ਪੱਤਰ ਪ੍ਰੇਰਕ
ਜੈਤੋ, 11 ਜੁਲਾਈ
ਬੀਤੀ ਰਾਤ ਕੋਠੇ ਕਿਹਰ ਸਿੰਘ ਵਾਲਾ ਰੋਡ ’ਤੇ ਸਥਿਤ ਸਥਾਨਕ ਜੀਵਨ ਨਗਰ ’ਚ ਜੈ ਦੁਰਗਾ ਪਲਾਸਟਿਕ ਫ਼ੈਕਟਰੀ ਵਿਚ ਅਚਾਨਕ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਵਿੱਤੀ ਨੁਕਸਾਨ ਹੋ ਗਿਆ।
ਵੇਰਵੇ ਅਨੁਸਾਰ ਨੇੜੇ ਵਸਦੇ ਘਰਾਂ ’ਚੋਂ ਲੋਕਾਂ ਨੇ ਅੱਗ ਬੁਝਾਉਣ ਦੀ ਕਾਫੀ ਕੋਸ਼ਿਸ਼ ਕੀਤੀ। ਇਸ ਦੌਰਾਨ ਸੂਚਨਾ ਮਿਲਣ ’ਤੇ ਥਾਣਾ ਜੈਤੋ ਤੋਂ ਏਐੱਸਆਈ ਸ਼ਮਸ਼ੇਰ ਸਿੰਘ, ਦਲਜੀਤ ਸਿੰਘ, ਗੁਰਮੀਤ ਸਿੰਘ ਆਦਿ ਨੇ ਵੀ ਮੌਕੇ ’ਤੇ ਪੁੱਜ ਕੇ ਅੱਗ ’ਤੇ ਕਾਬੂ ਪਾਉਣ ਲਈ ਯਤਨ ਕੀਤੇ। ਇੰਨੇ ਵਿੱਚ ਕੋਟਕਪੂਰਾ ਤੋਂ ਫ਼ਾਇਰ ਬ੍ਰਿਗੇਡ ਦਾ ਟੈਂਡਰ ਵੀ ਪਹੁੰਚ ਗਿਆ ਅਤੇ ਲਗਪਗ ਦੋ ਘੰਟਿਆਂ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਆ ਜਾ ਸਕਿਆ। ਅੱਗ ਲੱਗਣ ਵਾਲੀ ਫ਼ੈਕਟਰੀ ਵਿਚ ਕਬਾੜ ਹੋਏ ਪਲਾਸਟਿਕ ਨੂੰ ਪ੍ਰੈਸ ਕੀਤਾ ਜਾਂਦਾ ਹੈ।