇਤਾਂ, ਯੂਥ ਕਲੱਬਾਂ ਤੇ ਸਮਾਜ ਸੇਵੀ ਸੰਗਠਨਾਂ ਨਾਲ ਅਗੇਤਾ ਤਾਲਮੇਲ ਰੱਖਿਆ ਜਾਵੇ। ਉਨ੍ਹਾਂ ਵੱਲੋਂ ਪ੍ਰਾਇਮਰੀ ਹੈਲਥ ਸੈਂਟਰ ਕੁਲਰੀਆਂ ਦਾ ਵੀ ਦੌਰਾ ਕੀਤਾ ਅਤੇ ਉੱਥੇ ਉਪਲੱਬਧ ਦਵਾਈਆਂ ਦੇ ਸਟਾਕ ਰਜਿਸਟਰ ਦੀ ਪੜਤਾਲ ਕੀਤੀ ਅਤੇ ਸਿਹਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਲੋੜੀਂਦੀ ਮਾਤਰਾ ਵਿੱਚ ਦਵਾਈਆਂ ਦੀ ਉਪਲਬੱਧਤਾ ਨੂੰ ਯਕੀਨੀ ਬਣਾਇਆ ਜਾਵੇ।