ਪੱਤਰ ਪ੍ਰੇਰਕ
ਤਪਾ ਮੰਡੀ, 30 ਅਪਰੈਲ
ਕਰੋਨਾ ਮਹਾਮਾਰੀ ਖ਼ਿਲਾਫ਼ ਲੜਾਈ ਵਿਚ ਵੈਕਸੀਨ ਅਤਿ ਸਹਾਈ ਹੈ ਅਤੇ ਹਰ ਇਕ ਯੋਗ ਵਿਅਕਤੀ ਨੂੰ ਵੈਕਸੀਨ ਲਗਵਾਉਣੀ ਚਾਹੀਦੀ ਹੈ। ਇਹ ਗੱਲ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਤਪਾ ਵਿੱਚ ਨਵੇਂ ਚੁਣੇ ਨਗਰ ਕੌਂਸਲ ਪ੍ਰਧਾਨ ਅਨਿਲ ਕੁਮਾਰ ਭੂਤ ਦੇ ਅਹੁਦਾ ਸੰਭਾਲਣ ਦੀ ਰਸਮ ਮੌਕੇ ਪੁੱਜਣ ਮੌਕੇ ਆਖੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਹਰ ਯਤਨ ਕੀਤੇ ਜਾ ਰਹੇ ਹਨ ਅਤੇ ਹਰ ਯੋਗ ਵਿਅਕਤੀ ਆਪਣੀ ਵਾਰੀ ਆਉਣ ’ਤੇ ਵੈਕਸੀਨ ਜ਼ਰੂਰ ਲਗਵਾਏ। ਉਨ੍ਹਾਂ ਕਿਹਾ ਕਿ ਵੈਕਸੀਨ ਲਗਵਾ ਚੁੱਕੇ ਵਿਅਕਤੀ ਮਾਸਕ ਪਾਉਣਾ, ਵਾਰੀ ਵਾਰੀ ਹੱਥ ਧੋਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਨਾ ਭੁੱਲਣ ਤਾਂ ਜੋ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਨਿਜਾਤ ਪਾਈ ਜਾ ਸਕੇ। ਇਸ ਮੌਕੇ ਸ੍ਰੀ ਅਨਿਲ ਕੁਮਾਰ ਭੂਤ ਨੂੰ ਪ੍ਰਧਾਨ ਅਤੇ ਡਾ. ਸੋਨਿਕਾ ਬਾਂਸਲ ਨੂੰ ਮੀਤ ਪ੍ਰਧਾਨ ਵਜੋਂ ਅਹੁਦਾ ਸਾਂਭਣ ਉਪਰੰਤ ਉਨ੍ਹਾਂ ਕਿਹਾ ਕਿ ਨਵੀਂ ਟੀਮ ਵੱਲੋਂ ਤਪਾ ਇਲਾਕੇ ਦਾ ਵਿਕਾਸ ਬੇਹੱਦ ਸੁਚੱਜੇ ਤਰੀਕੇ ਨਾਲ ਕਰਵਾਇਆ ਜਾਵੇਗਾ, ਕਿਉਕਿ ਸ਼ਹਿਰ ਦਾ ਵਿਕਾਸ ਹੀ ਮੁੱਖ ਤਰਜੀਹ ਹੈ। ਇਸ ਮੌਕੇ ਕੌਂਸਲਰ ਤੇ ਕੌਂਸਲ ਦੇ ਅਧਿਕਾਰੀ ਤੇ ਮੁਲਾਜ਼ਮ ਵੀ ਹਾਜ਼ਰ ਸਨ।
ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਨੇ ਅਹੁਦਾ ਸੰਭਾਲਿਆ
ਬੁਢਲਾਡਾ: ਸੁਖਪਾਲ ਸਿੰਘ ਨੇ ਅੱਜ ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਹ ਜਾਣਕਾਰੀ ਕਾਰਜਸਾਧਕ ਅਫਸਰ ਵਿਜੇ ਕੁਮਾਰ ਜਿੰਦਲ ਨੇ ਦਿੱਤੀ। ਜ਼ਿਕਰਯੋਗ ਹੈ ਕਿ ਸੀਨੀਅਰ ਮੀਤ ਪ੍ਰਧਾਨ ਹਰਵਿੰਦਰਦੀਪ ਸਿੰਘ ਸਵੀਟੀ ਅਤੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਆਪਣੇ ਅਹੁਦੇ ਸੰਭਾਲੇ ਸਨ, ਉਸ ਦਿਨ ਪ੍ਰਧਾਨ ਦੇ ਅਹੁਦੇ ਸਬੰਧੀ ਨੋਟੀਫਿਕੇਸ਼ਨ ਜਾਰੀ ਨਾ ਹੋਣ ਕਾਰਨ ਸੁਖਪਾਲ ਸਿੰਘ ਆਪਣਾ ਅਹੁਦਾ ਨਹੀਂ ਸੰਭਾਲ ਸਕੇ ਸਨ। ਅਹੁਦਾ ਸੰਭਾਲਣ ਉਪਰੰਤ ਪ੍ਰਧਾਨ ਨੇ ਕਿਹਾ ਕਿ ਸ਼ਹਿਰ ਨੂੰ ਨਮੂਨੇ ਦਾ ਸ਼ਹਿਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਕੌਂਸਲਰ ਰਜਿੰਦਰ ਸੈਣੀ, ਪ੍ਰੇਮ ਗਰਗ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ