ਸੁੰਦਰ ਨਾਥ ਆਰੀਆ
ਅਬੋਹਰ, 22 ਅਕਤੂਬਰ
ਕਰੋਨਾ ਕਾਲ ਦੌਰਾਨ ਸਰਕਾਰ ਵੱਲੋਂ ਲੋੜਵੰਦਾ ਵਿੱਚ ਵੰਡਿਆ ਜਾਣ ਵਾਲਾ ਰਾਸ਼ਨ ਬੀਡੀਪੀਈਓ ਦਫ਼ਤਰ ਵਿੱਚ ਪਿਆ-ਪਿਆ ਸੜ ਗਿਆ, ਜਿਸਨੂੰ ਹੁਣ ਕੀੜੇ ਖਾ ਰਹੇ ਹਨ।
ਜ਼ਿਕਰਯੋਗ ਹੈ ਕਿ ਕਰੋਨਾ ਦੀ ਚੇਨ ਤੋੜਨ ਲਈ ਜਦ ਸਰਕਾਰ ਵੱਲੋਂ ਪੰਜਾਬ ਵਿੱਚ ਕਫਰਿਊ ਲਗਾਇਆ ਗਿਆ ਸੀ, ਉਦੋਂ ਗਰੀਬ ਲੋਕਾਂ ਲਈ ਕੋਈ ਰੁਜ਼ਗਾਰ ਨਹੀਂ ਸੀ ਰਿਹਾ ਅਤੇ ਉਹ ਘਰਾਂ ਵਿੱਚ ਹੀ ਕੈਦ ਹੋ ਕੇ ਰਹਿ ਗਏ ਸੀ। ਸਰਕਾਰ ਨੇ ਜ਼ਰੂਰਤਮੰਦਾਂ ਤੱਕ ਰਾਸ਼ਨ ਪਹੁੰਚਾਉਣ ਲਈ ਰਾਸ਼ਨ ਭੇਜਿਆ ਸੀ। ਇਨ੍ਹਾਂ ਰਾਸ਼ਨ ਕਿੱਟਾਂ ਵਿੱਚ 10 ਕਿੱਲੋ ਆਟਾ, 2 ਕਿੱਲੋ ਖੰਡ ਅਤੇ 2 ਕਿੱਲੋ ਛੋਨੇ ਦੀ ਦਾਲ ਸੀ। ਬਲਾਕ ਵਿਕਾਸ ਪੰਚਾਇਤ ਦਫਤਰ ਦੀ ਇੱਕ ਇਮਾਰਤ ਵਿਚ ਬਾਲ ਵਿਕਾਸ ਪ੍ਰਾਜੈਕਟ ਅਫਸਰ ਦਾ ਦਫਤਰ ਚੱਲ ਰਿਹਾ ਹੈ। ਇਸ ਵਿੱਚ ਪਈਆਂ ਹਜ਼ਾਰਾਂ ਕਿੱਟਾਂ ਅਧਿਕਾਰੀਆਂ ਦੀ ਲਾਪ੍ਰਵਾਹੀ ਕਾਰਨ ਸੜ ਗਈਆਂ ਹਨ।
ਇਸ ਬਾਰੇ ਜਦੋਂ ਬੀਡੀਪੀਓ ਨਿਰਮਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ। ਇਸ ਸਬੰਧ ਵਿੱਚ ਜਦੋਂ ਐੱਸਡੀਐੱਮ ਜਸਪਾਲ ਸਿੰਘ ਬਰਾੜ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਕਿੱਟਾਂ ਫੂਡ ਸਪਲਾਈ ਵਿਭਾਗ ਵੱਲੋਂ ਬੀਡੀਪੀਓ ਨੂੰ ਵੰਡਣ ਲਈ ਦਿੱਤੀਆਂ ਗਈਆਂ ਸਨ, , ਪਰ ਇਹ ਕਿੱਟਾਂ ਪਈਆਂ ਹੋਣ ਦਾ ਮਾਮਲਾ ਹੁਣ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ, ਜਿਸਦੀ ਰਿਪੋਰਟ ਬਣਾਕੇ ਡੀਸੀ ਨੂੰ ਭੇਜ ਦਿੱਤੀ ਗਈ ਹੈ। ਡੀਸੀ ਨੇ ਮਾਮਲੇ ਦੀ ਜਾਂਚ ਏਡੀਸੀ ਨੂੰ ਸੌਂਪ ਦਿੱਤੀ ਹੈ।