ਮਹਿੰਦਰ ਸਿੰਘ ਰੱਤੀਆਂ
ਮੋਗਾ, 5 ਮਾਰਚ
ਡਾ. ਮਥੁਰਾ ਦਾਸ ਵੱਲੋਂ ਸਾਲ 1905 ਵਿੱਚ ਵਸਾਇਆ ਬਾਰਟਨਗੰਜ ਇਲਾਕਾ ਮਾਲ ਵਿਭਾਗ ਦੀ ਕਥਿਤ ਗਲਤੀ ਕਾਰਨ ਨਗਰ ਨਿਗਮ ਦੇ ਨਾਮ ਤਬਦੀਲ ਹੋ ਗਿਆ। ਇਸ ਗੱਲ ਦਾ ਪਤਾ ਲੱਗਣ ’ਤੇ ਬਾਰਟਨਗੰਜ ਖੇਤਰ ਦੀਆਂ ਰਜਿਸਟਰੀਆ ’ਤੇ ਰੋਕ ਲੱਗ ਗਈ ਜਿਸ ਕਾਰਨ ਇਲਾਕਾ ਵਾਸੀਆਂ ਨੂੰ ਭਾਰੀ ਦਿੱਕਤਾਂ ਪੇਸ਼ ਆ ਰਹੀਆਂ ਹਨ। ਇਸ ਖੇਤਰ ਵਿੱਚ ਸ਼ਾਮਲ ਪੁਰਾਣੀ ਅਨਾਜ ਮੰਡੀ, ਰੇਲਵੇ ਰੋਡ, ਨਿਊ ਟਾਊਨ ਸ਼ਾਮਲ ਹਨ ਜਿੱਥੇ ਲੋਕਾਂ ਦੀਆਂ ਦੁਕਾਨਾਂ ਹਨ ਅਤੇ ਸੰਘਣੀ ਆਬਾਦੀ ਵਿੱਚ ਲੋਕਾਂ ਦੇ ਮਕਾਨ ਹਨ ਜੋ ਕਿ ਲਗਪਗ 100 ਸਾਲ ਤੋਂ ਵੀ ਪੁਰਾਣੇ ਬਣੇ ਹੋਏ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਲੋਕਾਂ ਕੋਲ ਮਾਲਕੀ ਸਬੂਤ ਰਜਿਸਟਰੀਆਂ, ਜਮ੍ਹਾਂਬੰਦੀਆਂ, ਇੰਤਕਾਲ ਮੌਜੂਦ ਹਨ ਪਰ ਮਾਲ ਵਿਭਾਗ ਦੀ ਗਲਤੀ ਕਾਰਨ ਆਮ ਲੋਕਾਂ ਦੀ ਮਾਲਕੀ ਵਾਲੀ ਜਾਇਦਾਦ ਨਗਰ ਨਿਗਮ ਦੇ ਨਾਮ ਮਾਲ ਰਿਕਾਰਡ ਵਿੱਚ ਤਬਦੀਲ ਹੋਈ ਹੈ। ਅਜਿਹਾ ਮਾਲ ਮਹਿਕਮੇ ਦੇ ਅਧਿਕਾਰੀਆਂ ਵੱਲੋਂ ਉੱਚ ਅਫਸਰਾਂ ਨੂੰ ਲਿਖਿਆ ਗਿਆ ਹੈ ਕਿ ਇਹ ਗਲਤੀ ਜਮ੍ਹਾਂਬੰਦੀ ਤਿਆਰ ਕਰਨ ਵੇਲੇ ਹੋਈ ਹੈ। ਮਾਲ ਵਿਭਾਗ ਵੱਲੋਂ ਰਜਿਸਟਰੀਆਂ ’ਤੇ ਰੋਕ ਲਾਏ ਜਾਣ ਨਾਲ ਲੋਕ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਪ੍ਰਸ਼ਾਸਨ ਤੋਂ ਇਲਾਵਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਸ਼ਹਿਰ ਵਾਸੀਆਂ ਦੀ ਇਹ ਸਮੱਸਿਆ ਲਿਆਂਦੀ ਹੈ ਅਤੇ ਲੋਕਾਂ ਨੂੰ ਉਨ੍ਹਾਂ ਦੀ ਆਪਣੀ ਜ਼ਮੀਨ ਦੇ ਮਾਲਕੀ ਹੱਕ ਦੇਣ ਲਈ ਸੋਧ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਮਸਲੇ ਦਾ ਛੇਤੀ ਹੱਲ ਨਾ ਹੋਇਆ ਤਾਂ ਸੰਘਰਸ ਵਿੱਢਿਆ ਜਾਵੇਗਾ।
ਉੱਧਰ, ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਤਹਿਸੀਲਦਾਰ-ਕਮ-ਸਬ ਰਜਿਸਟਰਾਰ ਨੂੰ ਪੱਤਰ ਜਾਰੀ ਕਰ ਕੇ ਹੁਕਮ ਦਿੱਤਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਬਾਰਟਨ ਗੰਜ ਖੇਤਰ ਵਿੱਚ ਜਿਨ੍ਹਾਂ ਲੋਕਾਂ ਕੋਲ ਪੁਰਾਣੀਆਂ ਰਜਿਸਟਰੀਆਂ ਹਨ ਉਨ੍ਹਾਂ ਦੀਆਂ ਖੂਨੀ ਰਿਸ਼ਤੇ ਵਿੱਚ ਰਜਿਸਟਰੀ ਤੋਂ ਰਜਿਸਟਰੀ ਨਹੀਂ ਕੀਤੀ ਜਾ ਰਹੀ। ਉਨ੍ਹਾਂ ਨੇ ਜਿਨ੍ਹਾਂ ਲੋਕਾਂ ਕੋਲ ਮਾਲਕੀ ਦੇ ਸਬੂਤ ਵਜੋਂ ਪੁਰਾਣੀਆਂ ਰਜਿਸਟਰੀਆਂ ਹਨ ਉਨ੍ਹਾਂ ਦੇ ਆਧਾਰ ਉੱਤੇ ਖੂਨੀ ਰਿਸ਼ਤੇ ਵਿੱਚ ਰਜਿਸਟਰੀ ਤੋਂ ਰਜਿਸਟਰੀ ਕਰਨ ਦਾ ਹੁਕਮ ਦੇ ਦਿੱਤਾ ਹੈ।